ਚੰਡੀਗੜ੍ਹ, 23 ਫਰਵਰੀ:
ਰਣਜੀਤ ਸਾਗਰ ਡੈਮ ਦੀ ਪੁਨਰਵਾਸ ਅਤੇ ਪੁਨਰਵਿਵਸਥਾ (ਆਰ ਐਂਡ ਆਰ) ਪਾਲਿਸੀ, 1993 ਤਹਿਤ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਯੋਗ ਡੈਮ ਉਜਾੜਾ ਪਰਿਵਾਰਾਂ ਦੇ ਇਕ ਇਕ ਮੈਂਬਰ ਨੂੰ ਪੰਜਾਬ ਸਰਕਾਰ ਵੱਲੋਂ ਨੌਕਰੀ ਦਿੱਤੀ ਜਾਵੇਗੀ। ਜਮ੍ਹਾਂਬੰਦੀ ਅਨੁਸਾਰ ਯੋਗਤਾ ਜਾਂਚਣ ਦੀ ਕਟ ਆਫ ਡੇਟ 01.05.1986 ਤੱਕ ਹੈ। ਸਾਰੇ ਯੋਗ ਪਰਿਵਾਰ ਉਕਤ ਨੀਤੀ ਅਨੁਸਾਰ ਇਸ ਲਈ ਯੋਗ ਹੋਣਗੇ। ਇਨ੍ਹਾਂ ਨੂੰ ਜਾਂ ਰੁਜ਼ਗਾਰ ਮੁਹੱਈਆ ਕਰਾਇਆ ਜਾਏਗਾ ਜਾਂ ਇਨ੍ਹਾਂ ਨੂੰ ਹੁਣ ਨਿਯੁਕਤੀ ਪੱਤਰ ਸੌਂਪੇ ਜਾਣਗੇ।
ਇਥੇ ਜ਼ਿਕਰਯੋਗ ਹੈ ਕਿ ਕਈ ਵਿਅਕਤੀਆਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵਿੱਚ ਨੌਕਰੀ ਦੇਣ ਲਈ ਸਿਵਲ ਰਿਟ ਪਟੀਸ਼ਨਾਂ ਦਾਇਰ ਕੀਤੀਆਂ ਹੋਈਆਂ ਹਨ ਪਰ ਸਬੰਧਤ ਲੈਂਡ ਇਕੁਜੀਸ਼ਨ ਅਫ਼ਸਰ ਵੱਲੋਂ ਮੁਹੱਈਆ ਕਰਾਈ ਗਈ ਜਾਣਕਾਰੀ ਅਨੁਸਾਰ ਇਨ੍ਹਾਂ ਦੇ ਨਾਂ ਯੋਗ ਡੈਮ ਉਜਾੜਾ ਪਰਿਵਾਰਾਂ ਦੀ ਸੂਚੀ ਵਿੱਚ ਦਰਜ ਨਹੀਂ ਕੀਤੇ ਹੋਏ, ਇਸ ਲਈ ਇਨ੍ਹਾਂ ਦੀ ਜਾਂਚ ਕਰਨੀ ਅਤੇ ਇਨ੍ਹਾਂ ਨੂੰ ਕਲੇਮ ਦੇਣਾ ਔਖਾ ਹੈ।
ਇਸ ਜਨਤਕ ਸੂਚਨਾ ਰਾਹੀਂ ਪੰਜਾਬ ਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵਿੱਚ ਸਿਵਲ ਰਿੱਟ ਪਟੀਸ਼ਨਾਂ ਦਾਇਰ ਕਰਨ ਵਾਲਿਆਂ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਨੌਕਰੀ ਪ੍ਰਾਪਤ ਕਰਨ ਦੇ ਆਪਣੇ ਦਾਅਵੇ ਨੂੰ ਮਜ਼ਬੂਤ ਕਰਨ ਲਈ ਡਾਇਰੈਕਟਰ ਪਲਾਂਟ ਡਿਜ਼ਾਇਨ ਆਰ.ਐਸ.ਡੀ. ਸ਼ਾਹਪੁਰ ਕੰਡੀ ਟਾਊਨਸ਼ਿਪ ਨੂੰ ਆਪਣੇ ਸਬੰਧਤ ਦਸਤਾਵੇਜ਼ਾਂ ਜਾਂ 1.5.86 ਦੀ ਜਮ੍ਹਾਂਬੰਦੀ ਦੀ ਕਾਪੀ, ਡੈਮ ਉਜਾੜਾ ਪਰਿਵਾਰ ਦਾ ਸਰਟੀਫਿਕੇਟ, ਲੈਂਡ/ਹਾਊਸ ਦੀ ਵਿਸਥਾਰਤ ਜਾਣਕਾਰੀ ਆਦਿ ਲੈ ਕੇ ਮਿਲਣ।
ਹੋਰ ਕੋਈ ਵੀ ਵਿਅਕਤੀ ਜਿਸ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਰਿੱਟ ਪਟੀਸ਼ਨ ਦਾਇਰ ਨਹੀਂ ਕੀਤੀ ਹੋਈ ਪਰ ਉਹ ਆਰ.ਐਂਡ ਆਰ ਪਾਲਿਸੀ 1993 ਤਹਿਤ ਨੌਕਰੀ ਲੈਣ ਦਾ ਦਾਅਵਾ ਰੱਖਦਾ ਹੈ, ਉਹ ਵੀ ਆਪਣੇ ਲਿਖਤੀ ਰੂਪ ਵਿੱਚ ਦਾਅਵੇ ਦੇ ਨਾਲ ਸਬੰਧਤ ਦਸਤਾਵੇਜ਼ ਲੈ ਕੇ ਆਰ. ਐਂਡ ਆਰ. ਪਾਲਿਸੀ 1993 ਤਹਿਤ ਡਾਇਰੈਕਟਰ ਪਲਾਂਟ ਡਿਜ਼ਾਇਨ ਨੂੰ ਮਿਲਣ।
ਇਸ ਨੋਟਿਸ ਦੇ ਛਪਣ ਦੇ 30 ਦਿਨਾਂ ਦੇ ਵਿਚਕਾਰ ਸਬੰਧਤ ਵਿਅਕਤੀ ਸਬੰਧਤ ਦਫ਼ਤਰ ਵਿੱਚ ਕੰਮ ਵਾਲੇ ਦਿਨਾਂ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਆਪਣਾ ਦਾਅਵਾ ਪੇਸ਼ ਕਰ ਸਕਦਾ ਹੈ। ਇਸ ਤੋਂ ਬਾਅਦ ਪੇਸ਼ ਕੀਤੇ ਜਾਣ ਵਾਲੇ ਦਾਅਵਿਆਂ ਨੂੰ ਆਰ.ਐਂਡ ਆਰ. ਪਾਲਿਸੀ ਤਹਿਤ ਰੱਦ ਕਰ ਦਿੱਤਾ ਜਾਵੇਗਾ।
ਇਸ ਨੋਟਿਸ ਸਬੰਧੀ ਆਰ.ਐਂਡ ਆਰ. ਪਾਲਿਸੀ 1993 ਤੋਂ ਬਾਹਰ ਜਾ ਕੇ ਕਿਸੇ ਵੀ ਵਿਅਕਤੀ ਨੂੰ ਰਿਆਇਤ ਨਹੀਂ ਦਿੱਤੀ ਜਾਵੇਗੀ।
ਐਗਜ਼ੀਕਿਊਟਿਵ ਇੰਜਨੀਅਰ,
ਪਰਸੋਨਲ ਡਵੀਜ਼ਨ,
ਆਰ.ਐਸ.ਡੀ.ਸ਼ਾਹਪੁਰਕੰਡੀ ਟਾਊਨਸ਼ਿਪ
01870-263264