ਚੰਡੀਗੜ•, 14 ਮਾਰਚ
Êਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਉੱਘੇ ਕਮਿਊਨਿਸਟ ਆਗੂ ਤੇ ‘ਨਵਾਂ ਜ਼ਮਾਨਾ’ ਦੇ ਸੰਪਾਦਕ ਸ੍ਰੀ ਜਗਜੀਤ ਸਿੰਘ ਆਨੰਦ ਦੀ ਪਤਨੀ ਸ੍ਰੀਮਤੀ ਉਰਮਿਲਾ ਆਨੰਦ ਦੇ ਦੇਹਾਂਤ ‘ਤੇ ਡੂੰਘੇ ਦੁੱਖ ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀਮਤੀ ਆਨੰਦ ਲੰਮੀ ਬਿਮਾਰੀ ਉਪਰੰਤ ਅੱਜ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਚਲ ਵਸੇ। ਉਹ 84 ਵਰਿ•ਆਂ ਦੇ ਸਨ ਅਤੇ ਆਪਣੇ ਪਿਛੇ ਪਤੀ, ਇਕ ਪੁੱਤਰ ਤੇ ਇਕ ਧੀ ਛੱਡ ਗਏ ਹਨ।
ਇਕ ਸ਼ੋਕ ਸੁਨੇਹੇ ਵਿੱਚ ਮੁੱਖ ਮੰਤਰੀ ਨੇ ਸ੍ਰੀਮਤੀ ਆਨੰਦ ਜੋ ਕਿ ਪ੍ਰਸਿੱਧ ਪੰਜਾਬੀ ਲੇਖਕ ਸਵਰਗੀ ਸ. ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਸਪੁੱਤਰੀ ਸਨ, ਵੱਲੋਂ ਸਮਾਜ ਦੇ ਦੱਬੇ-ਕੁਚਲੇ ਅਤੇ ਲਤਾੜੇ ਵਰਗਾਂ ਦੀ ਭਲਾਈ ਲਈ ਕੀਤੇ ਗਏ ਕੰਮਾਂ ਨੂੰ ਯਾਦ ਕੀਤਾ। ਇਸ ਦੇ ਨਾਲ ਹੀ ਉਨ•ਾਂ ਨੇ ਸ੍ਰੀਮਤੀ ਆਨੰਦ ਵੱਲੋਂ ਆਪਣੇ ਪਤੀ ਸ੍ਰੀ ਜਗਜੀਤ ਸਿੰਘ ਆਨੰਦ ਨਾਲ ਦੇਸ਼ ਦੀ ਕਮਿਊਨਿਸਟ ਲਹਿਰ ਨੂੰ ਮਜ਼ਬੂਤ ਨੂੰ ਕਰਨ ਵਿੱਚ ਪਾਏ ਗਏ ਵਡਮੁੱਲੇ ਯੋਗਦਾਨ ਨੂੰ ਵੀ ਚੇਤੇ ਕੀਤਾ। ਸ. ਬਾਦਲ ਨੇ ਕਿਹਾ ਕਿ ਇਕ ਲੇਖਿਕਾ ਵਜੋਂ ਸ੍ਰੀਮਤੀ ਉਰਮਿਲਾ ਆਨੰਦ ਨੇ ਆਪਣੀਆਂ ਰਚਨਾਵਾਂ ਰਾਹੀਂ ਦੇਸ਼-ਵਿਦੇਸ਼ ਦੇ ਸਾਹਿਤਕ ਖੇਤਰ ਵਿੱਚ ਕਾਫੀ ਪ੍ਰਸਿੱਧੀ ਹਾਸਲ ਕੀਤੀ ਅਤੇ ਉਨ•ਾਂ ਦੇ ਦੇਹਾਂਤ ਨਾਲ ਸਾਹਿਤਕ ਤੇ ਸਮਾਜਿਕ ਖੇਤਰ ਵਿੱਚ ਬਹੁਤ ਵੱਡਾ ਖਲਾਅ ਪੈਦਾ ਹੋ ਗਿਆ ਜਿਸ ਨੂੰ ਭਵਿੱਖ ਵਿੱਚ ਪੂਰਨਾ ਬਹੁਤ ਔਖਾ ਹੈ।
ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਸ. ਬਾਦਲ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਪਿੱਛੇ ਪਰਿਵਾਰ ਨੂੰ ਇਹ ਨਾ ਪੂਰਿਆ ਜਾਣ ਵਾਲਾ ਘਾਟਾ ਸਹਿਣ ਦੀ ਸਮਰਥਾ ਬਖਸ਼ਣ।
ਸੀ.ਐਮ.ਓ.-13/80