੍ਹ ਬਜਟ ਵਿੱਚ ਕੰਢੀ ਨਹਿਰ ਪੜਾਅ-2 ਦਾ ਰਹਿੰਦਾ ਨਿਰਮਾਣ ਇਸੇ ਵਰ੍ਹੇ ਮੁਕੰਮਲ ਕਰ ਕੇ ਇਸ ਪਿਛੜੇ ਖੇਤਰ ਵਿੱਚ ਸਿੰਜਾਈ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਦਾ ਵਾਅਦਾ
੍ਹ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਅਨੁਸੂਚਿਤ ਜਾਤਾਂ ਦੇ ਬੇਘਰੇ ਲੋਕਾਂ ਨੂੰ ਮਕਾਨ ਦੇਣ ਲਈ 50 ਕਰੋੜ ਰੁਪਏ, ਐਸ.ਸੀਜ਼/ਬੀ.ਸੀਜ਼ ਦੇ ਵਿਦਿਆਰਥੀਆਂ ਲਈ 237 ਕਰੋੜ ਰੁਪਏ ਅਤੇ ਡਾ. ਬੀ.ਆਰ.ਅੰਬੇਦਕਰ ਭਵਨਾਂ ਦੀ ਉਸਾਰੀ ਅਤੇ ਸੰਚਾਲਨ ਲਈ 28 ਕਰੋੜ ਰੁਪਏ ਦਾ ਪ੍ਰਬੰਧ ਰੱਖਣਾ ਵਧੀਆ ਉਪਰਾਲਾ
੍ਹ ਅਨੁਸੂਚਿਤ ਤੇ ਪਛੜੀਆਂ ਜਾਤਾਂ ਦੀ ਭਲਾਈ ਲਈ 435 ਕਰੋੜ ਦੀ ਰਾਸ਼ੀ ਨੂੰ ਵਧਾ ਕੇ 596 ਕਰੋੜ ਰੁਪਏ ਕਰਨ ‘ਤੇ ਕੀਤਾ ਵਿੱਤ ਮੰਤਰੀ ਦਾ ਧੰਨਵਾਦ
ਚੰਡੀਗੜ੍ਹ, 21 ਮਾਰਚ:
ਪੰਜਾਬ ਦੇ ਵਿੱਤ ਮੰਤਰੀ ਵਲੋਂ ਪੇਸ਼ ਕੀਤੇ ਕਰ ਮੁਕਤ ਬਜਟ ਨੂੰ ਗ਼ਰੀਬਾਂ ਦੇ ਹਕੂਕਾਂ ਦੀ ਰਾਖੀ ਵਾਲਾ ਅਤੇ ਲੋਕ ਹਿਤੈਸ਼ੀ ਕਰਾਰ ਦਿੰਦਿਆਂ ਸਿੰਜਾਈ ਵਿਭਾਗ ਦੇ ਮੁੱਖ ਸੰਸਦੀ ਸਕੱਤਰ ਸ. ਸੋਹਣ ਸਿੰਘ ਠੰਡਲ ਨੇ ਕਿਹਾ ਹੈ ਕਿ ਜਿਥੇ ਕੇਂਦਰ ਸਰਕਾਰ ਨਿਰੰਤਰ ਮਹਿੰਗਾਈ ਕਰ ਰਹੀ ਹੈ, ਉਥੇ ਪੰਜਾਬ ਸਰਕਾਰ ਨੇ ਕਰ ਮੁਕਤ ਬਜਟ ਪੇਸ਼ ਕਰ ਕੇ ਇਤਿਹਾਸ ਸਿਰਜ ਦਿੱਤਾ ਹੈ।
ਇਥੇ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਲੋਕ ਪੱਖੀ ਤੇ ਵਿਕਾਸਮੁਖੀ ਬਜਟ ਨਾਲ ਜਿਥੇ ਸ਼ਹਿਰੀ ਵਿਕਾਸ ਤੇਜ਼ੀ ਫੜੇਗਾ, ਉਥੇ ਪਿੰਡਾਂ ਨੂੰ ਵੀ ਸ਼ਹਿਰੀ ਸਹੂਲਤਾਂ ਨਾਲ ਲੈਸ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਜਟ ਵਿੱਚ ਹਰ ਵਰਗ ਲਈ ਸਹੂਲਤਾਂ ਦਾ ਐਲਾਨ ਕੀਤਾ ਗਿਆ ਹੈ। ਅਨੁਸੂਚਿਤ ਤੇ ਪਛੜੀਆਂ ਜਾਤਾਂ ਦਾ ਪੂਰਾ ਧਿਆਨ ਰੱਖਿਆ ਗਿਆ ਹੈ ਅਤੇ ਬੱਚਿਆਂ, ਬੁੱਢਿਆਂ ਅਤੇ ਔਰਤਾਂ ਨੂੰ ਖ਼ਾਸ ਰਾਹਤ ਦਿੱਤੀ ਗਈ ਹੈ। ਕਰ ਮੁਕਤ ਬਜਟ ਪੇਸ਼ ਕਰਨ ‘ਤੇ ਵਿੱਤ ਮੰਤਰੀ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਾਰ ਬਜਟ ਵਿੱਚ ਅਨੁਸੂਚਿਤ ਤੇ ਪਛੜੀਆਂ ਜਾਤਾਂ ਦੀ ਭਲਾਈ ਲਈ 435 ਕਰੋੜ ਦੀ ਰਾਸ਼ੀ ਨੂੰ ਵਧਾ ਕੇ 596 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਜਟ ਵਿੱਚ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਅਨੁਸੂਚਿਤ ਜਾਤਾਂ ਦੇ ਬੇਘਰੇ ਲੋਕਾਂ ਨੂੰ ਮਕਾਨ ਦੇਣ ਲਈ 50 ਕਰੋੜ ਰੁਪਏ, ਐਸ.ਸੀਜ਼/ਬੀ.ਸੀਜ਼ ਦੇ ਵਿਦਿਆਰਥੀਆਂ ਲਈ 237 ਕਰੋੜ ਰੁਪਏ ਅਤੇ ਡਾ. ਬੀ.ਆਰ.ਅੰਬੇਦਕਰ ਭਵਨਾਂ ਦੀ ਉਸਾਰੀ ਅਤੇ ਸੰਚਾਲਨ ਲਈ 28 ਕਰੋੜ ਰੁਪਏ ਦਾ ਪ੍ਰਬੰਧ ਰੱਖਣਾ ਵਧੀਆ ਉਪਰਾਲਾ ਹੈ।
ਉਨ੍ਹਾਂ ਕਿਹਾ ਕਿ ਕੰਢੀ ਨਹਿਰ ਪੜਾਅ-2 ਪ੍ਰਾਜੈਕਟ ਦੀ ਬਕਾਇਆ 14 ਕਿਲੋਮੀਟਰ ਉਸਾਰੀ ਲਈ 156 ਕਰੋੜ ਰੁਪਏ ਰੱਖੇ ਗਏ ਹਨ। ਇਸ ਨਹਿਰ ਦੇ ਮੁਕੰਮਲ ਹੋਣ ਨਾਲ ਕੰਢੀ ਖੇਤਰ ਵਿੱਚ ਸਿੰਜਾਈ ਸਹੂਲਤਾਂ ਬਿਹਤਰ ਹੋਣਗੀਆਂ। ਉਨ੍ਹਾਂ ਕਿਹਾ ਕਿ ਬਜਟ ਵਿੱਚ ਕੰਢੀ ਖੇਤਰ ਵਿੱਚ ਸਿੰਜਾਈ ਸਹੂਲਤਾਂ ਬਿਹਤਰ ਬਣਾਉਣ ਦੇ ਨਾਲ-ਨਾਲ ਪਹਾੜੀ ਖੇਤਰਾਂ ਵਿੱਚ ਘੱਟ ਕੀਮਤ ਵਾਲੇ ਬੰਨ੍ਹਾਂ ਦੇ ਨਿਰਮਾਣ ‘ਤੇ ਖ਼ਾਸ ਧਿਆਨ ਦਿੱਤੇ ਜਾਣ ‘ਤੇ ਜ਼ੋਰ ਦਿੱਤਾ ਗਿਆ ਹੈ।