੍ਹ ਬਜਟ ਵਿੱਚ ਸਿਹਤ ਸੇਵਾਵਾਂ ਦੀ ਬਿਹਤਰੀ ਲਈ 3443 ਕਰੋੜ ਰੁਪਏ ਰਾਖਵੇਂ ਰੱਖੇ ਗਏ
੍ਹ ਕੈਂਸਰ ਦੀ ਰੋਕਥਾਮ ਲਈ ਵੈਟ ਤੋਂ ਇਕੱਠੀ ਹੋਈ ਰਕਮ ਵਿੱਚੋਂ ਸਾਲਾਨਾ 300 ਕਰੋੜ ਰੁਪਏ ਜੁਟਾਏ ਜਾਣਗੇ
੍ਹ ਅੰਮ੍ਰਿਤਸਰ, ਪਟਿਆਲਾ ਤੇ ਫ਼ਰੀਦਕੋਟ ਵਿਖੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਸਣੇ ਸੰਗਰੂਰ ਅਤੇ ਬਠਿੰਡਾ ਦੇ ਜ਼ਿਲ੍ਹਾ ਸਦਰ ਮੁਕਾਮਾਂ ਵਿਖੇ 300 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਕੈਂਸਰ ਇਲਾਜ ਸਹੂਲਤਾਂ
੍ਹ ਸੂਬੇ ਦੇ ਸਾਰੇ ਨਾਗਰਿਕ ਲੈ ਸਕਣਗੇ ਭਾਈ ਘਨੱਈਆ ਸਿਹਤ ਸਕੀਮ ਦਾ ਫ਼ਾਇਦਾ
੍ਹ ਗ਼ਰੀਬੀ ਰੇਖਾ ਤੋਂ ਹੇਠਲੇ ਪਰਿਵਾਰਾਂ ਦੇ ਹਰ ਮੈਂਬਰ ਦੀ ‘ਭਗਤ ਪੂਰਨ ਸਿੰਘ ਸਿਹਤ ਸਕੀਮ’ ਤਹਿਤ ਹੋਵੇਗਾ ਸਿਹਤ ਬੀਮਾ
੍ਹ ਸਮਾਜਿਕ ਸੁਰੱਖਿਆ, ਔਰਤਾਂ ਅਤੇ ਬੱਚਿਆਂ ਦੇ ਵਿਕਾਸ ਕਾਰਜਾਂ ਲਈ 1118 ਕਰੋੜ ਰੁਪਏ ਦੀ ਰਾਸ਼ੀ ਰੱਖੀ
ਚੰਡੀਗੜ੍ਹ, 21 ਮਾਰਚ:
ਪੰਜਾਬ ਦੇ ਸਿਹਤ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਬੀਤੇ ਕਲ ਵਿੱਤ ਮੰਤਰੀ ਵੱਲੋਂ ਸਾਲ 2013-14 ਲਈ ਪੇਸ਼ ਕੀਤੇ ਬਜਟ ਨੂੰ ਸਿਹਤ ਖੇਤਰ ਲਈ ਵਰਦਾਨ ਦੱਸਿਆ ਹੈ। ਇਥੇ ਜਾਰੀ ਬਿਆਨ ਵਿੱਚ ਸ੍ਰੀ ਮਿੱਤਲ ਨੇ ਕਿਹਾ ਕਿ ਨਵੇਂ ਬਜਟ ਵਿੱਚ ਸਿਹਤ ਸੰਸਥਾਵਾਂ ਵਿੱਚ ਇਮਾਰਤ ਦੇ ਬੁਨਿਆਦੀ ਢਾਂਚੇ, ਸਾਜ਼ੋ-ਸਾਮਾਨ ਅਤੇ ਮਨੁੱਖੀ ਸਰੋਤਾਂ ਦੀ ਮਜ਼ਬੂਤੀ ਲਈ 3443 ਕਰੋੜ ਰੁਪਏ ਦੀ ਰਕਮ ਰਾਖਵੀਂ ਰੱਖੀ ਗਈ ਹੈ।
ਇਸ ਦੇ ਨਾਲ ਹੀ ਸੂਬੇ ਵਿੱਚੋਂ ਕੈਂਸਰ ਦੇ ਕੋਹੜ ਨੂੰ ਜੜ੍ਹੋਂ ਖ਼ਤਮ ਕਰਨ ਲਈ ਵਿਸ਼ੇਸ਼ ਯੋਜਨਾ ਉਲੀਕੀ ਗਈ ਹੈ। ਉਨ੍ਹਾਂ ਕਿਹਾ ਕਿ ਵੈਟ ਤੋਂ ਪ੍ਰਾਪਤ ਹੋਣ ਵਾਲੀ ਰਕਮ ਵਿੱਚੋਂ ਸਾਲਾਨਾ 300 ਕਰੋੜ ਰੁਪਏ ਕੈਂਸਰ ਦੀ ਰੋਕਥਾਮ ਲਈ ਜੁਟਾਏ ਜਾਣਗੇ ਜਦ ਕਿ ਅੰਮ੍ਰਿਤਸਰ, ਪਟਿਆਲਾ ਤੇ ਫ਼ਰੀਦਕੋਟ ਵਿਖੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਸਣੇ ਸੰਗਰੂਰ ਅਤੇ ਬਠਿੰਡਾ ਦੇ ਜ਼ਿਲ੍ਹਾ ਸਦਰ ਮੁਕਾਮਾਂ ਵਿਖੇ 300 ਕਰੋੜ ਰੁਪਏ ਦੀ ਲਾਗਤ ਨਾਲ ਅਤਿ-ਆਧੁਨਿਕ ਕੈਂਸਰ ਇਲਾਜ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਸ੍ਰੀ ਮਿੱਤਲ ਨੇ ਦੱਸਿਆ ਕਿ ਬਜਟ ਵਿੱਚ ਇਹ ਫ਼ੈਸਲਾ ਵੀ ਲਿਆ ਗਿਆ ਹੈ ਕਿ ਅੰਮ੍ਰਿਤਸਰ, ਪਟਿਆਲਾ, ਫ਼ਰੀਦਕੋਟ, ਬਠਿੰਡਾ ਅਤੇ ਜਲੰਧਰ ਦੇ ਮੈਡੀਕਲ ਕਾਲਜਾਂ ਵਿੱਚ ਤੀਜੇ ਦਰਜੇ ਦੇ 5 ਨਸ਼ਾ ਮੁਕਤੀ ਕੇਂਦਰ ਸਥਾਪਤ ਕੀਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਕੈਂਸਰ ਵਿਰੁਧ ਜੰਗ ਲਈ ਪੰਜਾਬ ਸਰਕਾਰ ਨੇ ਕਮਰ ਕੱਸ ਲਈ ਹੈ ਅਤੇ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਉਹ ਕੈਂਸਰ ਪੀੜਤ ਮਰੀਜ਼ਾਂ ਦਾ ਤਿੰਨੋ ਮੈਡੀਕਲ ਕਾਲਜਾਂ ਅੰਮ੍ਰਿਤਸਰ, ਪਟਿਆਲਾ, ਫ਼ਰੀਦਕੋਟ ਅਤੇ ਸੁਪਲ ਸਪੈਸ਼ਲਿਟੀ ਹਸਪਤਾਲ, ਬਠਿੰਡਾ ਵਿਖੇ ਉਚ ਤਕਨੀਕ ਨਾਲ ਇਲਾਜ ਕਰੇਗੀ।
ਸ੍ਰੀ ਮਿੱਤਲ ਨੇ ਬਜਟ ਦਾ ਅਹਿਮ ਪਹਿਲੂ ਵੱਲ ਧਿਆਨ ਦਿਵਾਉਂਦਿਆਂ ਦੱਸਿਆ ਕਿ ਭਾਈ ਘਨਈਆ ਬੀਮਾ ਸਕੀਮ ਦਾ ਦਾਇਰਾ ਵਧਾ ਕੇ ਇਸ ਵਿੱਚ ਰਾਜ ਦੇ ਹਰੇਕ ਨਾਗਰਿਕ ਨੂੰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਈ ਘਨੱਈਆ ਸਿਹਤ ਸੇਵਾ ਸਕੀਮ ਦਾ ਦਾਇਰਾ ਵਧਾਉਣ ਵਾਲਾ ਪੰਜਾਬ, ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ, ਜਿਥੇ ਸੂਬੇ ਦੇ ਹਰ ਵਿਅਕਤੀ ਦਾ ਬਹੁਤ ਹੀ ਘੱਟ ਪ੍ਰੀਮੀਅਮ ‘ਤੇ ਡੇਢ ਲੱਖ ਰੁਪਏ ਦਾ ਬੀਮਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਗ਼ਰੀਬੀ ਰੇਖਾ ਤੋਂ ਹੇਠ ਗੁਜ਼ਰ-ਬਸਰ ਕਰਨ ਵਾਲੇ ਸਾਰੇ ਪਰਵਾਰਾਂ ਨੂੰ ‘ਭਗਤ ਪੂਰਨ ਸਿੰਘ ਹੈਲਥ ਵੈਲਫ਼ੇਅਰ ਸਕੀਮ’ ਅਧੀਨ ਘਰ ਦੇ ਹਰ ਮੈਂਬਰ ਲਈ 30,000 ਰੁਪਿਆ ਮੈਡੀਕਲ ਇੰਸ਼ੋਰੈਂਸ ਹਿੱਤ ਦਿੱਤਾ ਜਾਵੇਗਾ। ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਗ਼ਰੀਬਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਸਾਰੇ ਪਰਵਾਰਾਂ ਦਾ 75,000 ਰੁਪਏ ਦਾ ਮੁਫ਼ਤ ਜੀਵਨ ਬੀਮਾ ਕੀਤਾ ਜਾਵੇਗਾ। ਇਨ੍ਹਾਂ ਪਰਵਾਰਾਂ ਨਾਲ ਸਬੰਧ ਰੱਖਣ ਵਾਲੇ ਸਾਰੇ ਬੱਚਿਆਂ ਨੂੰ ਮਹੀਨਾਵਾਰ 200 ਰੁਪਏ ਦਾ ਵਜ਼ੀਫ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਜਟ ਵਿੱਚ ਸਮਾਜਿਕ ਸੁਰੱਖਿਆ, ਔਰਤਾਂ ਅਤੇ ਬੱਚਿਆਂ ਦੇ ਵਿਕਾਸ ਕਾਰਜਾਂ ਲਈ 1118 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ।
ਸ੍ਰੀ ਮਿੱਤਲ ਨੇ ਕਿਹਾ ਕਿ ਸੂਬੇ ‘ਚ ਸਿਹਤ ਸਹੂਲਤਾਂ ਦੇ ਸੁਧਾਰ ਲਈ ਜਿਥੇ ਡਾਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ, ਉਸ ਦੇ ਨਾਲ ਹੀ 270 ਜ਼ਰੂਰੀ ਦਵਾਈਆਂ, ਜੋ ਸਮੂਹ ਸਰਕਾਰੀ ਹਸਪਤਾਲਾਂ ਵਿੱਚ ਦਿੱਤੀਆਂ ਜਾ ਰਹੀਆਂ ਹਨ, ਹੁਣ ਅੰਮ੍ਰਿਤਸਰ, ਪਟਿਆਲਾ ਅਤੇ ਫ਼ਰੀਦਕੋਟ ਦੇ ਸਰਕਾਰੀ ਹਸਪਤਾਲਾਂ ਵਿੱਚ ਵੀ ਇਹ ਦਵਾਈਆਂ ਮਰੀਜ਼ਾਂ ਨੂੰ ਮੁਫ਼ਤ ਮਿਲਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਬਜਟ ਵਿੱਚ ਡਾਕਟਰੀ ਇੰਟਰਜ਼ ਨੂੰ 30,000 ਰੁਪਏ ਵਜ਼ੀਫ਼ਾ ਦੇਣ ਦਾ ਵਾਅਦਾ ਵੀ ਕੀਤਾ ਗਿਆ ਹੈ।