March 23, 2013 admin

ਸ਼ਹੀਦ ਸੁਖਦੇਵ ਦਾ ਭਤੀਜਾ ਤੇ ਹੋਰ ਮੁੱਖ ਆਗੂ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ੍ਹ ਆਪਣੀ ਸੌੜੇ ਸਿਆਸ ਹਿਤਾਂ ਲਈ ਮਨਪ੍ਰੀਤ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵਰਤਿਆ-ਭਾਰਤ ਭੂਸ਼ਣ ਥਾਪਰ

      ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਦੀ ਪੰਜਾਬ ਤੇ ਚੰਡੀਗੜ੍ਹ ਦੀ ਇਸਤਰੀ ਵਿੰਗ ਦੀ ਪ੍ਰਧਾਨ ਵੀ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ

ਚੰਡੀਗੜ੍ਹ, 22 ਮਾਰਚ

ਸ਼ਹੀਦ ਸੁਖਦੇਵ ਦੇ ਭਤੀਜੇ ਅਤੇ ਪੀਪਲਜ਼ ਪਾਰਟ ਆਫ਼ ਪੰਜਾਬ (ਪੀ.ਪੀ.ਪੀ) ਦੇ ਫਾਊਂਡਰ ਮੈਂਬਰ ਤੇ ਜਨਰਲ ਸੈਕਟਰੀ ਸ੍ਰੀ ਭਾਰਤ ਭੂਸ਼ਣ ਥਾਪਰ ਅੱਜ ਪਾਰਟੀ ਨਾਲੋਂ ਆਪਣਾ ਨਾਤਾ ਤੋੜ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਹਾਜਰੀ ‘ਚ  ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋ ਗਏ। ਸ੍ਰੀ ਥਾਪਰ ਨੇ ਕਿਹਾ ਕਿ ਪੀ.ਪੀ.ਪੀ. ਦਾ ਸ਼ਹੀਦਾਂ ਦੀ ਸੋਚ ਨਾਲ ਦੂਰ ਦਾ ਵੀ ਵਾਸਤਾ ਨਹੀਂ ਅਤੇ ਪਾਰਟੀ ਮੁਖੀ ਸ. ਮਨਪ੍ਰੀਤ ਸਿੰਘ ਬਾਦਲ ਨੇ ਸਿਰਫ ਆਪਣੇ ਸੌੜੇ ਸਿਆਸੀ ਹਿਤਾਂ ਲਈ ਸ਼ਹੀਦਾਂ ਦੇ ਪਰਿਵਾਰਾਂ ਨੂੰ ਵਰਤਿਆ।

       ਇਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਰਿਹਾਇਸ਼ ਵਿਖੇ ਉਨ੍ਹਾਂ ਦੇ ਸਲਾਹਕਾਰ ਸ. ਚਰਨਜੀਤ ਸਿੰਘ ਬਰਾੜ ਵੱਲੋਂ ਆਯੋਜਤ ਕੀਤੀ ਗਈ ਮੀਟਿੰਗ ਦੌਰਾਨ ਸ੍ਰੀ ਭਾਰਤ ਭੂਸ਼ਣ ਥਾਪਰ ਤੋਂ ਇਲਾਵਾ ਪੀ.ਪੀ.ਪੀ. ਦੇ ਜਨਰਲ ਸੈਕਟਰੀ ਸ. ਹਰਜੀਵਨਪਾਲ ਸਿੰਘ ਗਿੱਲ ਅਤੇ ਸਕੱਤਰ ਤੇ ਸਪੋਕਸਮੈਨ ਸ. ਅਰੁਣਜੋਤ ਸਿੰਘ ਸੋਢੀ ਵੀ ਆਪਣੇ ਸੈਂਕੜੇ ਸਮੱਰਥਕਾਂ ਸਮੇਤ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀਆਂ ਵਿਕਾਸ ਨੀਤੀਆਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋ ਗਏ। ਇੰਨ੍ਹਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਦੇ ਇਸਤਰੀ ਵਿੰਗ ਦੀ ਪੰਜਾਬ ਤੇ ਚੰੜੀਗ਼ੜ੍ਹ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ ਬਰਾੜ ਨੇ ਵੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋ ਗਏ। ਸ੍ਰੀ ਥਾਪਰ ਅਤੇ ਸ. ਸੋਢੀ ਪੀ.ਪੀ.ਪੀ ਦੇ ਫਾਊਂਡਰ ਮੈਂਬਰ ਸਨ।

       ਮੀਟਿੰਗ ਦੌਰਾਨ ਸ੍ਰੀ ਭਾਰਤ ਭੂਸ਼ਣ ਥਾਪਰ ਨੇ ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਅੱਗੇ ਸ਼ਹੀਦ ਸੁਖਦੇਵ ਦੇ ਘਰ ਨੂੰ ਯਾਦਗਾਰ ਵਜੋਂ ਵਿਕਸਤ ਕਰਨ ਦੀ ਮੰਗ ਰੱਖਦਿਆਂ ਕਿਹਾ ਕਿ ਸ਼ਹੀਦ ਸੁਖਦੇਵ ਦੇ ਪਰਿਵਾਰ ਨੇ ਕਦੇ ਵੀ ਸਰਕਾਰ ਤੋਂ ਪੈਨਸ਼ਨ ਜਾਂ ਕੋਈ ਹੋਰ ਲਾਭ ਨਹੀਂ ਲਿਆ ਅਤੇ ਉਨ੍ਹਾਂ ਦੀ ਇਸ ਤੋਂ ਇਲਾਵਾ ਹੋਰ ਕੋਈ ਮੰਗ ਨਹੀਂ ਹੈ। ਇਸ ‘ਤੇ ਸ. ਬਾਦਲ ਬਹੁਤ ਪ੍ਰਭਾਵਤ ਹੋਏ ਅਤੇ ਉਨ੍ਹਾਂ ਕਿਹਾ ਕਿ ਇਹ ਸਿਰਫ ਉਨ੍ਹਾਂ ਦੀ ਮੰਗ ਨਹੀਂ ਬਲਕਿ ਹਰ ਭਾਰਤੀ ਦਾ ਫਰਜ਼ ਹੈ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਿਆ ਜਾਵੇ ਅਤੇ ਯਕੀਨ ਦਵਾਇਆ ਕਿ ਉਹ ਸ਼ਹੀਦ ਸੁਖਦੇਵ ਦੇ ਘਰ ਨੂੰ ਯਾਦਗਾਰ ਵਜੋਂ ਵਿਕਸਤ ਕਰਨ ਨੂੰ ਯਕੀਨੀ ਬਨਾਉਣਗੇ। ਸ੍ਰੀ ਭੂਸ਼ਣ ਨੇ ਕਿਹਾ ਕਿ ਉਹ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਵਿਕਾਸ ਅਤੇ ਆਮ ਵਿਅਕਤੀ ਦੇ ਸਨਮਾਨ ਨੂੰ ਬਹਾਲ  ਕਰਨ ਲਈ ਕੀਤੇ ਜਾ ਰਹੇ ਪ੍ਰਸ਼ਾਸਨਕ ਸੁਧਾਰਾਂ ਤੋਂ ਪ੍ਰਭਾਵਤ ਹਨ। ਉਨ੍ਹਾਂ ਉੱਪ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇੰਨ੍ਹਾਂ ਸਾਰੀਆਂ ਯੋਜਨਾਵਾਂ ਦਾ ਲਾਭ ਹੇਠਲੇ ਪੱਧਰ ਤੱਕ ਪਹੁੰਚਾਉਣ ਨੂੰ ਵੀ ਯਕੀਨੀ ਬਨਾਉਣ।

ਸ੍ਰੀ ਥਾਪਰ ਨੇ ਕਿਹਾ ਕਿ ਉਨ੍ਹਾਂ ਦਾ ਸਿਆਸਤ ਨਾਲ ਕੋਈ ਜ਼ਿਆਦਾ ਵਾਹ-ਵਾਸਤਾ ਨਹੀਂ ਸੀ ਇਸ ਲਈ ਉਹ ਸ. ਮਨਪ੍ਰੀਤ ਸਿੰਘ ਬਾਦਲ ਵੱਲੋਂ ਸ਼ਹੀਦਾਂ ਦੇ ਸੁਪਨੇ ਪੂਰੇ ਕਰਨ ਦੇ ਕੀਤੇ ਗਏ ਵਾਅਦੇ ‘ਤੇ ਹੀ ਪੀ.ਪੀ.ਪੀ ਪਾਰਟੀ ਦੇ ਨਿਰਮਾਣ ਲਈ ਉਨ੍ਹਾਂ ਨਾਲ ਨਾਲ ਜੁੜੇ ਸਨ। ਉਨ੍ਹਾਂ ਕਿਹਾ ਕਿ ਜਿਵੇਂ ਸਿਆਣੇ ਕਹਿੰਦੇ ਹਨ ਕਿ ‘ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ’, ਸ. ਮਨਪ੍ਰੀਤ ਨਾਲ ਵਾਹ ਪੈਣ ‘ਤੇ ਪਤਾ ਲੱਗਾ ਕਿ ਉਹ ਸਿਰਫ ਆਪਣੇ ਸੌੜੇ ਸਿਆਸੀ ਹਿਤਾਂ ਨੂੰ ਪੂਰਿਆਂ ਕਰਨ ਅਤੇ ਨਿੱਜੀ ਰੰਜ਼ਿਸ਼ ਕੱਢਣ ਲਈ ਲੋਕ ਲੁਭਾਉਣੀਆਂ ਗੱਲਾਂ ਕਰ ਰਹੇ ਹਨ। ਸ੍ਰੀ ਥਾਪਰ ਨੇ ਕਿਹਾ ਕਿ ਇੰਨ੍ਹਾਂ ਗੱਲਾਂ ਤੋਂ ਦੁਖੀ ਹੋ ਕੇ ਉਨ੍ਹਾਂ ਕਈ ਵਾਰ ਪੀ.ਪੀ.ਪੀ. ਪ੍ਰਧਾਨ ਨਾਲ ਗੱਲਬਾਤ ਕਰਨੀ ਚਾਹੀ ਪਰ ਉਨ੍ਹਾਂ ਨੇ ਗੱਲ ਤਾਂ ਕੀ ਕਰਨੀ ਸੀ ਉਨ੍ਹਾਂ ਕੋਲ ਤਾਂ ਅਜਿਹੀਆਂ ਗੱਲਾਂ ਸੁਨਣ ਦਾ ਵੀ ਸਮਾਂ ਨਹੀਂ। ਇਸ ਮੌਕੇ ਸ. ਹਰਜੀਵਨਪਾਲ ਸਿੰਘ ਗਿੱਲ ਅਤੇ ਸ. ਅਰੁਣਜੋਤ ਸਿੰਘ ਸੋਢੀ ਨੇ ਵੀ ਸ੍ਰੀ ਭਾਰਤ ਭੂਸ਼ਣ ਥਾਪਰ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਕੀਤੀ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੂੰ ਵਿਸ਼ਵਾਸ ਦਵਾਇਆ ਕਿ ਅੱਜ ਤੋਂ ਉਨ੍ਹਾਂ ਦੀਆਂ ਸੇਵਾਵਾਂ ਪੂਰੀ ਤਰ੍ਹਾਂ ਪਾਰਟੀ ਲਈ ਸਮੱਰਪਤ ਹਨ।

ਸ੍ਰੀ ਭਾਰਤ ਭੂਸ਼ਣ ਥਾਪਰ, ਸ. ਹਰਜੀਵਨਪਾਲ ਸਿੰਘ ਗਿੱਲ, ਸ. ਅਰੁਣਜੋਤ ਸਿੰਘ ਸੋਢੀ ਅਤੇ ਉਨ੍ਹਾਂ ਦੇ ਸੈਕੜੇ ਹਮਾਇਤੀਆਂ ਨੂੰ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਯਕੀਨ ਦਵਾਇਆ ਕਿ ਉਨ੍ਹਾਂ ਨੂੰ ਪਾਰਟੀ ‘ਚ ਬਣਦਾ ਮਾਣ-ਸਤਕਾਰ ਦਿੱਤਾ ਜਾਵੇਗਾ। ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਪੰਜਾਬ, ਪੰਜਾਬੀ ਆਮ ਆਮ ਲੋਕਾਂ ਦੀ ਲੜਾਈ ਲੜੀ ਹੈ ਅਤੇ ਉਨ੍ਹਾਂ ਦਾ ਇਹੀ ਮੰਨਣਾ ਹੈ ਕਿ ਸੂਬੇ ਦੇ ਮੁਕੰਮਲ ਵਿਕਾਸ ਲਈ ਇਸ ਵਿਕਾਸ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸੇ ਮੰਨਸ਼ੇ ਤਹਿਤ ਹੀ ਪ੍ਰਸ਼ਾਸਨਕ ਸੁਧਾਰ ਪੂਰੀ ਤਰ੍ਹਾਂ ਲਾਗੂ ਕਰਨਾ ਅਤੇ ਸੂਬੇ ਨੂੰ ਬਿਜਲੀ ਉਤਪਾਦਨ ‘ਚ ਸਰਪਲਸ ਕਰਨ ਦੇ ਨਾਲ-ਨਾਲ ਵਿੱਦਿਅਕ, ਸਿਹਤ ਅਤੇ ਮੁੱਢਲੇ ਢਾਂਚੇ ਨੂੰ ਵਿਕਸਤ ਕਰਨਾ ਉਨ੍ਹਾਂ ਦਾ ਮੁੱਖ ਨਿਸ਼ਾਨਾ ਹੈ।



ਫੋਟੋ ਕੈਪਸ਼ਨ

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਚੰਡੀਗੜ੍ਹ ‘ਚ ਆਪਣੀ ਰਿਹਾਇਸ਼ ਵਿਖੇ ਸ੍ਰੀ ਭਾਰਤ ਭੂਸ਼ਣ ਥਾਪਰ, ਹਰਜੀਵਨਪਾਲ ਸਿੰਘ ਗਿੱਲ, ਸ. ਅਰੁਣਜੋਤ ਸਿੰਘ ਸੋਢੀ ਅਤੇ ਬੀਬੀ ਗੁਰਦੀਪ ਕੌਰ ਬਰਾੜ ਨਾਲ।

Translate »