ਭਾਰਤੀ ਭੂ ਵਿਗਿਆਨ ਸੰਸਥਾ ਨੇ ਦੇਸ਼ ਵਿੱਚ ਖਣਿਜ ਪਦਾਰਥਾਂ ਦੀ ਖੋਜ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਇਸ ਸੰਸਥਾ ਨੇ ਵੱਖ ਵੱਖ ਤਕਨੀਕਾਂ ਦੀ ਵਰਤੋਂ ਨਾਲ ਭਾਰਤੀ ਖੇਤਰ ਵਿੱਚ ਜ਼ਮੀਨ ਅੰਦਰ ਲੂਕੇ ਪਏ ਬੇਸ਼ਕੀਮਤੀ ਕੁਦਰਤੀ ਖ਼ਜ਼ਾਨਿਆਂ ਦੀ ਖੋਜ ਕੀਤੀ ਹੈ। ਸਨਅਤ ਮੰਤਰਾਲੇ ਨਾਲ ਸੰਬਧਤ ਸਥਾਈ ਸੰਸਦੀ ਕਮੇਟੀ ਦੀ ਹਦਾਇਤ ਤੇ ਭਾਰਤੀ ਭੂ ਵਿਗਿਆਨ ਸਰਵੇਖਣ ਨੇ ਬਾਰਵੀਂ ਪੰਜ ਸਾਲਾ ਯੋਜਨਾ ਦੌਰਾਨ ਧਰਤੀ ਹੇਠਲੇ ਖਣਿਜ ਪਦਾਰਥਾਂ ਦਾ ਪਤਾ ਲਗਾਉਣ ਲਈ ਵਿਸ਼ਵ ਮਿਆਰੀ ਤਕਨਾਲੌਜੀ ਨੂੰ ਵੱਡੇ ਪੈਮਾਨੇ ਤੇ ਅਪਣਾਉਣ ਦਾ ਪ੍ਰੋਗਰਾਮ ਉਲੀਕਿਆ ਹੈ।
ਬਾਰਵੀਂ ਪੰਜ ਸਾਲਾ ਯੋਜਨਾ ਦੌਰਾਨ ਖਣਿਜ ਪਦਾਰਥਾਂ ਦੀ ਖੋਜ ਲਈ ਦੇਸ਼ ਅੰਦਰਲੀਆਂ ਵੱਖ ਵੱਖ ਰਸਾਇਣਕ ਲੈਬਾਰਟਰੀਆਂ ਨੂੰ ਆਧੁਨਿਕ ਯੰਤਰਾਂ ਨਾਲ ਲੈਸ ਕਰਕੇ ਇਕ ਨਿਸ਼ਚਿਤ ਸਮੇਂ ਦੇ ਵਿੱਚ ਵਿੱਚ ਮਜ਼ਬੂਤ ਕੀਤਾ ਜਾਵੇਗਾ। ਸੰਸਥਾ ਵੱਲੋਂ ਜ਼ਮੀਨੀ ਸਰਵੇਖਣ ਦੇ ਨਾਲ ਨਾਲ ਹਵਾਈ ਸਰਵੇਖਣਾਂ ਰਾਹੀਂ ਧਰਤੀ ਦੇ ਗਰਭ ਤੱਕ ਟੋਹ ਲਗਾਉਣ ਵਾਲੀਆਂ ਫਰੀਕੁਐਂਸੀਆਂ ਤੇ ਗਾਮਾ ਕਿਰਨਾਂ ਦੀ ਵਰਤੋਂ ਕੀਤੀ ਜਾਵੇ। ਇਹਨਾਂ ਆਧੁਨਿਕ ਤਕਨੀਕਾਂ ਨਾਲ ਵੱਖ ਵੱਖ ਧਾਤੂਆਂ ਤੇ ਖਣਿਜ ਪਦਾਰਥਾਂ ਸਣੇ ਹੀਰੇ ਆਦਿ ਦੇ ਭੰਡਾਰਾਂ ਦਾ ਵੀ ਪਤਾ ਲਗਾਇਆ ਜਾਵੇਗਾ। ਭਾਰਤੀ ਭੂ ਵਿਗਿਆਨ ਸੰਸਥਾ ਜ਼ਮੀਨ ਵਿੱਚ ਖੁਦਾਈ ਲਈ ਹਾਈਡਰੋਲਿਕ ਤੇ ਦੋਹੇਂ ਪਾਸੇ ਖੁਦਾਈ ਕਰਨ ਵਾਲੀਆਂ ਡਰਿਲਿੰਗ ਮਸ਼ੀਨਾਂ ਹਾਸਲ ਕਰੇਗਾ। ਇਹਨਾਂ ਯਤਨਾਂ ਸਦਕਾ ਦੇਸ਼ ਦੇ ਖਣਿਜ ਭੰਡਾਰਾਂ ਦਾ ਪਤਾ ਲਗਾ ਕੇ ਉਹਨਾਂ ਨੂੰ ਦੇਸ਼ ਦੀ ਤਰੱਕੀ ਲਈ ਕੱਢਣ ਵਿੱਚ ਸਹਾਇਤਾ ਮਿਲੇਗੀ। ਭਾਰਤੀ ਭੂ ਵਿਗਿਆਨ ਸੰਸਥਾ ਨੇ ਸੋਨੇ ਤੇ ਹੋਰਨਾਂ ਖਣਿਜਾਂ ਦੀ ਖੋਜ ਲਈ ਅਤਿ ਆਧੁਨਿਕ ਕਿਸਮ ਦੇ ਉਪਕਰਨ ਹਾਸਲ ਕਰਨ ਦਾ ਪ੍ਰੋਗਰਾਮ ਬਣਾਇਆ ਹੈ। ਇਹਨਾਂ ਉਪਕਰਨਾਂ ਨਾਲ ਮਿੱਟੀ ਵਿੱਚ ਸੋਨੇ ਦੀ ਮਾਤਰਾ ਦਾ ਛੇਤੀ ਪਤਾ ਲੱਗ ਜਾਂਦਾ ਹੈ।ਇਸ ਤੋਂ ਇਲਾਵਾ ਖਣਿਜ ਪਦਾਰਥਾਂ ਦੀ ਖੋਜ਼ ਲਈ ਰਵਾਇਤੀ ਤਰੀਕਿਆਂ ਨੂੰ ਵੀ ਆਧੁਨਿਕ ਰੂਪ ਦਿੱਤਾ ਜਾ ਰਿਹਾ ਹੈ। ਦੇਸ਼ ਦੇ ਆਰਥਿਕ ਵਿਕਾਸ ਲਈ ਖਣਿਜ ਭੰਡਾਰਾਂ ਦਾ ਪਤਾ ਲਗਾਉਣਾ ਤੇ ਖਣਿਜ ਭੰਡਾਰਾਂ ਦਾ ਸ਼ੋਸ਼ਨ ਇਕ ਅਹਿਮ ਸਥਾਨ ਰੱਖਦਾ ਹੈ। ਭਾਰਤੀ ਭੂ ਵਿਗਿਆਨ ਸੰਸਥਾ ਵੱਲੋਂ ਸਮੁੰਦਰ ਵਿਚਲੇ ਆਰਥਿਕ ਜ਼ੋਨਾਂ ਵਿੱਚ ਖਣਿਜ ਪਦਾਰਥਾਂ ਦੀ ਖੋਜ਼ ਤੇ ਮੁਲਅੰਕਣ ਕੀਤਾ ਜਾ ਰਿਹਾ ਹੈ। ਇਸ ਕੰਮ ਲਈ ਦੱਖਣ ਕੋਰੀਆ ਦੀ ਹੁੰਡਈ ਕੰਪਨੀ ਤੋਂ ਸਮੁੰਦਰ ਵਿੱਚ ਖੋਜ ਕਰਨ ਵਾਲੀ ਇਕ ਕਿਸ਼ਤੀ ਖਰੀਦੀ ਜਾ ਰਹੀ ਹੈ। ਸ਼ਨਾਖਤ ਕੀਤੇ ਗਏ ਖਣਿਜ ਪਦਾਰਥਾਂ ਨੂੰ ਧਰਤੀ ਦੇ ਗਰਭ ਵਿੱਚੋਂ ਕੱਢਣ ਲਈ ਵਧੀਆ ਤੇ ਘਟ ਖਰਚੀਲੀਆਂ ਤਕਨੀਕਾਂ ਤੇ ਵਿਧੀਆਂ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ।
(ਪੀ.ਆਈ.ਬੀ. ਜਲੰਧਰ)
—੦੦੦—