ਅੰਮ੍ਰਿਤਸਰ 27 ਅਪ੍ਰੈਲ 2013 (ਭਾਰਤ ਸੰਦੇਸ਼ ਖਬਰਾਂ) :- ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਪੰਜਾਬ ਦੇ ਗਵਰਨਰ ਸ੍ਰੀ ਸ਼ਿਵਰਾਜ ਪਾਟਿਲ ਤੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੋਂ ਮੰਗ ਕੀਤੀ ਹੈ ਉਨ੍ਹਾਂ ਅਧਿਕਾਰੀਆਂ ਵਿਰੁਧ ਢੁਕਵੀਂ ਕਾਰਵਾਈ ਕੀਤੀ ਜਾਵੇ, ਜਿਨ੍ਹਾਂ ਨੇ ਸਾਡਾ ਹੱਕ ਫ਼ਿਲਮ ’ਤੇ ਬੇ ਵਜ਼ਾ ਪਾਬੰਦੀ ਲਾਈ ਸੀ।ਉਨ੍ਹਾਂ ਇਹ ਵੀ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਨੂੰ ਇਸ ’ਤੇ ਬੇ ਵਜ਼ਾ ਰੋਕ ਲਾਉਣ ਲਈ ਅਫ਼ਸੋਸ ਵੀ ਪ੍ਰਗਟ ਕਰਨਾ ਚਾਹੀਦਾ ਹੈ ਕਿਉਂਕਿ ਇਸ ਪਾਬੰਦੀ ਨਾਲ ਜਿੱਥੇ ਫ਼ਿਲਮ ਨਿਰਮਾਤਾ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ , ਉੱਥੇ ਪੰਜਾਬ ਸਰਕਾਰ ਦੀ ਵੀ ਤੌਹੀਨ ਹੋਈ ਹੈ । ਪ੍ਰੈਸ ਨੂੰ ਜਾਰੀ ਇਕ ਬਿਆਨ ਵਿਚ ਮੰਚ ਆਗੂ ਨੇ ਕਿਹਾ ਕਿ ਸਾਡਾ ਹਕ ਫਿਲਮ ਸੁਪਰੀਮ ਕੋਰਟ ਵਲੋਂ ਪਾਸ ਹੋਣ ਪਿੱਛੋਂ ਇਹ ਸਾਬਤ ਹੋ ਗਿਆ ਹੈ ਕਿ ਸੈਂਸਰ ਬੋਰਡ ਵਲੋਂ ਇਸ ਫ਼ਿਲਮ ਨੂੰ ਪਾਸ ਕਰਨਾ ਠੀਕ ਕਾਰਵਾਈ ਸੀ। ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਇਸ ਨੂੰ ਪਾਸ ਕਰਨ ਲਈ ਸਿਫ਼ਾਰਸ਼ ਕਰਨਾ ਵੀ ਜ਼ਾਇਜ਼ ਸੀ ਤੇ ਪੰਜਾਬ ਦੀ ਅਫ਼ਸਾਰਸ਼ਾਹੀ ਦਾ ਇਸ ’ਤੇ ਰੋਕ ਲਾਉਣਾ ਬਿਲਕੁਲ ਗ਼ਲਤ ਕਾਰਵਾਈ ਸੀ।