April 28, 2013 admin

ਕਾਂਗਰਸ ਪਾਰਟੀ ਨੇ ਰਾਜਸੀ ਹਿੱਤਾਂ ਲਈ ਸਮਾਜ ਦੇ ਗਰੀਬ ਵਰਗਾਂ ਨੂੰ ਕੀਤਾ ਗੁੰਮਰਾਹ – ਬਾਦਲ

ਜਲੰਧਰ 28 ਅਪ੍ਰੈਲ 2013:– ਪੰਜਾਬ ਦੇ ਮੁੱਖ ਮੰਤਰੀ ਸ੍ਰ.ਪਰਕਾਸ਼ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਲਈ ਸਮਾਜ ਦੇ ਗਰੀਬ ਅਤੇ ਦਬੇ ਕੁਚਲੇ ਵਰਗਾਂ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਸ੍ਰ.ਬਾਦਲ ਅੱਜ ਇਥੇ ਆਦਿ ਧਰਮ ਸਮਾਜ ਵਲੋਂ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਦਕਰ ਜੀ ਦੀ ਜਨਮ ਦਿਵਸ ਸਬੰਧੀ ਆਯੋਜਿਤ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।

  • ਕਾਂਗਰਸ ਪਾਰਟੀ ਨੇ ਰਾਜਸੀ ਹਿੱਤਾਂ ਲਈ ਸਮਾਜ ਦੇ ਗਰੀਬ ਵਰਗਾਂ ਨੂੰ ਕੀਤਾ ਗੁੰਮਰਾਹ – ਬਾਦਲ
  • ਕੇਂਦਰ ਦੀ ਯੂ.ਪੀ.ਏ.ਸਰਕਾਰ ਹਰ ਮੁਕਾਮ ਤੇ ਫੇਲ੍ਹ
  • ਡਾ.ਬੀ.ਆਰ.ਅੰਬੇਦਕਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ
  • ਸੰਪਤੀ ਟੈਕਸ ਦੇ ਵਿਰੋਧ ਵਿਚ ਪੰਜਾਬ ਭਰ ਵਿਚ ਕੀਤੇ ਜਾਣਗੇ ਰੋਸ ਮੁਜਾਹਰੇ

ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸਾਂ ਗਰੀਬੀ ਹਟਾਓ ਵਰਗੇ ਲੁਭਾਉਣੇ ਨਾਅਰੇ ਲਗਾ ਕੇ ਗਰੀਬ ਲੋਕਾਂ ਦੀਆਂ ਵੋਟਾਂ ਬਟੋਰ ਕੇ ਅਮੀਰ ਲੋਕਾਂ ਦੇ ਹਿੱਤ ਵਿਚ ਹਮੇਸਾਂ ਨੀਤੀਆਂ ਬਣਾਈਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਗਰੀਬ ਮਾਰੂ ਨੀਤੀਆਂ ਕਰਕੇ ਹੀ ਦੇਸ਼ ਵਿਚ ਗਰੀਬੀ, ਭੁੱਖਮਰੀ, ਅਨਪੜ੍ਹਤਾ, ਭ੍ਰਿਸਟਾਚਾਰ ਵਰਗੀਆਂ ਬੁਰਾਈਆਂ ਪੈਦਾ ਹੋਈਆਂ ਹਨ ਜਦਕਿ ਦੇਸ਼ ਨੂੰ ਕੁਦਰਤ ਵਲੋਂ ਦੇਸ਼ ਦੀ ਤਰੱਕੀ ਵਾਸਤੇ ਕੁਦਰਤੀ ਸਾਧਨਾਂ ਦੀ ਕੋਈ ਘਾਟ ਨਹੀਂ ਹੈ। ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ.ਸਰਕਾਰ  ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਇਹ ਸਰਕਾਰ ਆਪਣੀਆਂ ਗਲਤ ਨੀਤੀਆਂ ਕਾਰਨ ਹਰ ਮੁਕਾਮ ਤੇ ਫੇਲ੍ਹ ਹੋਈ ਹੈ ਅਤੇ ਦੇਸ ਦੀ ਸੁਰੱਖਿਆ ਕਰਨ ਵਿਚ ਵੀ ਨਾਕਾਮ ਰਹੀ ਹੈ ਜਿਸ ਕਰਕੇ ਸਾਡੇ ਗੁਆਂਢੀ ਮੁਲਕ ਚੀਨ ਤੇ ਪਾਕਿਸਤਾਨ ਦੇਸ ਦੀ ਪ੍ਰਭੂਸੱਤਾ ਲਈ ਖਤਰਾ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਬਾਰਡਰ ਰਾਹੀਂ ਹੋ ਰਹੀ ਨਸ਼ਿਆਂ ਦ ਤਸਕਰੀ ਨੂੰ ਵੀ ਰੋਕਣ ਵਿਚ ਨਾਕਾਮ ਰਹੀ ਹੈ ਜਿਹੜੇ ਨਸ਼ੇ ਦੇਸ਼ ਦੇ ਨੌਜਵਾਨਾਂ ਨੂੰ ਕੰਮਜੋਰ ਤੇ ਬਰਬਾਦ ਕਰਨ ਦਾ ਕੰਮ ਕਰ ਰਹੇ ਹਨ ਅਤੇ ਦੇਸ ਵਿਚ ਲਾਅ ਐਂਡ ਆਰਡਰ ਦੀ ਸਮੱਸਿਆ ਵੀ ਪੈਦਾ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਕੇਂਦਰ ਦੀ ਯੂ.ਪੀ.ਏ.ਸਰਕਾਰ ਘਪਲਿਆਂ ਦੀ ਸਰਕਾਰ ਹੈ ਜਿਸ ਦੇ ਅਰਸੇ ਦੌਰਾਨ ਵੱਡੇ-ਵੱਡੇ ਘੁਟਾਲੇ ਹੋਏ ਹਨ ਜਿਨ੍ਹਾਂ ਵਿਚ ਕਾਮਨ ਵੈਲਥ ਗੇਮਜ਼, 2-ਜੀ ਸਪੈਕਟਰਮ, ਹਾਊਸਿੰਗ ਸੁਸਾਇਟੀ, ਹੈਲੀਕੈਪਟਰ ਘਪਲਾ, ਕੋਇਲਾ ਘੁਟਾਲਾ ਆਦਿ ਸ਼ਾਮਿਲ ਹਨ। ਸ੍ਰ.ਬਾਦਲ ਨੇ ਇਹ ਵੀ ਕਿਹਾ ਕਿ ਕਾਂਗਰਸ ਦੇ ਲੀਡਰਾਂ ਵਲੋਂ ਭ੍ਰਿਸਟਾਚਾਰ ਰਾਹੀਂ ਇਕੱਠਾ ਕੀਤਾ ਪੈਸਾ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ੀ ਬੈਂਕਾਂ ਵਿਚ ਜਮ੍ਹਾ ਕਰਵਾਇਆ ਗਿਆ ਹੈ ਜਿਸ ਨੂੰ ਕੇਂਦਰ ਦੀ ਯੂ.ਪੀ.ਏ.ਸਰਕਾਰ ਵਾਪਿਸ ਲਿਆਉਣ ਵਿਚ ਨਾਕਾਮ ਰਹੀ ਹੈ। 
ਮੁੱਖ ਮੰਤਰੀ ਨੇ ਅਗੇ ਕਿਹਾ ਕਿ ਕੇਂਦਰ ਦੀ ਕਾਂਗਰਸ ਸਰਕਾਰ ਵਲੋਂ ਪੰਜਾਬ ਨਾਲ ਹਮੇਸਾਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਰਿਹਾ ਹੈ ਅਤੇ ਹੁਣ ਉਹ ਫਿਰ ਪੰਜਾਬ ਦੇ ਕਿਸਾਨਾਂ ਉਤੇ ਸੰਪਤੀ ਟੈਕਸ ਲਗਾਉਣ ਦੀ ਸਾਜਿਸ ਰੱਚ ਕੇ ਪੰਜਾਬ ਦੀ ਕਿਰਸਾਨੀ ਨੂੰ ਤਬਾਹ ਕਰਨ ਦੇ ਮਨਸੂਬੇ ਬਣਾ ਰਹੀ ਹੈ। ਪੰਜਾਬ ਦੇ ਕਿਸਾਨ ਜਿਹੜੇ ਕਿ ਦੇਸ ਦੀ ਅਰਥ ਵਿਵਸਥਾ ਦੀ ਰੀੜ ਦੀ ਹੱਡੀ ਹਨ ਅਤੇ ਦੇਸ ਦੇ ਲਈ ਅਨਾਜ ਪੈਦਾ ਕਰ ਰਹੇ ਹਨ ਉਨ੍ਹਾਂ ਉਪਰ ਸੰਪਤੀ ਟੈਕਸ ਲਗਾਉਣ ਦੇ ਫੈਸਲੇ ਦਾ ਵਿਰੋਧ ਕੀਤਾ ਜਾਵੇਗਾ ਅਤੇ 2 ਮਈ ਨੂੰ ਪੰਜਾਬ ਭਰ ਵਿਚ ਧਰਨੇ ਦਿੱਤੇ ਜਾਣਗੇ ਤੇ 3 ਮਈ ਨੂੰ ਪੰਜਾਬ ਵਿਧਾਨਸਭਾ ਦਾ ਵਿਸੇਸ਼ ਇਜਲਾਸ ਬੁਲਾ ਕੇ ਇਸ ਸੰਪਤੀ ਟੈਕਸ ਦੇ ਵਿਰੋਧ ਵਿਚ ਮਤਾ ਪਾਸ ਕੀਤਾ ਜਾਵੇਗਾ।
            ਉਨ੍ਹਾਂ ਮੁੱਖ ਮੰਤਰੀ ਨੇ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਦਕਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਉਹ ਭਾਰਤੀ ਸੰਵਿਧਾਨ ਘਾੜਨੀ ਕਮੇਟੀ ਦੇ ਚੇਅਰਮੈਨ ਸਨ ।
ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ.ਭੀਮ ਰਾਓ ਜੀ ਦਾ ਜੀਵਨ ਦੇਸ ਵਾਸੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰਦਾ ਹੈ । ਉਨ੍ਹਾਂ ਨੇ ਛੂਆ-ਛਾਤ ਦੇ ਸਮੇਂ ਦੌਰਾਨ ਉੱਚ ਵਿੱਦਿਆ ਪ੍ਰਾਪਤ ਕਰਕੇ ਛੂਆ ਛਾਤ ਦੇ ਖਾਤਮੇ ਖਿਲਾਫ ਇਕ ਵੱਡਾ ਇਨਕਲਾਬ ਲਿਆਂਦਾ। ਉਹ ਉਚ ਕੋਈ ਦੇ ਪ੍ਰੋਫੈਸਰ, ਕਾਨੂੰਨ ਦਾਨ, ਇਨਕਲਾਬੀ ਅਤੇ ਰਾਜਨੀਤਿਕ ਆਗੂ ਸਨ। ਬਾਬਾ ਸਾਹਿਬ ਡਾ.ਅੰਬੇਦਕਰ ਨੇ ਗਰੀਬ ਲੋਕਾਂ ਨੂੰ ਵੋਟ ਦੀ ਸਕਤੀ ਪ੍ਰਦਾਨ ਕੀਤੀ ਅਤੇ ਉਨ੍ਹਾਂ ਔਰਤ ਦੀ ਅਜ਼ਾਦੀ ਲਈ ਭਾਰਤੀ ਸੰਵਿਧਾਨ ਵਿਚ ਵਿਵਸਥਾ ਕੀਤੀ ਅਤੇ ਦੇਸ ਦੇ ਦੱਬੇ ਕੁਚਲੇ ਲੋਕਾਂ ਨੂੰ ਦੇਸ਼ ਦੀ ਰਾਜਨੀਤੀ ਵਿਚ ਭਾਈਵਾਲ ਬਣਾਇਆ। ਉਨ੍ਹਾਂ ਕਿਹਾ ਕਿ ਡਾ: ਅੰਬੇਦਕਰ ਸਾਹਿਬ ਦੀ ਸੂਝ-ਬੂਝ ਅਤੇ ਸਿਆਣਪ ਕਰਕੇ ਉਨ੍ਹਾਂ ਨੂੰ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਬਣਾਇਆ ਗਿਆ ਅਤੇ ਉਨ੍ਹਾਂ ਦੇ ਮਰਨ ਤੋਂ ਬਾਅਦ ਉਨ੍ਹਾਂ ਨੂੰ ਭਾਰਤ ਰਤਨ ਦਾ ਖਿਤਾਬ ਦਿੱਤਾ ਗਿਆ ਜਿਹੜੀ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੇ ਪਾਏ ਪੂਰਨਿਆਂ ਤੇ ਚੱਲਦਿਆਂ ਹੀ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਸੂਬੇ ਦੇ ਹਰ ਗਰੀਬ ਨੂੰ ਰੋਟੀ ਮੁਹੱਈਆ ਕਰਵਾਉਣ ਦੇ ਮਨੋਰਥ ਨਾਲ 15 ਲੱਖ ਲੋਕਾਂ ਨੂੰ ਆਟਾ-ਦਾਲ ਦੀ ਸਹੂਲਤ ਦਿੱਤੀ ਜਾ ਰਹੀ ਹੈ ਅਤੇ ਗਰੀਬ ਲੋਕਾਂ ਦੀ ਸਮਾਜਿਕ ਸੁਰੱਖਿਆ ਲਈ 21 ਲੱਖ ਗਰੀਬਾਂ ਨੂੰ ਪੈਨਸ਼ਨ ਦੀ ਸਹੂਲਤ ਦਿੱਤੀ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਮਾਈ ਭਾਗੋ ਵਿਦਿਆ ਸਕੀਮ, ਸ਼ਗਨ ਸਕੀਮ ਅਤੇ ਹੋਰ ਵੱਖ ਵੱਖ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ।
            ਇਸ ਮੌਕੇ ਤੇ ਆਦਿ ਧਰਮ ਸਮਾਜ ਦੇ ਮੁੱਖੀ ਸ੍ਰੀ ਦਰਸ਼ਨ ਰਤਨ ਰਾਵਣ ਨੇ ਕਿਹਾ ਕਿ ਬਾਬਾ ਸਾਹਿਬ ਨੇ ਆਪਣੀ ਸਾਰੀ ਜਿੰਦਗੀ ਸਮਾਜ ਦੇ ਪਛੜੇ ਅਤੇ ਦਬੇ ਕੁਚਲੇ ਵਰਗਾਂ  ਦੇ ਭਲੇ ਅਤੇ ਉਥਾਨ ਨੂੰ ਸਮਰਪਿਤ ਕਰ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਬੇ ਕੁਚਲੇ ਸਮਾਜ ਨੂੰ ਪੜੋ-ਜੁੜੋ ਅਤੇ ਸੰਘਰਸ਼ ਕਰੋ ਦਾ ਨਾਅਰਾ ਦਿੱਤਾ ਤਾਂ ਜੋ ਉਹ ਇਸ ਦੇਸ਼ ਵਿਚ ਸੰਘਰਸ਼ ਕਰਕੇ ਰਾਜਨੀਤਿਕ ਤਾਕਤ ਦੇ ਹਿੱਸੇਦਾਰ ਬਣ ਸਕਣ। ਇਸ ਮੌਕੇ ਸ੍ਰੀ ਰਾਜ ਕੁਮਾਰ ਅਧਿਕਾਏ ਸਾਬਕਾ ਚੈਅਰਮੈਨ ਸਫਾਈ ਕਰਮਚਾਰੀ ਭਲਾਈ ਬੋਰਡ ਪੰਜਾਬ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵਲੋਂ ਬਾਲਮੀਕੀ ਭਾਈਚਾਰੇ ਨਾਲ ਸਬੰਧਿਤ 13000 ਕੱਚੇ ਸਫਾਈ ਕਰਮਚਾਰੀਆਂ ਨੂੰ ਪੱਕੇ ਕਰਨ ਤੋਂ ਇਲਾਵਾ ਭਗਵਾਨ ਬਾਲਮੀਕ ਜੀ ਦੇ ਜਨਮ ਸਥਾਨ ਰਾਮ ਤੀਰਥ ਵਿਖੇ 115 ਕਰੋੜ ਰੁਪਏ ਦੀ ਯੋਜਨਾ ਤਿਆਰ ਕੀਤੀ ਹੈ। ਉਨ੍ਹਾਂ  ਕਿਹਾ ਕਿ ਸਰਕਾਰ ਵਲੋਂ ਭਾਈ ਜੀਵਨ ਸਿੰਘ ਦੀ ਯਾਦਗਾਰ ਬਣਾਉਣ ਲਈ 5 ਕਰੋੜ ਰੁਪਏ ਮੰਨਜੂਰ ਕੀਤੇ ਗਏ ਹਨ। 
            ਇਸ ਮੌਕੇ ਤੇ ਸ੍ਰ.ਪ੍ਰਗਟ ਸਿੰਘ ਵਿਧਾਇਕ ਜਲੰਧਰ ਕੈਂਟ, ਸ੍ਰ.ਗੁਰਚਰਨ ਸਿੰਘ ਚੰਨੀ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ, ਸ੍ਰੀ ਗੁਰਕਿਰਤ ਕਿਰਪਾਲ ਸਿੰਘ ਸਪੈਸ਼ਲ ਪ੍ਰਿੰਸੀਪਲ ਸਕੱਤਰ, ਜਥੇਦਾਰ ਰਜਿੰਦਰ ਸਿੰਘ ਨਾਗਰਾ, ਸ੍ਰੀ ਬਲਜੀਤ ਸਿੰਘ ਨੀਲਾ ਮਹਿਲ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ, ਸ੍ਰੀਮਤੀ ਸ਼ਰੂਤੀ ਸਿੰਘ ਡਿਪਟੀ ਕਮਿਸ਼ਨਰ ਜਲੰਧਰ, ਸ੍ਰੀ ਗੌਰਵ ਯਾਦਵ ਪੁਲਿਸ ਕਮਿਸ਼ਨਰ ਜਲੰਧਰ ਅਤੇ ਹੋਰ ਅਕਾਲੀ ਭਾਜਪਾ ਆਗੂ ਹਾਜਰ ਸਨ।

Translate »