August 19, 2013 admin

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ‘ਚ ਹੁਣ 1 ਸਤੰਬਰ ਤੋਂ ਸ਼ੁਰੂ ਹੋਵੇਗੀ ਰਸੋਈ ਗੈਸ ਸਬਸਿਡੀ ਸਕੀਮ: ਸੇਖੜੀ ਡਿਪਟੀ ਕਮਿਸ਼ਨਰ ਵੱਲੋਂ ਗੈਸ ਏਜੰਸੀ ਮਾਲਕਾਂ, ਪ੍ਰਸ਼ਾਸਨਕ ਅਤੇ ਬੈਂਕ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਰਹਿੰਦੇ ਖਪਤਕਾਰਾਂ ਦੇ ਬੱਚਤ ਖਾਤੇ ਆਧਾਰ ਨੰਬਰ ਨਾਲ ਜੋੜਨ ਦਾ ਕੰਮ ਹੋਰ ਤੇਜ਼ ਕਰਨ ਦੀ ਹਦਾਇਤ ਜ਼ਿਲ੍ਹੇ ਦੇ 1 ਲੱਖ 8 ਹਜ਼ਾਰ ਖਪਤਕਾਰਾਂ ਨੂੰ ਮਿਲੇਗਾ ਲਾਭ ਖਪਤਕਾਰਾਂ ਨੂੰ ਐਲ.ਪੀ.ਜੀ. ਕਾਪੀ, ਆਧਾਰ ਕਾਰਡ ਅਤੇ ਬੈਂਕ ਖਾਤੇ ਦੀ ਫ਼ੋਟੋ ਕਾਪੀ ਛੇਤੀ ਤੋਂ ਛੇਤੀ ਵਿਸ਼ੇਸ਼ ਬਕਸਿਆਂ ‘ਚ ਪਾਉਣ ਜਾਂ ਬੈਂਕ ‘ਚ ਸਿੱਧੇ ਜਮ੍ਹਾਂ ਕਰਾਉਣ ਦੀ ਅਪੀਲ

 ਤਹਿਗੜ੍ਹ ਸਾਹਿਬ, 19 ਅਗਸਤ:

               ਇਸੇ ਵਰ੍ਹੇ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਰਸੋਈ ਗੈਸ ਸਬਸਿਡੀ ਸਕੀਮ ਹੁਣ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ 1 ਸਤੰਬਰ ਤੋਂ ਲਾਗੂ ਕੀਤੀ ਜਾਵੇਗੀ ਜਿਸ ਤਹਿਤ ਜ਼ਿਲ੍ਹੇ ਦੇ ਕਰੀਬ 1 ਲੱਖ 8 ਹਜ਼ਾਰ ਖਪਤਕਾਰਾਂ ਨੂੰ ਲਾਭ ਮਿਲੇਗਾ। ਡਿਪਟੀ ਕਮਿਸ਼ਨਰ ਸ੍ਰੀ ਅਰੁਣ ਸੇਖੜੀ ਨੇ ਇਹ ਜਾਣਕਾਰੀ ਅੱਜ, ਸਕੀਮ ਨੂੰ ਜ਼ਿਲ੍ਹੇ ‘ਚ ਅਗਾਊਂ ਲਾਗੂ ਕਰਨ ਦੇ ਸਨਮੁਖ ਪ੍ਰਸ਼ਾਸਨਕ ਤੇ ਬੈਂਕ ਅਧਿਕਾਰੀਆਂ ਅਤੇ ਗੈਸ ਏਜੰਸੀਆਂ ਮਾਲਕਾਂ ਨਾਲ ਮੀਟਿੰਗ ਦੌਰਾਨ ਦਿੱਤੀ। ਉਨ੍ਹਾਂ ਸਖ਼ਤ ਨਿਰਦੇਸ਼ ਦਿੱਤੇ ਕਿ ਖਪਤਕਾਰਾਂ ਦੇ ਬੱਚਤ ਖਾਤਿਆਂ ਨਾਲ ਆਧਾਰ ਕਾਰਡ ਨੰਬਰ ਜੋੜਨ ਦੇ ਕੰਮ ਨੂੰ ਹੋਰ ਤੇਜ਼ ਕੀਤਾ ਜਾਵੇ।

       ਸ੍ਰੀ ਸੇਖੜੀ ਨੇ ਦੱਸਿਆ ਕਿ ਇਸ ਸਕੀਮ ਤਹਿਤ ਰੋਸਈ ਗੈਸ ਸਬਸਿਡੀ ਸਿੱਧੀ ਖਪਤਕਾਰ ਦੇ ਬੱਚਤ ਖਾਤੇ ਵਿੱਚ ਜਾਵੇਗੀ, ਇਸ ਲਈ ਖਾਤੇ ਨਾਲ ਵਿਲੱਖਣ ਪਛਾਣ ਪੱਤਰ (ਯੂ.ਆਈ.ਡੀ.) ਦਾ ਨੰਬਰ ਜੋੜਨਾ ਲਾਜ਼ਮੀ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ 1 ਲੱਖ 7 ਹਜ਼ਾਰ 622 ਰਸੋਈ ਗੈਸ ਖਪਤਕਾਰਾਂ ਦੇ ਬੱਚਤ ਖਾਤੇ ਆਧਾਰ ਨਾਲ ਜੋੜਨ ਦੀ ਪ੍ਰਕਿਰਿਆ ਜਾਰੀ ਹੈ ਅਤੇ ਹੁਣ ਤੱਕ 40 ਫ਼ੀਸਦੀ ਤੋਂ ਵੱਧ ਖਾਤਿਆਂ ‘ਚ ਆਧਾਰ ਨੰਬਰ ਦਰਜ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਖਪਤਕਾਰਾਂ ਦੀ ਸਹੂਲਤ ਲਈ 7 ਗੈਸ ਏਜੰਸੀਆਂ ਦੇ ਬਾਹਰ ਵਿਸ਼ੇਸ਼ ਬਕਸੇ ਲਾਏ ਗਏ ਹਨ, ਜਿਥੇ ਖਪਤਕਾਰ ਆਪਣੀ ਐਲ.ਪੀ.ਜੀ. ਕੁਨੈਕਸ਼ਨ ਦੀ ਕਾਪੀ, ਆਧਾਰ ਕਾਰਡ ਅਤੇ ਬੈਂਕ ਖਾਤੇ ਦੀ ਫ਼ੋਟੋ ਕਾਪੀ ਪਾ ਸਕਦੇ ਹਨ। ਉਨ੍ਹਾਂ ਰਹਿੰਦੇ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਲੋੜੀਂਦੇ ਦਸਤਾਵੇਜ਼ ਛੇਤੀ ਤੋਂ ਛੇਤੀ ਬਕਸਿਆਂ ‘ਚ ਪਾਉਣ। ਉਨ੍ਹਾਂ ਦੱਸਿਆ ਕਿ ਖਪਤਕਾਰ ਆਪਣੇ ਬੱਚਤ ਖਾਤੇ ‘ਚ ਆਧਾਰ ਕਾਰਡ ਨੰਬਰ ਸਿੱਧਾ ਬੈਂਕਾਂ ਵਿੱਚ ਵੀ ਦਰਜ ਕਰਵਾ ਸਕਦੇ ਹਨ।

       ਡਿਪਟੀ ਕਮਿਸ਼ਨਰ ਨੇ ਗੈਸ ਏਜੰਸੀ ਮਾਲਕਾਂ ਨੂੰ ਹਦਾਇਤ ਕੀਤੀ ਕਿ ਉਹ ਖਪਤਕਾਰਾਂ ਤੋਂ ਪ੍ਰਾਪਤ ਹੋਈਆਂ ਫ਼ੋਟੋ ਕਾਪੀਆਂ ਦੇ ਆਧਾਰ ‘ਤੇ ਵਿਸ਼ੇਸ਼ ਫ਼ਾਰਮ ਭਰ ਕੇ ਰੋਜ਼ਾਨਾ ਆਧਾਰ ‘ਤੇ ਬੈਂਕਾਂ ਨੂੰ ਪੁੱਜਦੇ ਕਰਨ ਤਾਂ ਜੋ ਆਧਾਰ ਨੰਬਰ ਦਰਜ ਕਰਨ ਦੀ ਪ੍ਰਕਿਰਿਆ ਛੇਤੀ ਤੋਂ ਛੇਤੀ ਮੁਕੰਮਲ ਕੀਤੀ ਜਾ ਸਕੇ। ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਗੈਸ ਏਜੰਸੀਆਂ ਨੂੰ ਤੁਰੰਤ ਲੋੜੀਂਦੀ ਮਾਤਰਾ ‘ਚ ਫ਼ਾਰਮ ਮੁਹੱਈਆ ਕਰਾਉਣ। ਇਸ ਤੋਂ ਇਲਾਵਾ ਉਨ੍ਹਾਂ ਸਬੰਧਤ ਬੈਂਕਾਂ ‘ਚ ਆਧਾਰ ਕਾਰਡ ਨੰਬਰ ਦਰਜ ਕਰਾਉਣ ਲਈ ਵੱਖਰਾ ਕਾਊਂਟਰ ਸਥਾਪਤ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਨੂੰ ਆਦੇਸ਼ ਦਿੱਤੇ ਕਿ ਉਹ ਗੈਸ ਏਜੰਸੀਆਂ ‘ਚ ਫ਼ਾਰਮ ਚੈਕ ਕਰਨ ਲਈ ਇੰਸਪੈਕਟਰ ਪੱਧਰ ਦੇ ਅਧਿਕਾਰੀਆਂ ਦੀ ਡਿਊਟੀ ਲਾਉਣ ਤਾਂ ਜੋ ਛੋਟੀ-ਮੋਟੀ ਗ਼ਲਤੀ ਮੌਕੇ ‘ਤੇ ਹੀ ਦਰੁਸਤ ਕੀਤੀ ਜਾ ਸਕੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਸਕੀਮ ਸਬੰਧੀ ਪਿੰਡਾਂ ‘ਚ ਪ੍ਰਚਾਰ ਕਰਨ ਲਈ ਵੀ ਕਿਹਾ।

       ਮੀਟਿੰਗ ਦੌਰਾਨ ਮਿਸ ਹਰਜੋਤ ਕੌਰ ਸਹਾਇਕ ਕਮਿਸ਼ਨਰ (ਜਨਰਲ), ਸ੍ਰੀਮਤੀ ਹਰਜੀਤ ਕੌਰ ਜ਼ਿਲ੍ਹਾ ਖ਼ੁਰਾਕ ਤੇ ਵੰਡ ਕੰਟਰੋਲਰ, ਸ੍ਰੀ ਐਸ.ਕੇ. ਬਾਂਗਾ ਜ਼ਿਲ੍ਹਾ ਸੂਚਨਾ ਅਫ਼ਸਰ, ਸ. ਪ੍ਰਿਤਪਾਲ ਸਿੰਘ ਸਹਾਇਕ ਜ਼ਿਲ੍ਹਾ ਲੀਡ ਬੈਂਕ ਮੈਨੈਜਰ, ਗੈਸ ਏਜੰਸੀਆਂ ਦੇ ਨੁਮਾਇੰਦੇ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Translate »