ਜਲੰਧਰ, 19 ਅਗਸਤ 2013
ਸ੍ਰੀ ਜਸਪ੍ਰੀਤ ਸਿੰਘ ਸਿੱਧੂ ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਨੇ ਭਾਰਤੀ ਜ਼ਾਬਤਾ ਸੰਘਤਾ ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਵਾਜ਼ ਪ੍ਰਦੂਸ਼ਣ ਪੈਦਾ ਕਰਨ ‘ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ ਜਿਨ੍ਹਾਂ ਤਹਿਤ ਜਨਤਕ ਸਥਾਨਾਂ ਦੀਆਂ ਸੀਮਾਵਾਂ ‘ਤੇ ਪਟਾਖਿਆਂ ਦਾ ਸ਼ੋਰ ਪੱਧਰ ਅਤੇ ਲਾਊਡ ਸਪੀਕਰਾਂ ਦੀ ਆਵਾਜ਼ 10 ਡੀ.ਬੀ. (ਏ) ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਕੋਈ ਵੀ ਵਿਅਕਤੀ ਰਾਤ 10.00 ਵਜੇ ਤੋਂ ਸਵੇਰੇ 06.00 ਵਜੇ ਦੇ ਦਰਮਿਆਨ ਕੋਈ ਢੋਲ ਜਾਂ ਭੋਂਪੂ ਨਹੀਂ ਵਜਾ ਸਕੇਗਾ ਅਤੇ ਨਾ ਹੀ ਆਵਾਜ਼ ਪੈਦਾ ਕਰਨ ਵਾਲਾ ਕੋਈ ਯੰਤਰ ਵਜਾ ਸਕੇਗਾ ਤੇ ਨਾ ਹੀ ਸਾਊਂਡ ਐਂਪਲੀਫਾਇਰ ਦੀ ਵਰਤੋਂ ਕਰ ਸਕੇਗਾ ਸਿਵਾਏ ਜਨਤਕ ਹੰਗਾਮੀ ਹਾਲਾਤ ਦੇ। ਇਸ ਤੋਂ ਇਲਾਵਾ ਨਿੱਜੀ ਸਾਊਂਡ ਸਿਸਟਮ ਵਾਲਿਆਂ ਵਲੋਂ ਵੀ ਆਪਣੇ ਆਸ-ਪੜੋਸ ਵਿੱਚ ਸ਼ੋਰ ਦਾ ਪੱਧਰ 7.5 ਡੀ.ਬੀ.(ਏ) ਤੋਂ ਵੱਧ ਨਹੀਂ ਰੱਖਿਆ ਜਾ ਸਕੇਗਾ। ਉਨ੍ਹਾਂ ਨੇ ਆਪਣੇ ਹੁਕਮਾਂ ਵਿੱਚ ਸਪੱਸ਼ਟ ਕੀਤਾ ਹੈ ਕਿ ਰਾਤ 10.00 ਵਜੇ ਤੋਂ ਸਵੇਰੇ 06.00 ਵਜੇ ਦੇ ਦਰਮਿਆਨ ਜ਼ੋਰਦਾਰ ਆਵਾਜ਼ ਪੈਦਾ ਕਰਨ ਵਾਲੇ ਪਟਾਖਿਆਂ ਦੇ ਚਲਾਉਣ ‘ਤੇ ਮੁਕੰਮਲ ਪਾਬੰਦੀ ਹੋਵੇਗੀ ਪਰੰਤੂ ਇਹ ਪਾਬੰਦੀ ਫੁੱਲਝੜੀਆਂ ਚਲਾਉਣ ਉਪਰ ਲਾਗੂ ਨਹੀਂ ਹੋਵੇਗੀ। ਇਸ ਤੋਂ ਇਲਾਵਾ ਰਾਤ ਦੇ ਸਮੇਂ ਦੌਰਾਨ ਰਿਹਾਇਸ਼ੀ ਇਲਾਕਿਆਂ ਵਿਚ ਹਾਰਨ ਵਜਾਉਣ ‘ਤੇ ਵੀ ਪਾਬੰਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਜੇਕਰ ਉਪਰੋਕਤ ਹੁਕਮਾਂ ਦੀ ਕਿਸੇ ਵਲੋਂ ਵੀ ਉਲੰਘਣਾ ਕੀਤੀ ਗਈ ਤਾਂ ਉਸ ਦੇ ਆਵਾਜ਼ ਪੈਦਾ ਕਰਨ ਵਾਲੇ ਯੰਤਰ ਜ਼ਬਤ ਕਰ ਲਏ ਜਾਣਗੇ। ਇਹ ਹੁਕਮ 16 ਅਕਤੂਬਰ 2013 ਤੱਕ ਲਾਗੂ ਰਹਿਣਗੇ।