ਜਲੰਧਰ, 19 ਅਗਸਤ, 2013-
ਸ੍ਰੀਮਤੀ ਸ਼ਰੂਤੀ ਸਿੰਘ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਜ਼ਿਲ੍ਹੇ ਦੀਆਂ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਦੀਆਂ ਕੰਟੀਨਾਂ/ਮੈਸਾਂ ਵਿਚ ਵੀ ਬੱਚਿਆਂ ਨੂੰ ਪੌਸ਼ਟਿਕ ਅਤੇ ਮਿਆਰੀ ਭੋਜਨ ਦੇਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ ਤਾਂ ਜੋ ਬਰਸਾਤ ਦੇ ਮੌਸਮ ਵਿਚ ਲੱਗਣ ਵਾਲੀਆਂ ਬਿਮਾਰੀਆ ਤੋਂ ਬੱਚਿਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ‘ਤੇ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੇਅਰ ਵਰਲਡ ਸਕੂਲ ਅਤੇ ਕੇ. ਐਮ. ਵੀ ਕਾਲਜ ਫਾਰ ਵਿਮਨ ਦੀ ਮੈਸ ਵਿਚ ਦੁਪਹਿਰ ਦੇ ਖਾਣੇ ਦੀ ਚੈਕਿੰਗ ਕੀਤੀ ਗਈ। ਇਨ੍ਹਾਂ ਟੀਮਾਂ ਵਿਚ ਡਾ ਅਰੁਣਾ ਸਹਾਇਕ ਸਿਹਤ ਅਫ਼ਸਰ ਅਤੇ ਡਾ ਹਰਜੋਤ ਫੂਡ ਸੇਫਟੀ ਅਫ਼ਸਰ ‘ਤੇ ਆਧਾਰਿਤ ਟੀਮਾਂ ਸ਼ਾਮਿਲ ਸਨ।
ਟੀਮਾਂ ਵੱਲੋਂ ਆਪਣੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਚੈਕ ਕੀਤੇ ਗਏ ਖਾਣੇ ਦੀ ਗੁਣਵੱਤਾ ਠੀਕ ਪਾਈ ਗਈ ਅਤੇ ਨਾਲ ਹੀ ਮੈਸ ਅਤੇ ਕੰਟੀਨਾਂ ਵਿਚ ਸਫ਼ਾਈ ਵਿਵਸਥਾ ਵੀ ਤਸੱਲੀਬਖ਼ਸ਼ ਪਾਈ ਗਈ। ਟੀਮਾਂ ਵੱਲੋਂ ਪੀਣ ਵਾਲੇ ਪਾਣੀ ਦੀ ਵੀ ਜਾਂਚ ਕੀਤੀ ਗਈ ਅਤੇ ਪਾਣੀ ਤੇ ਖਾਣੇ ਦੇ ਸੈਂਪਲ ਵੀ ਲਏ ਗਏ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਪ੍ਰਾਈਵੇਟ ਸੰਸਥਾਵਾਂ ਵਿਚ ਵੀ ਦੁਪਹਿਰ ਦੇ ਖਾਣੇ ਦੀ ਚੈਕਿੰਗ ਦੀਆਂ ਹਦਾਇਤਾਂ ਸਿਹਤ ਵਿਭਾਗ ਨੂੰ ਦਿੱਤੀਆਂ ਗਈਆਂ ਹਨ ਤਾਂ ਜੋ ਸਮੇਂ-ਸਮੇਂ ‘ਤੇ ਚੈਕਿੰਗ ਰਾਹੀਂ ਸਕੂਲਾਂ-ਕਾਲਜਾਂ ਦੀਆਂ ਮੈਸਾਂ ਅਤੇ ਕੰਟੀਨਾਂ ਦੀ ਸਫ਼ਾਈ ਵਿਵਸਥਾ, ਖਾਣੇ ਅਤੇ ਪੀਣ ਵਾਲੇ ਪਾਣੀ ਦੀ ਜਾਂਚ ਵੀ ਕੀਤੀ ਜਾਵੇ।