ਜਲੰਧਰ, 19 ਅਗਸਤ, 2013-
ਭਾਸ਼ਾ ਵਿਭਾਗ, ਪੰਜਾਬ ਵੱਲੋਂ ਪਹਿਲੀ ਸਤੰਬਰ 2013 ਤੋਂ ਸ਼ੁਰੂ ਹੋਣ ਵਾਲੀਆਂ ਮੁਫ਼ਤ ਟਾਈਪ/ਸ਼ਾਰਟਹੈਂਡ (ਜਨਰਲ ਸ਼੍ਰੇਣੀ), ਪੰਜਾਬੀ ਸ਼ਾਰਟਹੈਂਡ, ਹਾਈ ਸਪੀਡ ਕਲਾਸ, ਪੰਜਾਬੀ ਸ਼ਾਰਟਹੈਂਡ ਅਧਿਐਨ ਅਤੇ ਅਧਿਆਪਨ ਕੋਰਸ ਲਈ ਸੈਸ਼ਨ 2013-14 ਦੇ ਦਾਖ਼ਲੇ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਭਾਸ਼ਾ ਅਫ਼ਸਰ ਸ੍ਰੀ ਮਨਪ੍ਰੀਤ ਸਿੰਘ ਬੱਲ ਨੇ ਦੱਸਿਆ ਕਿ ਇਨ੍ਹਾਂ ਸ਼੍ਰੇਣੀਆਂ ਵਿਚ ਦਾਖ਼ਲ ਹੋਣ ਵਾਲੇ ਚਾਹਵਾਨ ਉਮੀਦਵਾਰ ਮਿਤੀ 23 ਅਗਸਤ 2013 ਤੱਕ ਦਾਖ਼ਲਾ ਫਾਰਮ ਜਮ੍ਹਾ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸ਼੍ਰੇਣੀਆਂ ਦੀ ਇੰਟਰਵਿਊ ਦੀ ਮਿਤੀ 26 ਅਗਸਤ 2013 ਨਿਸ਼ਚਿਤ ਕੀਤੀ ਗਈ ਹੈ ਜੋ ਕਿ ਸਵੇਰੇ 11 ਵਜੇ ਤਹਿਸੀਲ ਕੰਪਲੈਕਸ, ਕਮਰਾ ਨੰ: 215, ਦੂਜੀ ਮੰਜ਼ਿਲ, ਜਲੰਧਰ ਵਿਖੇ ਹੋਵੇਗੀ। ਉਨ੍ਹਾਂ ਦੱਸਿਆ ਕਿ ਇੰਟਰਵਿਊ ਲਈ ਉਮੀਦਵਾਰਾਂ ਨੂੰ ਕੋਈ ਵੱਖਰਾ ਸੱਦਾ ਪੱਤਰ ਨਹੀਂ ਭੇਜਿਆ ਜਾਵੇਗਾ।
ਸ੍ਰੀ ਬੱਲ ਨੇ ਦੱਸਿਆ ਕਿ ਜਨਰਲ ਸ਼੍ਰੇਣੀ/ਹਾਈ ਸਪੀਡ ਸ਼੍ਰੇਣੀ ਲਈ ਵਿਦਿਅਕ ਯੋਗਤਾ ਘੱਟੋ-ਘੱਟ ਬਾਰ੍ਹਵੀਂ ਪਾਸ ਹੋਣੀ ਲਾਜ਼ਮੀ ਹੈ। ਵੱਧ ਵਿਦਿਅਕ ਯੋਗਤਾ ਵਾਲੇ ਉਮੀਦਵਾਰ ਨੂੰ ਮੈਰਿਟ ਅਨੁਸਾਰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬੀ ਸ਼ਾਰਟਹੈਂਡ ਹਾਈ ਸਪੀਡ ਕਲਾਸ ਅਤੇ ਅਧਿਐਨ ਅਤੇ ਅਧਿਆਪਨ ਸ਼੍ਰੇਣੀਆਂ ਦੀ ਮਿਤੀ 26 ਅਗਸਤ 2013 ਨੂੰ 80 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਅਤੇ ਪੰਜਾਬੀ ਸ਼ਾਹਰਟੈਂਡ ਦਾ ਟੈਸਟ ਲਿਆ ਜਾਵੇਗਾ ਅਤੇ ਪਾਸ ਉਮੀਦਵਾਰਾਂ ਨੂੰ ਹੀ ਦਾਖ਼ਲਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਧਿਐਨ ਅਤੇ ਅਧਿਆਪਨ ਕੋਰਸ ਲਈ ਉਮੀਦਵਾਰਾਂ ਦੀ ਵਿਦਿਅਕ ਯੋਗਤਾ ਘੱਟੋ-ਘੱਟ ਬੀ ਏ ਪੰਜਾਬੀ ਲਾਜ਼ਮੀ ਵਿਸ਼ੇ ਨਾਲ/ਗਿਆਨੀ ਜਾਂ ਐਮ ਏ ਪੰਜਾਬੀ ਵਿਚ ਪਾਸ ਕੀਤੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਕੋਰਸ ਪੰਜਾਬ ਸਰਕਾਰ ਵੱਲੋਂ ਮੁਫ਼ਤ ਚਲਾਏ ਜਾਂਦੇ ਹਨ ਅਤੇ ਇਨ੍ਹਾਂ ਦਾ ਸਮਾਂ ਇਕ ਸਾਲ ਦਾ ਹੋਵੇਗਾ।