August 19, 2013 admin

ਵੇਰਵਿਆਂ ਦੀ ਜਾਂਚ ਕਰਵਾਏ ਬਿਨਾਂ ਨੌਕਰ ਰੱਖਣ ‘ਤੇ ਪਾਬੰਦੀ ਦੇ ਹੁਕਮ

 ਜਲੰਧਰ, 19 ਅਗਸਤ, 2013

                       ਸ੍ਰੀ ਜਸਪ੍ਰੀਤ ਸਿੰਘ ਸਿੱਧੂ ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਨੇ ਭਾਰਤੀ ਜ਼ਾਬਤਾ ਸੰਘਤਾ ਦੀ  ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੁਲਿਸ ਕਮਿਸ਼ਨਰੇਟ ਜਲੰਧਰ ਦੀਆਂ ਸੀਮਾਵਾਂ ਵਿਚ ਰਹਿੰਦੇ ਵਸਨੀਕਾਂ, ਮਕਾਨ ਮਾਲਕਾਂ ਅਤੇ ਵਪਾਰਕ ਸੰਸਥਾਵਾਂ ਚਲਾਉਣ ਵਾਲਿਆਂ ਨੂੰ ਇਕ ਹੁਕਮ ਰਾਹੀਂ ਸਬੰਧਿਤ ਥਾਣਾ ਮੁਖੀ ਵਲੋਂ ਨਿਰਧਾਰਿਤ ਪ੍ਰੋਫਾਰਮੇ ਵਿਚ ਲਿਖਤੀ ਰੂਪ ਵਿਚ ਵੇਰਵਿਆਂ ਦੀ ਜਾਂਚ ਕਰਵਾਏ ਬਿਨਾਂ ਕਿਸੇ ਨੂੰ ਵੀ ਘਰੇਲੂ ਨੌਕਰ, ਹੈਲਪਰ ਜਾਂ ਪਾਰਟ ਟਾਈਮ ਨੌਕਰਾਣੀ ਰੱਖਣ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।  ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਭਾਰਤੀ ਜ਼ਾਬਤਾ ਸੰਘਤਾ ਦੀ ਧਾਰਾ 188 ਅਧੀਨ ਕਾਰਵਾਈ ਕੀਤੀ ਜਾਵੇਗੀ।

                       ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਸੀ ਕਿ ਘਰੇਲੂ ਨੌਕਰਾਂ ਅਤੇ ਹੋਰ ਘਰੇਲੂ ਹੈਲਪਰਾਂ ਦੀ ਜੁਰਮ ਕਰਨ ਵਿਚ ਮੁੱਖ ਭੂਮਿਕਾ ਹੁੰਦੀ ਹੈ  ਅਤੇ ਕਈ ਵਾਰ ਤਾਂ ਜੁਰਮ ਕਰਨ ਦੀਆਂ ਸਾਜਿਸ਼ਾਂ ਤਿਆਰ ਕਰਨ ਵਿਚ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਹੁੰਦੀ ਹੈ। ਜੇ ਘਰੇਲੂ ਨੌਕਰਾਂ ਬਾਰੇ ਮਿਲੀ ਜਾਣਕਾਰੀ ਦੀ ਜਾਂਚ ਪੜਤਾਲ ਨਾ ਕਰਵਾਈ ਜਾਵੇ ਤਾਂ ਮਨੁੱਖੀ ਜੀਵਨ ਤੇ ਜਨਤਕ ਜਾਇਦਾਦਾਂ ਦੀ ਸੁਰੱਖਿਆ ਨੂੰ ਭਾਰੀ ਖਤਰਾ ਪੈਦਾ ਹੋ ਸਕਦਾ ਹੈ। ਇਸ ਤੋਂ ਇਲਾਵਾ  ਅਮਨ-ਅਮਾਨ ਦੀ ਸਥਿਤੀ ਵਿਚ ਵਿਘਨ ਅਤੇ ਆਪਸੀ ਭਾਈਚਾਰੇ ਨੂੰ ਵੀ ਨੁਕਸਾਨ ਪੁੱਜ ਸਕਦਾ ਹੈ। ਇਹ ਵੀ ਵੇਖਣ ਵਿਚ ਆਇਆ ਹੈ ਕਿ ਬਹੁਤੇ ਲੋਕ ਇਸ ਮਾਮਲੇ ਵਿਚ ਪੁਲਿਸ ਨੂੰ ਸਹਿਯੋਗ ਨਹੀਂ ਦਿੰਦੇ ਅਤੇ ਜਾਂਚ-ਪੜਤਾਲ ਲਈ ਨੌਕਰਾਂ ਬਾਰੇ  ਵਿਸਥਾਰਪੂਰਵਕ ਜਾਣਕਾਰੀ ਦੇਣ ਤੋਂ ਹਿਚਕਚਾਉਂਦੇ ਹਨ ਜਿਸ ਕਰਕੇ ਇਹ ਹੁਕਮ ਜਾਰੀ ਕੀਤੇ ਗਏ ਹਨ ਜੋ 16 ਅਕਤੂਬਰ, 2013 ਤੱਕ ਲਾਗੂ ਰਹਿਣਗੇ। 

Translate »