ਲੰਧਰ, 19 ਅਗਸਤ, 2013-
ਸੂਬੇ ਵਿਚ ਖੇਤੀ ਵਿਭਿੰਨਤਾ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਸੂਬੇ ਦੀਆਂ ਸਾਰੀਆਂ ਸਹਿਕਾਰੀ ਖੰਡ ਮਿੱਲਾਂ ਦਾ ਨਵੀਨੀਕਰਨ ਅਤੇ ਲੋੜ ਅਨੁਸਾਰ ਇਨ੍ਹਾਂ ਦੀ ਸਮਰੱਥਾ ਵਿਚ ਵਾਧਾ ਕਰਨ ਲਈ ਮੁੱਖ ਮੰਤਰੀ ਪੰਜਾਬ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਐਸ. ਕੇ. ਸੰਧੂ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ ਅਤੇ ਵਿੱਤ ਕਮਿਸ਼ਨਰ ਸਹਿਕਾਰਤਾ ਨੇ ਅੱਜ ਸਹਿਕਾਰੀ ਖੰਡ ਮਿੱਲ ਭੋਗਪੁਰ ਦਾ ਦੌਰਾ ਅਤੇ ਸ਼ੂਗਰਫੈਡ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ। ਇਸ ਮੌਕੇ ਸ੍ਰੀ ਪਵਨ ਕੁਮਾਰ ਟੀਨੂ ਮੁੱਖ ਸੰਸਦੀ ਸਕੱਤਰ, ਸ੍ਰੀ ਐਮ. ਪੀ. ਅਰੋੜਾ ਐਮ. ਡੀ. ਸ਼ੂਗਰਫੈਡ ਪੰਜਾਬ ਅਤੇ ਸ੍ਰੀ ਹਰਦੀਪ ਸਿੰਘ ਢਿੱਲੋਂ ਚੇਅਰਮੈਨ ਭੋਗਪੁਰ ਸਹਿਕਰੀ ਖੰਡ ਮਿੱਲ ਭੋਗਪੁਰ ਵੀ ਉਨ੍ਹਾਂ ਦੇ ਨਾਲ ਸਨ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦੇ ਪਹਿਲੇ ਪੜਾਅ ਅਨੁਸਾਰ ਸਹਿਕਾਰੀ ਖੰਡ ਮਿੱਲ ਭੋਗਪੁਰ ਦਾ 125 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕਰਕੇ ਇਸ ਦੀ ਗੰਨਾ ਪੀੜਨ ਸਮਰੱਥਾ 1016 ਟਨ ਰੋਜ਼ਾਨਾ ਤੋਂ ਵਧਾ ਕੇ 4000 ਟਨ ਰੋਜ਼ਾਨਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੋਰਨਾਂ ਸਹਿਕਾਰੀ ਖੰਡ ਮਿੱਲਾਂ ਦਾ ਵੀ ਨਵੀਨੀਕਰਨ ਕਰਕੇ ਉਨ੍ਹਾਂ ਦੀ ਪੀੜਨ ਸਮਰੱਥਾ ਵਿਚ ਲੋੜ ਅਨੁਸਾਰ ਵਾਧਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ੍ਰੀ ਪਵਨ ਕੁਮਾਰ ਟੀਨੂ ਮੁੱਖ ਸੰਸਦੀ ਸਕੱਤਰ ਸਹਿਕਾਰੀ ਖੰਡ ਮਿੱਲ ਭੋਗਪੁਰ ਦੇ ਨਵੀਨੀਕਰਨ ਅਤੇ ਇਸ ਦੀ ਸਮਰੱਥਾ ਵਧਾਉਣ ਲਈ ਸ: ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਤੋਂ ਲਗਾਤਾਰ ਮੰਗ ਕਰਦੇ ਆ ਰਹੇ ਸਨ ਜਿਸ ਨੂੰ ਮੁੱਖ ਮੰਤਰੀ ਵੱਲੋਂ ਪੂਰਾ ਕਰਦਿਆਂ ਆਪਣੀ ਸਹਿਮਤੀ ਦੇ ਦਿੱਤੀ ਹੈ।
ਸ੍ਰੀ ਸੰਧੂ ਨੇ ਕਿਹਾ ਕਿ ਭੋਗਪੁਰ ਮਿੱਲ ਦੇ ਨਵੀਨੀਕਰਨ ਨਾਲ ਹਰੇਕ ਸਾਲ 7 ਤੋਂ 10 ਕਰੋੜ ਰੁਪਏ ਦਾ ਸਾਲਾਨਾ ਲਾਭ ਹੋਵੇਗਾ ਅਤੇ ਨਵੀਨੀਕਰਨ ਦਾ ਕੰਮ ਸਾਲ-ਡੇਢ ਸਾਲ ਵਿਚ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਮਿੱਲ ਨਾਲ ਜੁੜੇ 366 ਪਿੰਡਾਂ ਦੇ ਕਿਸਾਨਾਂ ਨੂੰ ਲਾਭ ਮਿਲੇਗਾ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਮਿਲਣਗੇ। ਉਨ੍ਹਾਂ ਕਿਹਾ ਕਿ ਮਿੱਲ ਵਿਚ ਨਵਾਂ ਪਲਾਂਟ ਲੱਗਣ ਨਾਲ ਪੈਦਾ ਹੋਣ ਵਾਲੀ ਬਿਜਲੀ ਨਾਲ ਮਿੱਲ ਦੀਆਂ ਆਪਣੀਆਂ ਲੋੜਾਂ ਪੂਰੀਆਂ ਹੋਣ ਤੋਂ ਇਲਾਵਾ ਵਾਧੂ ਬਿਜਲੀ ਗਰਿੱਡ ਨੂੰ ਸਪਲਾਈ ਲਈ ਬਾਹਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਖੇਤੀ ਵਿਭਿੰਨਤਾ ਨੂੰ ਹੁਲਾਰਾ ਮਿਲੇਗਾ ਅਤੇ ਮਿੱਲ ਦੀ ਆਮਦਨ ਵਿਚ ਵਾਧਾ ਹੋਣ ਨਾਲ ਗੰਨਾ ਕਾਸ਼ਤਕਾਰਾਂ ਦੀ ਗੰਨੇ ਦੀ ਅਦਾਇਗੀ ਸਮੇਂ ਸਿਰ ਹੋ ਸਕੇਗੀ।
ਇਸ ਮੌਕੇ ਸ੍ਰੀ ਐਚ. ਐਸ. ਸਾਰੰਗਲ ਜੀ. ਐਮ. ਸ਼ੂਗਰਫੈਡ ਹੈਡਕੁਆਰਟਰ, ਸ੍ਰੀ ਐਮ. ਪੀ. ਸਿੰਘ ਜੀ. ਐਮ ਸ਼ੂਗਰਫੈਡ, ਸ੍ਰੀ ਹਰਦੀਪ ਸਿੰਘ ਢਿੱਲੋਂ ਚੇਅਰਮੈਨ ਭੋਗਪੁਰ ਸਹਿਕਰੀ ਖੰਡ ਮਿੱਲ, ਸ੍ਰੀ ਪਰਮਜੀਤ ਸਿੰਘ ਪ੍ਰੋਗਰੈਸਿਵ ਫਾਰਮਰ, ਸ੍ਰੀ ਅਮਨਦੀਪ ਸਿੰਘ ਵਾਈਸ ਚੇਅਰਮੈਨ, ਸ੍ਰੀ ਬੀ. ਐਸ. ਗਿੱਲ ਜੀ ਐਮ ਭੋਗਪੁਰ ਮਿੱਲ, ਸ੍ਰੀ ਸਵਰਨ ਸਿੰਘ ਮੈਂਬਰ ਸ਼ੂਗਰਕੇਨ ਕੰਟਰੋਲ ਬੋਰਡ, ਸ੍ਰੀ ਐਚ. ਐਸ. ਬੋਲੀਨਾ, ਸ੍ਰੀ ਜਸਬੀਰ ਸਿੰਘ ਢਿੱਲੋਂ, ਸਤਨਾਮ ਸਿੰਘ, ਸਵਰਨ ਸਿੰਘ, ਗੁਰਕਮਲ ਸਿੰਘ (ਸਾਰੇ ਡਾਇਰੈਕਟਰ ਖੰਡ ਮਿੱਲ ਭੋਗਪੁਰ) ਅਤੇ ਹੋਰ ਅਧਿਕਾਰੀ ਹਾਜ਼ਰ ਸਨ।