ਜਲੰਧਰ 22 ਅਗਸਤ 2013
ਪੰਜਾਬ ਦੀਆਂ ਸਹਿਕਾਰੀ ਬੈਂਕਾਂ ਦੇ ਕੰਮਕਾਜ ਵਿਚ ਸੁਧਾਰ ਲਿਆਉਣ ਲਈ 116 ਬੈਂਕ ਅਧਿਕਾਰੀਆਂ ਅਤੇ 500 ਕਲਰਕ-ਕਮ-ਡਾਟਾ ਐਂਟਰੀ ਅਪਰੇਟਰਾਂ ਦੀ ਭਰਤੀ ਜਲਦ ਕੀਤੀ ਜਾਵੇਗੀ। ਇਹ ਜਾਣਕਾਰੀ ਸ੍ਰੀ ਅਰੁਨਜੀਤ ਸਿੰਘ ਮਿਗਲਾਨੀ ਰਜਿਸਟਰਾਰ ਸਹਿਕਰੀ ਸਭਾਵਾਂ ਪੰਜਾਬ ਨੇ ਜਲੰਧਰ ਵਿਖੇ ਸੈਂਟਰਲ ਕੋਆਪ੍ਰੇਟਿਵ ਬੈਂਕ ਦੀ ਆਖ਼ਰੀ 842ਵੀਂ ਬਰਾਂਚ ਵਿਚ ਕੋਰ ਬੈਕਿੰਗ ਸਲਿਊਸ਼ਨ ਲਾਗੂ ਕਰਨ ਦੀ ਰਸਮ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਭਰਤੀ ਕੀਤੇ ਜਾਣ ਵਾਲੇ ਬੈਂਕ ਅਧਿਕਾਰੀਆਂ ਵਿਚ 25 ਸੀਨੀਅਰ ਮੈਨੇਜਰ, 70 ਮੈਨੇਜਰ , 21 ਸੂਚਨਾ ਤਕਲਾਲੋਜੀ ਅਫ਼ਸਰ ਅਤੇ 500 ਕਲਰਕ-ਕਮ-ਡਾਟਾ ਐਂਟਰੀ ਅਪਰੇਟਰ ਸ਼ਾਮਿਲ ਹਨ। ਇਸ ਮੌਕੇ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਚੰਡੀਗੜ੍ਹ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਕਮਲਦੀਪ ਸਿੰਘ ਸੰਘਾ ਵੀ ਉਨ੍ਹਾਂ ਦੇ ਨਾਲ ਸਨ।
ਸ੍ਰੀ ਮਿਗਲਾਨੀ ਨੇ ਕਿਹਾ ਕਿ ਸਹਿਕਾਰੀ ਬੈਂਕਾਂ ਨੂੰ ਪੇਸ਼ੇਵਰ ਪਹੁੰਚ ਅਪਣਾਉਣ ਬਾਰੇ ਵੀ ਸਰਕਾਰ ਵੱਲੋਂ ਅਹਿਮ ਫ਼ੈਸਲਾ ਕੀਤਾ ਗਿਆ ਹੈ ਅਤੇ ਹੁਣ ਸੈਂਟਰ ਕੋਆਪ੍ਰੇਟਿਵ ਬੈਂਕਾਂ ਵਿਚ ਚੁਣੇ ਹੋਏ ਮੈਨੇਜਿੰਗ ਡਾਇਰੈਕਟਰਾਂ ਦੀ ਥਾਂ ‘ਤੇ ਬੈਂਕਿੰਗ ਖੇਤਰ ਦੇ ਮਾਹਿਰ/ਪੇਸ਼ੇਵਰ ਅਧਿਕਾਰੀਆਂ ਦੀ ਬਤੌਰ ਮੈਨੇਜਿੰਗ ਡਾਇਰੈਕਟਰ ਨਿਯੁਕਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਰਾਂਚਾ ਦੀ ਦਿੱਖ ਨੂੰ ਸੁਧਾਰਨ ਲਈ ਵੀ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਹੈ ਅਤੇ ਮੁੱਖ ਮੰਤਰੀ ਪੰਜਾਬ ਵੱਲੋਂ ਖੁਦ ਇਨ੍ਹਾਂ ਸਾਰੇ ਕੰਮਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਚੰਡੀਗੜ੍ਹ ਅਤੇ ਰਾਜ ਦੀਆਂ 20 ਸੈਂਟਰਲ ਕੋਆਪ੍ਰੇਟਿਵ ਬੈਂਕਾਂ ਦੀਆਂ ਸਾਰੀਆਂ ਬਰਾਂਚਾਂ ਵਿਚ ਕੋਰ ਬੈਂਕਿੰਗ ਸਲਿਊਸ਼ਨ ਲਾਗੂ ਹੋ ਗਿਆ ਹੈ ਜਿਸ ਨਾਲ ਕੋਆਪ੍ਰੇਟਿਵ ਬੈਂਕ ਵੀ ਵਪਾਰਕ ਬੈਂਕਾਂ ਵਾਂਗ ਆਪਣੇ ਗਾਹਕਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਆਧੁਨਿਕ ਬੈਂਕਿੰਗ ਸਹੂਲਤਾਂ ਮੁਹੱਈਆ ਕਰ ਸਕਣਗੇ।
ਸ੍ਰੀ ਮਿਗਲਾਨੀ ਨੇ ਦੱਸਿਆ ਕਿ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਚੰਡੀਗੜ੍ਹ ਅਤੇ ਸੈਂਟਰਲ ਕੋਆਪ੍ਰੇਟਿਵ ਬੈਂਕਾਂ ਵੱਲੋਂ ਆਪਣੇ ਗਾਹਕਾਂ ਨੂੰ ਆਰ. ਟੀ. ਜੀ. ਐਸ/ਐਨ. ਈ. ਐਫ. ਟੀ ਦੀ ਸਹੂਲਤ ਵੀ 30 ਸਤੰਬਰ ਤੱਕ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਖਾਤੇਦਾਰਾਂ ਨੂੰ ਡਾਇਰੈਕਟ ਬੈਨੇਫਿਟ ਟ੍ਰਾਂਸਫਰ ਸੇਵਾਵਾਂ ਵੀ ਉਪਲਬਧ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਬੈਂਕ ਵੱਲੋਂ ਏ. ਟੀ. ਐਮ ਦੀ ਸੁਵਿਧਾ ਪ੍ਰਦਾਨ ਕਰਨ ਲਈ ਵੀ ਠੋਸ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਤਹਿਤ ਪਹਿਲੇ ਪੜਾਅ ਵਿਚ 100 ਏ ਟੀ ਐਮ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਹਿਕਾਰੀ ਬੈਂਕਾਂ ਵੱਲੋਂ ਕਿਸਾਨਾਂ ਨੂੰ 9,71,000 ਕਿਸਾਨ ਕ੍ਰੈਡਿਟ ਕਾਰਡ ਜਾਰੀ ਕੀਤੇ ਗਏ ਹਨ ਅਤੇ ਸੀ. ਬੀ. ਐਸ ਲਾਗੂ ਹੋਣ ਨਾਲ ਇਨ੍ਹਾਂ ਕਾਰਡਾਂ ਨੂੰ ਏ ਟੀ ਐਮ/ਸਮਾਰਟ ਕਾਰਡ ਵਿਚ ਤਬਦੀਲ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱÎਸਿਆ ਕਿ ਸਾਲ 2012-13 ਦੌਰਾਨ ਸਹਿਕਾਰੀ ਬੈਂਕਾਂ ਵੱਲੋਂ 10,720 ਕਰੋੜ ਰੁਪਏ ਦੇ ਕਰਜ਼ੇ ਪ੍ਰਦਾਨ ਕੀਤੇ ਗਏ ਹਨ।