August 22, 2013 admin

ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਫਸਲਾਂ ਅਤੇ ਘਰਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਵਿਸ਼ੇਸ ਗਰਦਾਵਰੀ ਕੀਤੀ ਜਾਵੇਗੀ- ਡਿਪਟੀ ਕਮਿਸ਼ਨਰ

 ਕਪੂਰਥਲਾ, 22 ਅਗਸਤ :

       ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਫਸਲਾਂ ਅਤੇ ਘਰਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਵਿਸ਼ੇਸ ਗਰਦਾਵਰੀ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਉਚਿਤ ਮੁਆਵਜ਼ਾ ਮਿਲ ਸਕੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਡੀ. ਐੱਸ. ਮਾਂਗਟ ਨੇ ਅੱਜ ਸਥਾਨਕ ਯੋਜਨਾ ਭਵਨ ਵਿਖੇ ਜ਼ਿਲ੍ਹੇ ਦੇ ਮਾਲ ਵਿਭਾਗ ਦੇ ਕੰਮਾਂ ਲਈ ਮਾਲ ਅਧਿਕਾਰੀਆਂ ਨਾਲ ਕੀਤੀ ਗਈ ਵਿਸ਼ੇਸ ਮੀਟਿੰਗ ਦੌਰਾਨ ਦਿੱਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਗੁਰਪੀ੍ਰਤ ਸਿੰਘ ਖਹਿਰਾ, ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਸ੍ਰੀ ਐੱਸ. ਕੇ. ਸਿੰਗਲਾ, ਜ਼ਿਲ੍ਹਾ ਮਾਲ ਅਫ਼ਸਰ ਸ਼੍ਰੀਮਤੀ ਪਿੰਕੀ ਦੇਵੀ, ਐੱਸ. ਡੀ. ਐੱਮ. ਫਗਵਾੜਾ ਸ਼੍ਰੀ ਪਰਵਿੰਦਰਪਾਲ ਸਿੰਘ, ਐੱਸ. ਡੀ. ਐੱਮ. ਭੁਲੱਥ ਸ੍ਰੀ ਸ਼ੁਭਾਸ ਚੰਦਰ ਅਤੇ ਐੱਸ. ਡੀ. ਐੱਮ. ਕਪੂਰਥਲਾ ਸ੍ਰੀ ਦਰਬਾਰਾ ਸਿੰਘ ਤੋਂ ਇਲਾਵਾ ਮਾਲ ਵਿਭਾਗ ਦੇ ਹੋਰ ਅਫ਼ਸਰ ਵੀ ਹਾਜ਼ਰ ਸਨ।

       ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਬ-ਡਵੀਜ਼ਨਾਂ ਦੇ ਮਾਲ ਅਫ਼ਸਰਾਂ ਨੂੰ ਕੀਤੀਆਂ ਰਜਿਸਟਰੀਆਂ ਅਤੇ ਦਰਜ ਕੀਤੇ ਗਏ ਇੰਤਕਾਲਾਂ ਦੀ ਕੰਪਲੀਟ ਰਿਪੋਰਟ ਤਿਆਰ ਕਰਕੇ ਸੋਮਵਾਰ ਤੱਕ ਭੇਜਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਉਹਨਾਂ ਕਿਹਾ ਕਿ ਸਾਰੇ ਰਜਿਸਟਰਾਰ ਅਤੇ ਸਬ ਰਜਿਸਟਰਾਰ ਪੁਰਾਣੇ ਇੰਤਕਾਲ ਚੈੱਕ ਕਰਕੇ ਉਹਨਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਨ। ਸ੍ਰੀ ਮਾਂਗਟ ਨੇ ਜ਼ਿਲ੍ਹੇ ਵਿੱਚ ਬਕਾਇਆ ਪਏ ਨਿਸ਼ਾਨਦੇਹੀਆਂ ਦੇ ਕੇਸਾਂ ਨੂੰ 7 ਸਤੰਬਰ 2013 ਤੱਕ ਖਤਮ ਕਰਨ ਲਈ ਵੀ ਸਬੰਧਿਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ।

ਇਸ ਮੌਕੇ ਉਨ੍ਹਾਂ ਮਾਲ ਅਫ਼ਸਰਾਂ ਨੂੰ ਪਟਵਾਰੀਆਂ ਦੇ ਰਿਕਾਰਡ ਦੀ ਸਮੇਂ-ਸਮੇਂ ‘ਤੇ ਚੈਕਿੰਗ ਕਰਨ ਲਈ ਕਿਹਾ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਕੁਤਾਹੀ ਨਾ ਹੋਵੇ। ਇਸ ਮੌਕੇ ਉਨ੍ਹਾਂ ਸਖਤ ਤਾੜਨਾ ਕਰਦੇ ਹੋਏ ਕਿਹਾ ਕਿ ਜਿਹੜੇ ਪਟਵਾਰੀਆਂ ਨੇ ਜਮ੍ਹਾਂਬੰਦੀਆਂ ਚੈੱਕ ਕਰਕੇ ਦੁਬਾਰਾ ਦਾਖਲ ਨਹੀਂ ਕੀਤੀਆਂ ਉਹ ਜਲਦੀ ਤੋਂ ਜਲਦੀ ਸਦਰ ਕਾਨੂੰੰਨਗੋ ਦਫ਼ਤਰ ਜਮ੍ਹਾਂਬੰਦੀਆਂ ਦਾਖਲ ਕਰਵਾਉਣ, ਅਜਿਹਾ ਨਾ ਕਰਨ ਵਾਲੇ ਪਟਵਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਉਹਨਾਂ ਮਾਲ ਅਧਿਕਾਰੀਆਂ ਨੂੰ ਤਕਸੀਮ ਦੇ ਦੋ ਸਾਲ ਤੋਂ ਪੁਰਾਣੇ ਕੇਸਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਨ ਲਈ ਵੀ ਸਖਤ ਹਦਾਇਤਾਂ ਜਾਰੀ ਕੀਤੀਆਂ।

ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਪੁਲਿਸ ਤੇ ਸਿਵਲ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਜ਼ਿਲ੍ਹੇ ਵਿੱਚ ਧਾਰਾ 144 ਨੂੰ ਸਖਤੀ ਨਾਲ ਲਾਗੂ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਜ਼ਿਲ੍ਹੇ ਵਿੱਚ ਆਵਾਜ਼ ਪ੍ਰਦੂਸ਼ਣ ਨਾਲ ਨਿਪਟਣ ਲਈ 10 ਵਜੇ ਤੋਂ ਬਾਅਦ ਡੀ. ਜੇ. ਵਜਾਉਣ ਦੀ ਮਨਾਹੀ ਨੂੰ ਸਖਤੀ ਨਾਲ ਲਾਗੂ ਕਰਨ ਲਈ ਨਿਰਦੇਸ਼ ਜਾਰੀ ਕੀਤੇ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੀ ਪੁਲਿਸ ਵਿਭਾਗ ਨੂੰ ਸਖਤੀ ਵਰਤਣ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਕਪੂਰਥਲ਼ਾ ਅਤੇ ਫਗਵਾੜਾ ਸ਼ਹਿਰਾਂ ਦੇ ਬਾਜ਼ਾਰਾਂ ਵਿੱਚ ਸੜਕਾਂ ਦੁਆਲੇ ਕੀਤੇ ਗਏ ਨਜ਼ਾਇਜ ਕਬਜ਼ਿਆਂ ਨੂੰ ਸਖਤੀਆਂ ਨਾਲ ਹਟਾਉਣ ਲਈ ਕਾਰਜ ਸਾਧਕ ਅਫ਼ਸਰਾਂ ਨੂੰ ਜਰੂਰੀ ਹਦਾਇਤਾਂ ਜਾਰੀਆਂ ਕੀਤੀਆਂ ਤਾਂ ਜੋ ਆਵਾਜਾਈ ਨੂੰ ਹੋਰ ਸੁਖਾਲਾ ਬਣਾਇਆ ਜਾ ਸਕੇ।

Translate »