ਬਰਨਾਲਾ, 21 ਅਗਸਤ- ਬਰਨਾਲਾ ਜ਼ਿਲ੍ਹੇ ਵਿੱਚ ਚੱਲ ਰਹੀਆਂ ਕਾਲੇ ਕੱਛਾ ਗਿਰੋਹ ਦੀ ਅਫਵਾਹਾਂ ਦੇ ਮੱਦੇਨਜ਼ਰ ਐਸ.ਐਸ.ਪੀ ਬਰਨਾਲਾ ਸ੍ਰੀ ਸਨੇਹਦੀਪ ਸ਼ਰਮਾ ਦੁਆਰਾ ਜਾਰੀ ਕੀਤੀਆਂ ਹਦਾਇਤਾਂ ਦੇ ਅਨੁਸਾਰ ਡੀ.ਐਸ.ਪੀ. ਬਰਨਾਲਾ ਸ੍ਰ. ਹਰਪਾਲ ਸਿੰਘ ਨੇ ਪਿੰਡ ਸੰਘੇੜਾ ਦੇ ਮੋਹਤਬਰ ਆਗੂਆਂ ਅਤੇ ਪਤਵੰਤੇ ਸੱਜਣਾਂ ਨਾਲ ਮੀਟਿੰਗ ਕੀਤੀ ਅਤੇ ਕਾਲਾ ਕੱਛਾ ਗਿਰੋਹ ਬਾਰੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਦੇ ਸੰਬਧੀ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਇਹ ਅਫ਼ਵਾਹਾਂ ਸ਼ਰਾਰਤੀ ਅਨਸਰਾਂ ਦੁਆਰਾ ਫੈਲਾਈਆਂ ਜਾ ਰਹੀਆਂ ਹਨ, ਜਿਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਜੇਕਰ ਇਨ੍ਹਾਂ ਸ਼ਰਾਰਤੀ ਅਨਸਰਾਂ ਬਾਰੇ ਕਿਸੇ ਵੀ ਵਿਅਕਤੀ ਨੂੰ ਪਤਾ ਲੱਗਦਾ ਹੈ ਤਾਂ ਉਸਦੀ ਜਾਣਕਾਰੀ ਨੇੜੇ ਦੇ ਪੁਲਿਸ ਸਟੇਸ਼ਨ ਤੁਰੰਤ ਦਿੱਤੀ ਜਾਵੇ ਤਾਂ ਜੋ ਇਸ ਤਰ੍ਹਾਂ ਦੇ ਸ਼ਰਾਰਤੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕੇ ਅਤੇ ਅਫ਼ਵਾਹਾਂ ਤੇ ਰੋਕ ਲਗਾਈ ਜਾ ਸਕੇ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਅਫ਼ਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਬਰਨਾਲਾ ਪੁਲਿਸ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਮੀਟਿੰਗ ਵਿੱਚ ਕਰਮਜੀਤ ਸਿੰਘ ਐਮ.ਸੀ., ਗੁਰਮੀਤ ਸਿੰਘ ਐਮ.ਸੀ., ਮੁਖਤਿਆਰ ਸਿੰਘ ਸਾਬਕਾ ਐਮ.ਸੀ., ਦਰਸ਼ਨ ਸਿੰਘ ਕਲੇਰ, ਭੋਲਾ ਸਿੰਘ, ਦਰਸ਼ਨ ਸਿੰਘ ਆੜਤੀਆਂ, ਨਾਜਰ ਸਿੰਘ, ਜਰਨੈਲ ਸਿੰਘ, ਜਸਮੇਲ ਸਿੰਘ ਸਾਬਕਾ ਐਮ.ਸੀ., ਕਰਨੈਲ ਸਿੰਘ, ਸੁੱਖਦੇਵ ਸਿੰਘ, ਜਰਨੈਲ ਸਿੰਘ ਜੈਲਾ, ਗੁਰਦੀਪ ਸਿੰਘ ਬਾਵਾ, ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ। ਇਸ ਮੌਕੇ ਚੌਂਕੀ ਇੰਚਾਰਜ਼ ਇੰਡਸਟਰੀ ਏਰੀਆ ਏ. ਐਸ.ਆਈ. ਮਨਜੀਤ ਸਿੰਘ ਨੇ ਵੀ ਪਿੰਡ ਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।