ਬਰਨਾਲਾ, 22 ਅਗਸਤ – ਸੰਸਾਰ ਪ੍ਰਸਿੱਧ ਸਹਿਕਾਰੀ ਸੰਸਥਾ ਇਫਕੋ ਦੀ ਬਰਨਾਲਾ ਇਕਾਈ ਵੱਲੋਂ ਇੱਕ ਜ਼ਿਲ੍ਹਾ ਪੱਧਰੀ ਸਹਿਕਾਰੀ ਕੈਂਪ ਬਰਨਾਲਾ ਵਿਖੇ ਲਗਾਇਆ ਗਿਆ। ਜਿਸ ਵਿੱਚ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਦੇ ਇੰਸਪੈਕਟਰ, ਮੈਨੇਜ਼ਰ ਅਤੇ ਅਗਾਂਹਵਧੂ ਸਹਿਕਾਰੀ ਉਦਮੀਆਂ ਨੇ ਭਾਗ ਲਿਆ। ਇਸ ਕੈਂਪ ਦੀ ਪ੍ਰਧਾਨਗੀ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਜ਼ਿਲ੍ਹਾ ਬਰਨਾਲਾ/ਸੰਗਰੂਰ ਸ: ਰਾਜਿੰਦਰ ਪਾਲ ਕੰਡੇ ਨੇ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਲਗਾਏ ਜਾ ਰਹੇ ਜਾਗਰੂਕਤਾ ਕੈਂਪ ਵਿੱਚ ਹਰੇਕ ਅਦਾਰੇ ਨੂੰ ਵੱਧ-ਚੜ੍ਹ ਕਿ ਸ਼ਾਮਿਲ ਹੋਣਾ ਚਾਹੀਦਾ ਹੈ ਅਤੇ ਆਪਣੀਆਂ ਸਕੀਮਾਂ ਲੋਕਾਂ ਤੱਕ ਪਹੁੰਚਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਤਹਿਤ ਸਹਿਕਾਰਤਾ ਲਹਿਰ ਦੀਆਂ ਕਈ ਇਕਾਈਆਂ ਮਿਲ ਕੇ ਇੱਕਠੀਆਂ ਕੰਮ ਕਰਦੀਆਂ ਹਨ ਅਤੇ ਕਿਸਾਨਾਂ ਨੂੰ ਆਪਣੇ ਪਿੰਡਾਂ ਵਿੱਚ ਸਹਿਕਾਰੀ ਸਭਾਵਾਂ ਬਣਾ ਕੇ ਸਰਕਾਰ ਵੱਲੋਂ ਦਿੱਤੀਆ ਜਾ ਰਹੀਆ ਸਹੂਲਤਾਂ ਦਾ ਲਾਭ ਲੈਣਾ ਚਾਹੀਦਾ ਹੈ।
ਇਸ ਮੌਕੇ ਬਹਾਦਰ ਸਿੰਘ ਸੀਨੀਅਰ ਏਰੀਆਂ ਮਨੈਜਰ ਇਫਕੋ ਪਟਿਆਲਾ ਨੇ ਇਫਕੋ ਦੀਆਂ ਚਲਾਈਆ ਜਾ ਰਹੀਆ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਫਕੋ ਖਾਦ ਖਰੀਦ ਕਰਨ ਵਾਲੇ ਕਿਸਾਨ ਦਾ ਪ੍ਰਤੀ ਥੈਲਾ 4000 ਰੁਪਏ ਤੱਕ ਮੁਫ਼ਤ ਬੀਮਾ ਹੋ ਜਾਂਦਾ ਹੈ ਅਤੇ ਕਿਸੇ ਵੀ ਕਿਸਾਨ ਕੋਲੋਂ ਉਸਦੀ ਵਾਧੂ ਰਾਸ਼ੀ ਨਹੀਂ ਲਈ ਜਾਂਦੀ। ਉਨ੍ਹਾਂ ਦੱਸਿਆ ਕਿ ਇਹ ਬੀਮਾ ਰਕਮ ਵੱਧ ਤੋਂ ਵੱਧ 1 ਲੱਖ ਰੁਪਏ ਤੱਕ ਦਿੱਤੀ ਜਾਂਦੀ ਹੈ।
ਉਨ੍ਹਾਂ ਨੇ ਕਿਸਾਨਾਂ ਨੂੰ ਰਸਾਇਣਕ ਖਾਦਾਂ ਦੇ ਨਾਲ ਜੈਵਿਕ ਖਾਦਾਂ, ਰੂੜੀ ਖਾਦ ਅਤੇ ਹਰੀ ਖਾਦ ਦੀ ਵਰਤੋਂ ਕਰਨ ਲਈ ਪ੍ਰੇਰਿਆ। ਉਨ੍ਹਾਂ ਦੱਸਿਆ ਕਿ ਜੈਵਿਕ ਖਾਦਾਂ ਦੇ ਨਾਲ-ਨਾਲ ਜਿੱਥੇ ਧਰਤੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ। ਉੱਥੇ ਨਾਲ ਹੀ ਇਸ ਖਾਦ ਦੀ ਵਰਤੋਂ ਨਾਲ ਵਾਤਾਵਰਨ ਵਿੱਚ ਕੋਈ ਵਿਗਾੜ ਪੈਦਾ ਨਹੀਂ ਹੁੰਦਾ। ਉਨ੍ਹਾਂ ਨੇ ਦੱਸਿਆ ਕਿ ਪਰਾਲੀ ਨੂੰ ਸਾੜਨ ਨਾਲ ਹਰ ਸਾਲ ਪੰਜਾਬ ਵਿੱਚ 150 ਕਰੋੜ ਰੁਪਏ ਦੇ ਬੂਟੇ ਦੇ ਜਰੂਰੀ ਤੱਤ ਨਸ਼ਟ ਹੋ ਜਾਂਦੇ ਹਨ, ਅਤੇ ਦੂਜਾ ਇਸ ਨਾਲ ਵਾਤਾਵਰਨ ਵਿੱਚ ਵੱਡੀ ਸਮੱਸਿਆਵਾਂ ਪੈਦਾ ਹੁੰਦੀ ਹੈ, ਬਹੁਤ ਸਾਰੇ ਸੜਕੀ ਹਾਦਸੇ ਹੋ ਜਾਂਦੇ ਹਨ। ਅੰਤ ਵਿੱਚ ਉਨ੍ਹਾਂ ਨੇ ਸੁੰਤਲਿਤ ਖਾਦਾਂ ਬਾਰੇ ਜਾਣਕਾਰੀ ਦਿੰਦੇ ਹੋਏ, ਇਫਕੋ ਵੱਲੋਂ ਲਗਾਏ ਜਾਂਦੇ ਡਾਕਟਰੀ ਸਹਾਇਤਾ ਕੈਂਪ, ਪ੍ਰਦਰਸ਼ਨੀ ਪਲਾਂਟ, ਖੇਤੀਬਾੜੀ ਯੂਨੀਵਰਸਿਟੀ ਦੇ ਮੇਲੇ ਸਬੰਧੀ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਤੇ ਸੋਹਣ ਸਿੰਘ ਫੀਲਡ ਅਫ਼ਸਰ ਇਫਕੋ ਨੇ ਕਿਹਾ ਕਿ ਖੇਤੀ ਸਬੰਧੀ ਆ ਰਹੀਆਂ ਸਮੱਸਿਆਵਾਂ ਦਾ ਰੂਪ ਬਦਲ ਚੁੱਕਾ ਹੈ। ਕਿਸਾਨ ਨੂੰ ਮੁਢਲੀ ਜਾਣਕਾਰੀ ਦੇਣ ਦੀ ਜਿਆਦਾ ਲੋੜ ਨਹੀਂ ਰਹੀ ਕਿਉਕਿ ਕਿਸਾਨ ਬਹੁਤ ਪੜ੍ਹਿਆ-ਲਿਖਿਆ ਹੈ । ਖੇਤੀ ਯੂਨੀਵਰਸਿਟੀ ਲੁਧਿਆਣਾ ਨੇ ਹਰ ਕਿਸਾਨ ਨੂੰ ਸਮੇਂ-ਸਮੇਂ ਤੇ ਜਾਣਕਾਰੀ ਦਿੱਤੀ ਹੈ। ਇਸ ਲਈ ਪੰਜਾਬ ਵਿੱਚ ਅੰਨ ਸੰਕਟ ਵਾਲੇ ਸਮੇਂ ਤੋਂ ਲੈ ਕੇ ਹੁਣ ਤੱਕ ਅਨਾਜ ਦੀ ਪੈਦਾਵਾਰ ਵਿੱਚ ਲਗਾਤਾਰ ਵਾਧਾ ਹੋਇਆ ਹੈ। ਹਿੰਦੂਸਤਾਨ ਅਬਾਦੀ ਦੇ ਆਧਾਰ ਤੇ ਭਾਵੇਂ ਚੀਨ ਤੋਂ ਬਾਅਦ ਦੂਜੇ ਨੰਬਰ ਤੇ ਹੈ ਪਰ ਇਹ ਖੇਤੀ ਦੀ ਪੈਦਾਵਾਰ ਕਰਨ ਵਿੱਚ ਵੀ ਕਿਸੇ ਨਾਲੋਂ ਘੱਟ ਨਹੀਂ ਚਾਵਲ ਅਤੇ ਕਣਕ ਦੀ ਪੈਦਾਵਾਰ ਚੀਨ ਤੋਂ ਬਾਅਦ ਦੂਜੇ ਨੰਬਰ ਤੇ ਹੈ ਜਦੋਂ ਕਿ ਗੰਨੇ ਵਿੱਚ ਬ੍ਰਾਜ਼ੀਲ ਤੋਂ ਬਾਅਦ ਦੂਜੇ ਨੰਬਰ ਤੇ ਹੈ। ਇਹ ਉਤਪਾਦਨ ਸ਼ਕਤੀ ਕਿਸਾਨਾਂ ਦੀ ਭਰਪੂਰ ਮੇਹਨਤ ਕਾਰਨ ਹੈ। ਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਪੈਦਾਵਾਰ ਖਾਦਾਂ ਦੀ ਯੋਗ ਵਰਤੋਂ ਤੇ ਨਿਰਭਰ ਕਰਦੀ ਹੈ ਤਿੰਨ ਮੁੱਖ ਤੱਤ ਐਨ.ਪੀ.ਕੇ. ਕਿਸਾਨ ਨੂੰ ਹਰ ਸਮੇਂ ਸਹੀ ਮਿਲ ਰਹੀ ਹੈ। ਖੇਤੀਬਾੜੀ ਵਿਭਾਗ, ਇਫਕੋ, ਕਰਿਭਕੋ ਤੇ ਪ੍ਰਾਈਵੇਟ ਅਦਾਰੇ ਹਮੇਸ਼ਾਂ ਹੀ ਕਿਸਾਨ ਦੇ ਨਾਲ ਹਨ। ਕੀੜ੍ਹੇਮਾਰ ਦਵਾਈਆਂ ਖਾਦਾਂ ਤੇ ਸਹੀ ਬੀਜ ਦੀ ਵਰਤੋਂ ਕਰਨ ਨਾਲ ਅਨਾਜ ਦੀ ਪੈਦਾਵਾਰ ਭਰਪੂਰ ਹੋ ਰਹੀ ਹੈ। ਖਾਦਾਂ ਦੀ ਵਰਤੋਂ ਲੋੜ੍ਹ ਅਨੁਸਾਰ ਹੀ ਵਰਤਣਾ ਚਾਹੀਦਾ ਹੈ ਤਾਂ ਜੋ ਇਸ ਦਾ ਰੈਜੀਡਿਊ ਸਾਡੀ ਸਿਹਤ ਨੂੰ ਖਰਾਬ ਨਾ ਕਰੇ ਤੇ ਨਾ ਹੀ ਧਰਤੀ ਵਿੱਚ ਜਾ ਕੇ ਪਾਣੀ ਦੀ ਸ਼ੁੱਧਤਾ ਖਰਾਬ ਹੋਵੇ। ਸਿਰਫ਼ ਸਿਫਾਰਸ਼ ਅਨੁਸਾਰ ਹੀ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹੋ ਇਸ ਸਮੇਂ ਖੇਤੀ ਵਿਭਾਗ ਦਾ ਸੁਨੇਹਾ ਹੈ।