August 22, 2013 admin

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਬੀਬੀ ਸੁਰਜੀਤ ਕੌਰ ਨੇ ਸੋਨੇ ਦਾ ਚੌਰ ਸਾਹਿਬ ਜਥੇ. ਅਵਤਾਰ ਸਿੰਘ ਨੂੰ ਸੌਂਪਿਆ

 ਅੰਮ੍ਰਿਤਸਰ: 22 ਅਗਸਤ-  ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ  ਚ ਅਥਾਹ ਸ਼ਰਧਾ ਤੇ ਸਤਿਕਾਰ ਰੱਖਣ ਵਾਲੀ ਬੀਬੀ ਸੁਰਜੀਤ ਕੌਰ ਪਾਲੀਹਿਲ ਮੁੰਬਈ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਸੋਨੇ ਦਾ ਚੌਰ ਸਾਹਿਬ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪਿਆ।
ਇਸ ਤੋਂ ਪਹਿਲਾਂ ਵੀ ਬੀਬੀ ਸੁਰਜੀਤ ਕੌਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਸ਼ਰਧਾ ਨਾਲ ਚੰਦੋਆ ਸਾਹਿਬ ਲਈ ਸੋਨੇ ਦੀਆਂ ਝਾਲਰਾਂ, ਦਰਸ਼ਨੀ ਡਿਉੜੀ ਉਪਰ ਲਿਖਿਆ "ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ", ਮੁਖਵਾਕ ਵਾਲਾ ਚਾਂਦੀ ਦਾ ਬੋਰਡ, ਸ੍ਰੀ ਹਰਿਮੰਦਰ ਸਾਹਿਬ ਲਈ ਚਾਂਦੀ ਦੇ ਦਰਵਾਜ਼ੇ ਭੇਟ ਕਰ ਚੁੱਕੇ ਹਨ ਤੇ ਹੁਣ ਤਕਰੀਬਨ ੧੫ ਲੱਖ ੫੦ ਹਜ਼ਾਰ ਰੁਪਏ ਦੀ ਕੀਮਤ ਦਾ ਸੋਨੇ ਦਾ ਚੌਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪਿਆ ਹੈ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਬੀਬੀ ਸੁਰਜੀਤ ਕੌਰ ਅਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਰੋਪਾਉ ਦੀ ਬਖਸ਼ਿਸ਼ ਕੀਤੀ।
ਇਹ ਚੌਰ ਸਾਹਿਬ ਜਿਊਲਰ ਅਸ਼ਵਨੀ ਕੁਮਾਰ ਸਾਲ ਗਰਾਮ ਕਿਸ਼ਨ ਚੰਦ ਕਟੜਾ ਮੋਰ ਸਿੰਘ ਵੱਲੋਂ ੨੨ ਕੈਰੇਟ ਸੋਨੇ ਦਾ ਤਿਆਰ ਕੀਤਾ ਗਿਆ ਹੈ। ਇਸ ਨੂੰ ਲੱਗੇ ਸੋਨੇ ਦਾ ਵਜ਼ਨ ੩੯੬ ਗ੍ਰਾਮ ਦੇ ਕਰੀਬ ਹੈ ਇਸ ਵਿਚ ਤਕਰੀਬਨ ੩ ਲੱਖ ੨੦ ਹਜ਼ਾਰ ਰੁਪਏ ਦੀ ਕੀਮਤ ਦੇ ਡਾਇਮੰਡ ਅਤੇ ਮਾਨਕ ਪੰਨਾ ਲੱਗਾ ਹੈ।
ਇਸ ਮੌਕੇ ਸ. ਤਰਲੋਚਨ ਸਿੰਘ, ਸ. ਰੂਪ ਸਿੰਘ, ਸ. ਦਲਮੇਘ ਸਿੰਘ ਤੇ ਸ. ਸਤਬੀਰ ਸਿੰਘ ਸਕੱਤਰ, ਸ. ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ, ਸ. ਦਿਲਜੀਤ ਸਿੰਘ ਬੇਦੀ ਐਡੀ:ਸਕੱਤਰ, ਸ. ਪਰਮਜੀਤ ਸਿੰਘ ਸਰੋਆ ਤੇ ਸ. ਗੁਰਬਚਨ ਸਿੰਘ ਮੀਤ ਸਕੱਤਰ, ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ. ਗੁਰਿੰਦਰ ਸਿੰਘ ਐਡੀ:ਮੈਨੇਜਰ ਆਦਿ ਮੌਜੂਦ ਸਨ।

Translate »