August 22, 2013 admin

ਦੁਆਬੇ ਲਈ ਵਰਦਾਨ ਸਿੱਧ ਹੋਵੇਗਾ ਬਿਸਤ ਦੋਆਬ ਨਹਿਰ ਦਾ ਨਵੀਨੀਕਰਨ *ਚਾਰ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਹੋਵੇਗਾ ਫਾਇਦਾ *ਸਿੰਚਾਈ ਸਮਰੱਥਾ ਵਿਚ ਹੋਵੇਗਾ ਛੇ ਗੁਣਾ ਵਾਧਾ

 ਜਲੰਧਰ, 22 ਅਗਸਤ, 2013(ਭਾਰਤ ਸੰਦੇਸ਼ )

            ਪੰਜਾਬ ਸਰਕਾਰ ਸੂਬੇ ਵਿਚ ਨਵੇਂ ਫ਼ਸਲੀ ਚੱਕਰ ਕਾਰਨ ਪਾਣੀ ਦੀ ਵਧ ਰਹੀ ਮੰਗ ਨੂੰ ਪੂਰਾ ਕਰਨ ਅਤੇ ਜ਼ਮੀਨ ਹੇਠਲੇ ਪਾਣੀ ਦੇ ਪੱਧਰ ‘ਚ ਆ ਰਹੀ ਗਿਰਾਵਟ ਨੂੰ ਦੂਰ ਕਰਨ ਲਈ ਵਚਨਬੱਧ ਹੈ। ਇਸੇ ਮਕਸਦ ਨਾਲ ਸਰਕਾਰ ਵੱਲੋਂ ਸੂਬੇ ਦੀ ਨਹਿਰੀ ਵਿਵਸਥਾ ਵਿਚ ਵੱਡੇ ਸੁਧਾਰਾਂ ਦੀ ਯੋਜਨਾ ਉਲੀਕੀ ਗਈ ਹੈ ਜਿਸ ਤਹਿਤ ਦੁਆਬੇ ਦੀ ਜਿੰਦ-ਜਾਨ ਕਹੀ ਜਾਣ ਵਾਲੀ ਬਿਸਤ ਦੋਆਬ ਨਹਿਰ ਤੇ ਇਸ ਦੀਆਂ ਸਹਾਇਕ ਨਹਿਰਾਂ (ਡਿਸਟ੍ਰੀਬਿਊਟਰੀਆਂ) ਦੀ ਕਾਇਆ ਕਲਪ ਲਈ 211 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਨਾਲ ਚਾਰ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਵੱਡਾ ਫਾਇਦਾ ਹੋਵੇਗਾ। ਦੁਆਬੇ ਲਈ ਵਰਦਾਨ ਸਿੱਧ ਹੋਣ ਜਾ ਰਹੇ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਇਸ ਨਹਿਰ ਦੀ ਵਰਤਮਾਨ ਸਮੇਂ ਦੀ ਸਿੰਚਾਈ ਸਮਰੱਥਾ ਵਿਚ ਛੇ ਗੁਣਾ ਵਾਧਾ ਹੋਵੇਗਾ। ਇਸ ਸਮੇਂ ਨਹਿਰ ਦੀ ਸਿੰਚਾਈ ਸਮਰੱਥਾ 30,364 ਹੈਕਟੇਅਰ ਹੈ, ਜੋ ਕਿ ਨਵੀਨੀਕਰਨ ਤੋਂ ਬਾਅਦ ਵਧ ਕੇ 1,72,981 ਹੈਕਟੇਅਰ ਹੋ ਜਾਵੇਗੀ।

            ਇਹ ਜਾਣਕਾਰੀ ਦਿੰਦਿਆਂ ਸਿੰਚਾਈ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਬਿਸਤ ਦੋਆਬ ਨਹਿਰ, ਜੋ ਰੋਪੜ ਹੈਡਵਰਕਸ ਦੇ ਸੱਜੇ ਪਾਸੇ ਤੋਂ ਨਿਕਲਦੀ ਹੈ, ਦੀ ਵੱਧ ਤੋਂ ਵੱਧ ਸਮਰੱਥਾ 1452 ਕਿਊਸਿਕ ਹੈ ਅਤੇ ਇਸ ਨਾਲ ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਦੇ ਕਿਸਾਨਾਂ ਦੀਆਂ ਸਿੰਚਾਈ ਲੋੜਾਂ ਪੂਰੀਆਂ ਹੁੰਦੀਆਂ ਹਨ। ਬੁਲਾਰੇ ਨੇ ਦੱਸਿਆ ਕਿ 811 ਕਿਲੋਮੀਟਰ ਲੰਬੀ ਇਹ ਨਹਿਰ 1954-55 ਵਿਚ ਕੱਢੀ ਗਈ ਸੀ। ਸੂਬਾ ਸਰਕਾਰ ਨੇ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਬਿਸਤ ਦੋਆਬ ਨਹਿਰ ਦੇ ਦੋਵਾਂ ਪਾਸਿਆਂ ਦੀ ਹੀ ਰੀਲਾਈਨਿੰਗ ਕੀਤੀ ਜਾਵੇਗੀ ਅਤੇ ਇਸ ਦੇ ਤਲ ਨੂੰ ਨਹੀਂ ਛੇੜਿਆ ਜਾਵੇਗਾ, ਜਿਸ ਨਾਲ ਪਾਣੀ ਦੀ ਰੀਚਾਰਜਿੰਗ ਲਗਾਤਾਰ ਹੁੰਦੀ ਰਹੇਗੀ। ਬੁਲਾਰੇ ਨੇ ਦੱਸਿਆ ਕਿ ਜਲੰਧਰ ਬ੍ਰਾਂਚ ਦੇ ਨਵੀਨੀਕਰਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਸ ਨਾਲ ਇਸ ਰਾਹੀਂ ਕੀਤੇ ਜਾਂਦੇ ਸਿੰਚਾਈ ਖੇਤਰ ਵਿਚ 1,58,416 ਹੈਕਟੇਅਰ ਦਾ ਵਾਧਾ ਹੋਵੇਗਾ। ਇਸ ਤੋਂ ਇਲਾਵਾ ਨਸਰਾਲਾ ਚੋਅ ‘ਤੇ ਵੱਡਾ ਲਾਂਘਾ ਬਣਾਇਆ ਜਾਵੇਗਾ।  

Translate »