ਹੁਸ਼ਿਆਰਪੁਰ, 22 ਅਗਸਤ:
ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਮਹੀਨਾ ਜੁਲਾਈ ਦੌਰਾਨ ਸਿਹਤ ਵਿਭਾਗ ਵੱਲੋਂ ਜਨਤਕ ਥਾਵਾਂ ਤੇ ਤੰਬਾਕੂ ਨੌਸ਼ੀ ਕਰਨ ਵਾਲੇ 316 ਲੋਕਾਂ ਦੇ ਚਲਾਨ ਕੱਟੇ ਗਏ ਹਨ ਜਿਨ੍ਹਾਂ ਪਾਸੋਂ 15520 ਰੁਪਏ ਜੁਰਮਾਨਾ ਵਸੂਲ ਕੀਤਾ ਗਿਆ ਹੈ, ਨੋ ਸਮੋਕਿੰਗ ਸਬੰਧੀ 1162 ਸਾਈਨ ਬੋਰਡ, 243 ਜਾਗਰੂਕਤਾ ਕੈਂਪ ਲਗਾਏ ਗਏ ਹਨ ਅਤੇ 112 ਤੰਬਾਕੂ (ਸਿਗਰਟ) ਦੀ ਮਸ਼ਹੂਰੀ ਵਾਲੇ ਬੋਰਡ ਉਤਾਰੇ ਗਏ ਹਨ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਜੋਰਮ ਬੇਦਾ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਸਿਹਤ ਤੰਬਾਕੂ ਕੰਟਰੋਲ ਸੁਸਾਇਟੀ ਅਤੇ ਰਾਸ਼ਟਰੀ ਸਵਾਸਥ ਬੀਮਾ ਯੋਜਨਾ ਸਬੰਧੀ ਆਯੋਜਿਤ ਮੀਟਿੰਗ ਨੂੰ ਸੰਬੋਧਂਨ ਕਰਦਿਆਂ ਦਿੱਤੀ। ਐਸ ਡੀ ਐਮ ਦਸੂਹਾ ਬਰਜਿੰਦਰ ਸਿੰਘ, ਸਿਵਲ ਸਰਜਨ ਡਾ. ਸੁਰਜੀਤ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਦੇਸ ਰਾਜ. ਜ਼ਿਲ੍ਹਾ ਪ੍ਰੀਵਾਰ ਭਲਾਈ ਅਫ਼ਸਰ ਡਾ. ਚੂਨੀ ਲਾਲ ਕਾਜ਼ਲ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਅਜੈ ਬੱਗਾ, ਜ਼ਿਲ੍ਹਾ ਐਪੀਡਿਮੋਲੋਜਿਸਟ ਡਾ. ਮਨੀਸ਼ ਕੁਮਾਰ, ਡਾ. ਅਨਿਲ ਮਹਿੰਦਰਾ, ਡਾ. ਸਰਦੂਲ ਸਿੰਘ, ਸ਼੍ਰੀ ਮੁਹਮੰਦ ਆਸਿਫ਼ ਅਤੇ ਸਮੂਹ ਸੀਨੀਅਰ ਮੈਡੀਕਲ ਅਫ਼ਸਰ ਇਸ ਮੀਟਿੰਗ ਵਿੱਚ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਭਰ ਵਿੱਚ ਜਨਤਕ ਥਾਵਾਂ ਤੇ ਤੰਬਾਕੂਨੌਸ਼ੀ ਕਰਨ ਵਾਲਿਆਂ ਦੇ ਸਖਤੀ ਨਾਲ ਚਲਾਨ ਕੱਟੇ ਜਾਣ ਅਤੇ ਇਸ ਕੰਮ ਲਈ ਜ਼ਿਲ੍ਹਾ ਪ੍ਰੀਸਦ ਦੀਆਂ ਡਿਸਪੈਂਸਰੀਆਂ ਵਿੱਚ ਕੰਮ ਕਰਦੇ ਸਟਾਫ਼ ਦੀ ਵੀ ਸਹਾਇਤਾ ਲਈ ਜਾਵੇ। ਜ਼ਿਲ੍ਹਾ ਸਿਹਤ ਸੁਸਾਇਟੀ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਕਿ ਗਰਭਵਤੀ ਮਾਂਵਾ ਦੀ 100 ਫੀਸਦੀ ਰਜਿਸਟ੍ਰੇਸ਼ਨ ਕਰਨੀ, ਐਂਟੀ ਨੇਟਲ ਚੈਕਅਪ ਅਤੇ ਸੰਸਥਾਗਤ ਜਣੇਪੇ ਲਈ ਪ੍ਰੇਰਿਤ ਕਰਨਾ ਯਕੀਨੀ ਬਣਾਇਆ ਜਾਵੇ। ਗਰਭਵਤੀ ਔਰਤਾਂ ਨੂੰ ਮਿਲ ਰਹੀ ਜਨਨੀ ਸੁਰੱਖਿਆ ਯੋਜਨਾ, ਜਨਨੀ ਸ਼ਿਸ਼ੂ ਸੁਰੱਖਿਆ ਪ੍ਰੋਗਰਾਮ ਅਧੀਨ ਦਿੱਤੀਆਂ ਜਾ ਰਹੀਆਂ ਸੇਵਾਵਾਂ ਸਮੇਂ ਸਿਰ ਮਿਲਣੀਆਂ ਯਕੀਨੀ ਬਣਾਈਆਂ ਜਾਣ। ਉਹਨਾਂ ਕਿਹਾ ਕਿ ਜਨਮ ਉਪਰੰਤ ਹਰ ਨਵ ਜੰਮੇ ਬੱਚੇ ਨੂੰ ਪੋਲੀਓ ਦੀ 0 ਡੋਜ ਅਤੇ ਹੈਪੇਟਾਈਟਸ ਬੀ ਦਾ ਟੀਕਾ ਲਗਾਉਣਾ ਯਕੀਨੀ ਬਣਾਇਆ ਜਾਵੇ। ਇਸ ਉਪਰੰਤ ਰੁਟੀਨ ਟੀਕਾਕਰਣ ਵੀ ਸੁਨਿਸ਼ਚਿਤ ਕੀਤਾ ਜਾਵੇ। ਇਸ ਤੋਂ ਇਲਾਵਾ ਮੀਟਿੰਗ ਦੌਰਾਨ ਰਾਸ਼ਟਰੀ ਸਵਾਸਥ ਬੀਮਾ ਯੋਜਨਾ, ਏ.ਐਫ.ਪੀ. ਕੇਸਾਂ, ਸਕੂਲ ਹੈਲਥ ਪ੍ਰੋਗਰਾਮ ਮੈਟਰਨਲ ਹੈਲਥ, ਸੰਸਥਾਗਤ ਜਣੇਪੇ, ਸਕੂਲ ਹੈਲਥ ਪ੍ਰੋਗਰਾਮ, ਮਦਰ ਐਂਡ ਚਾਈਲਡ ਟ੍ਰੇਕਿੰਗ ਸਿਸਟਮ, ਵੈਕਟਰ ਬੋਰਡ ਡਿਸੀਜ ਕੰਟਰੋਲ ਪ੍ਰੋਗਰਾਮ, ਅਨਟਾਈਡ ਫੰਡਾਂ ਅਤੇ ਸਲਾਨਾ ਸਾਂਭ ਸੰਭਾਲ ਫੰਡਾਂ ਸਬੰਧੀ ਵੀ ਜਾਇਜਾ ਲਿਆ ਗਿਆ।
ਇਸ ਮੌਕੇ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ 5 ਸਤੰਬਰ ਨੂੰ ਸਬ ਨੈਸ਼ਨਲ ਇਮਿਊਨਾਈਜੇਸ਼ਨ ਡੇਅ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਮਾਈਗ੍ਰੇਟਰੀ ਆਬਾਦੀ ਦੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਉਹਨਾਂ ਮਿਤੀ 25 ਅਗਸਤ ਤੋਂ 8 ਸੰਤਬਰ 2013 ਦੌਰਾਨ ਨੇਤਰਦਾਨ ਪੰਦਰਵਾੜਾ ਮਨਾਏ ਜਾਣ ਬਾਰੇ ਵੀ ਜਾਣਕਾਰੀ ਦਿੱਤੀ।