ਬੁੱਧਵਾਰ ਨੂੰ ਲੰਡਨ ਦੇ Mullock’s ਨਿਲਾਮੀ ਘਰ ਵਿੱਚ ਨਿਲਾਮੀ ਦੋਰਾਨ ਮਹਾਰਾਜਾ ਰਣਜੀਤ ਸਿੰਘ ਦੇ ਬੇਸ਼ਕੀਮਤੀ, ਇਤਿਹਾਸਕ ਅਤੇ ਅਣਮੁੱਲੇ ਦਸਤਾਵੇਜ਼ਾਂ, ਪੇਟਿੰਗਾਂ ਅਤੇ ਕਿਤਾਬਾਂ ਨੂੰ ਹਾਸਿਲ ਕਰਨ ਵਿੱਚ ਅਸਫਲ ਰਹਿਣ ਅਤੇ ਪੂਰੀ ਤਰਾਂ ਨਾਲ ਅਣਗੋਲਿਆ ਕਰਨ ਦੀ ਵਜ਼ਾ ਕਾਰਨ ਮੈਂ ਇੱਕ ਸਧਾਰਨ ਸਿੱਖ ਵਜੋਂ ਐਸ.ਜੀ.ਪੀ.ਸੀ. ਦੀ ਘੋਰ ਨਿੰਦਾ ਕਰਦਾ ਹਾਂ।
ਅਸੀਂ ਸੱਭ ਜਾਣਦੇ ਹਾਂ ਕਿ ਸਿੱਖ ਰਾਜ ਦੇ ਸੰਸਥਾਪਕ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨਾਲ ਸਬੰਧਿਤ ਬੇਸ਼ਕੀਮਤੀ ਅਤੇ ਇਤਿਹਾਸਕ ਪੱਖੋਂ ਮਹੱਤਵਪੂਰਨ ਦਸਤਾਵੇਜ ਅਤੇ ਕਲਾਕ੍ਰਿਤੀਆਂ 21 ਅਗਸਤ ਨੂੰ ਲੰਡਨ Mullock’s ਨਿਲਾਮੀ ਘਰ ਵਿੱਚ ਨਿਲਾਮ ਹੋਈਆਂ।
ਸੱਭ ਤੋਂ ਮਹੱਤਵਪੂਰਨ ਮਹਾਰਾਜਾ ਰਣਜੀਤ ਸਿੰਘ ਅਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਰਮਿਆਨ ਹੋਈ ਅੰਮ੍ਰਿਤਸਰ ਸੰਧੀ 1809 ਦੀ 204 ਸਾਲ ਪੁਰਾਣੀ ਕਾਪੀ ਇੱਕ ਅਣਜਾਣ ਬੋਲੀਕਾਰ ਨੇ ਮਹਿਜ 3400 ਪੋਂਡ (3.5 ਲੱਖ ਰੁਪਏ) ਵਿੱਚ ਹਾਸਿਲ ਕੀਤੀ। ਇਹ ਸੰਧੀ ਬ੍ਰਿਟਿਸ਼ ਪਾਰਲੀਮੈਂਟ ਵਿੱਚ 1818 ਨੂੰ ਪੇਸ਼ ਕੀਤੀ ਗਈ ਸੀ ਜੋ ਕਿ ਫਰਾਂਸ ਦੇ ਖਿਲਾਫ ਈਸਟ ਇੰਡੀਆ ਕੰਪਨੀ ਦੀ ਬਚਾਅ ਦੀ ਨੀਤੀ ਦਾ ਨਤੀਜਾ ਸੀ।ਜਿਸ ਅਨੁਸਾਰ ਸਤਲੁਜ ਦਰਿਆ ਦੇ ਨਾਲ ਫੈਲੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਮੰਨਿਆ ਗਿਆ ਸੀ।
1809 ਦੀ ਅੰਮ੍ਰਿਤਸਰ ਸੰਧੀ ਤੋਂ ਇਲਾਵਾ ਹੋਰ ਬਹੁਤ ਸਾਰੇ ਪੰਜਾਬ ਨਾਲ ਸਬੰਧਿਤ ਇਤਿਹਾਸਕ ਦਸਤਾਵੇਜ ਅਤੇ ਤਸਵੀਰਾਂ ਬੁੱਧਵਾਰ ਨੂੰ ਨਿਲਾਮ ਹੋਈਆਂ। ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਵਾਲੀ ਮੋਹਰ ਅਤੇ ਸਿੱਖ ਗੁਰੁ ਦੀ ਵਾਟਰ ਕਲਰ ਤਸਵੀਰ ਮਹਿਜ 440 ਪੋਂਡ (4500 ਰੁਪਏ) ਵਿੱਚ ਨੀਲਾਮ ਹੋਈਆ। ਬੇਸ਼ਕੀਮਤੀ ਅਤੇ ਪੁਰਾਣੀਆਂ ਸਿੱਖਾਂ ਨਾਲ ਸਬੰਧਿਤ ਕਿਤਾਬਾਂ ਵੀ ਇਸ ਨੀਲਾਮੀ ਵਿੱਚ ਰੱਖੀਆਂ ਗਈਆਂ ਸਨ।
ਦੱਸਣ ਦੀ ਲੋੜ ਨਹੀਂ ਕਿ ਐਸ.ਜੀ.ਪੀ.ਸੀ ਨਾ ਸਿਰਫ ਸਿੱਖਾਂ ਦੀ ਸਰਵ ਉੱਚ ਚੁਣੀ ਹੋਈ ਸੰਸਥਾ ਹੈ ਬਲਕਿ ਨਾਲ ਹੀ ਸਿੱਖ ਧਰਮ, ਇਤਿਹਾਸ, ਸੱਭਿਆਚਾਰ ਅਤੇ ਕਦਰਾਂ ਕੀਮਤਾਂ ਦੀ ਰੱਖਿਅਕ ਵਾਂਗ ਸਮਝੀ ਜਾਂਦੀ ਹੈ। ਬਦਕਿਸਮਤੀ ਨਾਲ ਐਸ.ਜੀ.ਪੀ.ਸੀ ਨੇ ਸਿੱਖਾ ਦਾ ਮਾਨ ਸਮਝੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਦੀਆਂ ਬੇਸ਼ਕੀਮਤੀ ਵਸਤਾਂ ਨੂੰ ਪ੍ਰਾਪਤ ਕਰਨ ਦੀ ਕੋਈ ਵੀ ਕੋਸ਼ਿਸ਼ ਨਾ ਕਰਕੇ ਬਹੁਤ ਵੱਡੀ ਗਲਤੀ ਕੀਤੀ ਹੈ। ਭਾਂਵੇ ਕਿ ਅਣਜਾਣ ਬੋਲੀਕਾਰਾਂ ਨੇ ਇਹ ਬਹੁਮੁੱਲੀ ਵਸਤਾਂ ਮਾਮੂਲੀ ਰਕਮ ਨਾਲ ਪ੍ਰਾਪਤ ਕਰ ਲਈਆਂ, ਮੇਰਾ ਇਹ ਮੰਨਣਾ ਹੈ ਕਿ ਇਨਾਂ ਵਸਤਾਂ ਨੂੰ ਪ੍ਰਾਪਤ ਕਰਨ ਲਈ ਐਸ.ਜੀ.ਪੀ.ਸੀ ਨੂੰ ਕੋਈ ਵੀ ਕੀਮਤ ਅਦਾ ਕਰ ਦੇਣੀ ਚਾਹੀਦੀ ਸੀ। ਜੇਕਰ ਅੰਮ੍ਰਿਤਸਰ ਸੰਧੀ ਅਤੇ ਹੋਰ ਕਲਾਕ੍ਰਿਤੀਆਂ ਵਾਪਿਸ ਪਾ ਲਈਆਂ ਜਾਂਦੀਆਂ ਤਾਂ ਇਹ ਸਿੱਖਾਂ ਦਾ ਮਹਾਨ ਖਜਾਨਾ ਹੁੰਦੀਆਂ ਅਤੇ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਣਾ ਅਤੇ ਜਾਣਕਾਰੀ ਦਾ ਸਰੋਤ ਬਣਦੀਆਂ। ਇਸ ਦੇ ਨਾਲ ਹੀ ਸਾਡੇ ਸਿੱਖ ਇਤਿਹਾਸ ਅਤੇ ਸੱਭਿਆਚਾਰ ਦੀ ਸ਼ਾਨ ਵੱਧ ਜਾਂਦੀ ਅਤੇ ਸਾਡੇ ਅਜਾਇਬਘਰਾਂ ਦਾ ਮਾਨ ਵੱਧਦਾ।
ਿÂਸ ਦੇ ਨਾਲ ਹੀ, ਮੈਂ ਇਸ ਗੰਭੀਰ ਗਲਤੀ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਇਸਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਜਿੰਮੇਵਾਰ ਮੰਨਦਾ ਹਾਂ। ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਸਿੱਖਾਂ ਦਾ ਹਿਤੈਸ਼ੀ ਹੋਣ ਦਾ ਕੋਈ ਵੀ ਮੋਕਾ ਨਹੀਂ ਛੱਡਦੇ, ਪਰੰਤੂ ਬਦਕਿਸਮਤੀ ਨਾਲ ਸਿੱਖ ਵਰਗ ਦਾ ਧਿਆਨ ਰੱਖਣ ਨਾਲੋਂ ਉਹ ਪੰਜਾਬ ਵਿਚਲੇ ਆਪਣੇ ਵਿਰੋਧੀਆਂ ਨਾਲ ਸੋੜੀ ਅਤੇ ਤਰਸਯੋਗ ਰਾਜਨੀਤੀ ਵਿੱਚ ਲੱਗੇ ਹਨ।
ਇਸ ਲਈ ਇਤਿਹਾਸਕ ਮਹੱਤਤਾ ਨੂੰ ਮੱਦੇਨਜਰ ਰੱਖਦੇ ਹੋਏ ਐਸ.ਜੀ.ਪੀ.ਸੀ ਲਈ ਇਹ ਬਹੁਤ ਜਰੂਰੀ ਹੈ ਕਿ ਉਹ ਉਕਤ ਵਸਤਾਂ ਦੇ ਬੋਲੀਕਾਰਾਂ ਅਤੇ ਨਿਲਾਮੀਕਾਰਾਂ ਨੂੰ ਲੱਭਣ ਦੀ ਅਸਲ ਕੋਸ਼ਿਸ਼ ਕਰਨ ਅਤੇ ਕਿਸੇ ਵੀ ਕੀਮਤ ਉੱਪਰ ਹਾਸਿਲ ਕਰਨ। ਜੇ ਐਸ.ਜੀ.ਪੀ.ਸੀ. ਅਤੇ ਅਕਾਲੀ ਦਲ ਅਜਿਹਾ ਕਰਨ ਵਿੱਚ ਅਸਫਲ ਰਹਿੰਦੇ ਹਨ ਤਾਂ ਉਨਾਂ ਨੂੰ ਸਿੱਖ ਕੋਮ ਕੋਲੋਂ ਬੇਸ਼ਰਤ ਮਾਫੀ ਮੰਗਣੀ ਚਾਹੀਦੀ ਹੈ ਅਤੇ ਖੁਦ ਨੂੰ ਧਾਰਮਿਕ ਸਜ਼ਾ ਲਈ ਅਕਾਲ ਤਖਤ ਸਾਹਿਬ ਸਾਹਮਣੇ ਪੇਸ਼ ਕਰਨਾ ਚਾਹੀਦਾ ਹੈ, ਜਿਸ ਦੀ ਕਿ ਮਹਾਰਾਜਾ ਰਣਜੀਤ ਸਿੰਘ ਸੱਚੇ ਮਨ ਤੋਂ ਇੱਜਤ ਕਰਦੇ ਸਨ।