August 28, 2013 admin

ਲੋਕਤੰਤਰ ਲਈ ਚੁਣੌਤੀਆਂ ਦੇ ਟਾਕਰੇ ਵਾਸਤੇ ਅਧਿਕਾਰੀਆਂ ਦਾ ਟਰੈਂਡ ਹੋਣਾ ਜਰੂਰੀ –ਵੈਂਕਟਾਰਤਨਮ ਚੋਣ ਜਾਬਤੇ ਦੀ ਵਾਰ ਵਾਰ ਉਲੰਘਣਾ ਨਾਲ ਉਮੀਦਵਾਰ ਦੀ ਪਾਰਟੀ ਉਮੀਦਵਾਰ ਕੈਂਸਲ ਹੋ ਸਕਦੀ ਹੈ- ਰਾਹੁਲ ਤਿਵਾੜੀ ਚੋਣ ਕਮਿਸ਼ਨ ਵਲੋਂ ਡਵੀਜ਼ਨ ਦੇ ਚੋਣ ਅਧਿਕਾਰੀਆਂ ਦਾ ਦੋ ਦਿਨਾਂ ਟਰੈਨਿੰਗ ਪ੍ਰੋਗਰਾਮ ਸੰਪਨ

 ਜਲੰਧਰ 28 ਅਗਸਤ 2013

                       ਭਾਰਤ ਦੇ ਇਲੈਕਸ਼ਨ ਕਮਿਸ਼ਨ ਵਲੋਂ ਜਲੰਧਰ ਡਵੀਜ਼ਨ ਦੇ ਜ਼ਿਲ੍ਹਾ ਚੋਣ ਅਫਸਰਾਂ,ਰਿਟਰਨਿੰਗ ਅਫਸਰਾਂ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਦੇ ਦੋ ਦਿਨਾਂ ਟਰੈਨਿੰਗ ਪ੍ਰੋਗਰਾਮ ਦੇ ਸਮਾਪਤੀ ਪ੍ਰੋਗਰਾਮ ਦੀ ਪ੍ਰਧਾਨਗੀ ਸ੍ਰੀ ਆਰ.ਵੈਕਟਾਰਤਨਮ ਕਮਿਸ਼ਨਰ ਜਲੰਧਰ ਡਵੀਜ਼ਨ ਨੇ ਕੀਤੀ ਅਤੇ ਇਲੈਕਸ਼ਨ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਸਬੰਧੀ ਜਾਣਕਾਰੀ ਸ੍ਰੀ ਰਾਹੁਲ ਤਿਵਾੜੀ ਡਿਪਟੀ ਕਮਿਸ਼ਨਰ ਲੁਧਿਆਣਾ ਕਮ ਸਟੇਟ ਲੈਵਲ ਮਾਸਟਰ ਟਰੇਨਰ ਵਲੋਂ ਦਿੱਤੀ ਗਈ। ਇਸ ਟਰੈਨਿੰਗ ਪ੍ਰੋਗਰਾਮ ਵਿਚ ਸ੍ਰੀਮਤੀ ਸ਼ਰੂਤੀ ਸਿੰਘ ਡਿਪਟੀ ਕਮਿਸ਼ਨਰ ਜਲੰਧਰ , ਸ੍ਰੀ ਡੀ.ਐਸ.ਮਾਂਗਟ ਡਿਪਟੀ ਕਮਿਸ਼ਨਰ ਕਪੂਰਥਲਾ, ਸ੍ਰੀ ਬੀ.ਐਸ.ਧਾਲੀਵਾਲ ਡਿਪਟੀ ਕਮਿਸ਼ਨਰ ਤਰਨ ਤਾਰਨ,ਸ੍ਰੀ ਸਿੱਬਨ ਸੀ ਡਿਪਟੀ ਕਮਿਸ਼ਨਰ ਪਠਾਨਕੋਟ, ਸ੍ਰੀ ਅਭਿਨਵ ਤ੍ਰਿਖਾ ਡਿਪਟੀ ਕਮਿਸ਼ਨਰ ਗੁਰਦਾਸਪੁਰ, ਡਵੀਜ਼ਨ ਦੇ 7 ਜਿਲ੍ਹਿਆਂ ਨਾਲ ਸਬੰਧਿਤ ਰਿਟਰਨਿੰਗ ਅਫਸਰ, ਸਹਾਇਕ ਰਿਟਰਨਿੰਗ ਅਫਸਰ ਸ਼ਾਮਿਲ ਸਨ।

                       ਇਸ ਮੌਕੇ ਤੇ ਸ੍ਰੀ ਆਰ.ਵੈਕਟਾਰਤਨਮ ਕਮਿਸ਼ਨਰ ਜਲੰਧਰ ਡਵੀਜ਼ਨ ਨੇ ਬੋਲਦਿਆਂ ਕਿਹਾ ਕਿ ਚੋਣਾਂ ਸਬੰਧੀ ਇਹ ਟਰੈਨਿੰਗ ਪ੍ਰੋਗਰਾਮ ਚੋਣਾਂ ਨਾਲ ਜੁੜੇ ਅਧਿਕਾਰੀਆਂ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਅਤੇ ਭਵਿੱਖ ਵਿਚ ਆਉਂਦੀਆਂ ਚੋਣਾਂ ਵਿਚ ਵੀ ਪ੍ਰਭਾਵਸ਼ਾਲੀ ਰੋਲ ਅਦਾ ਕਰੇਗੀ। ਉਨ੍ਹਾਂ ਕਿਹਾ ਕਿ ਭਾਵੇਂ ਬਹੁਤੇ ਅਧਿਕਾਰੀਆਂ ਨੇ ਪਹਿਲਾਂ ਕਈ ਵਾਰ ਚੋਣਾਂ ਕਰਵਾਉਂਦਿਆਂ ਵੱਡਾ ਤਜਰਬਾ ਹਾਸਿਲ ਕੀਤਾ ਹੋਇਆ ਹੈ ਪਰ ਬਹੁਤ ਸਾਰੇ ਨਵੇਂ ਨੁਕਤੇ ਇਸ ਟਰੈਨਿੰਗ ਪ੍ਰੋਗਰਾਮ ਵਿਚ ਸਾਂਝੇ ਕੀਤੇ ਗਏ ਹਨ ਜਿਹੜੇ ਕਿ ਉਨ੍ਹਾਂ ਦੇ ਗਿਆਨ ਵਿਚ ਹੋਰ ਵੀ ਵਾਧਾ ਕਰਨਗੇ। ਉਨ੍ਹਾਂ ਕਿਹਾ ਕਿ ਬਦਲ ਰਹੀਆਂ ਪ੍ਰਸਥਿਤੀਆਂ ਦੇ ਅਨੁਸਾਰ ਚੋਣ ਕਮਿਸ਼ਨ ਵਲੋਂ ਇਹੋ ਜਿਹੇ ਟਰੈਨਿੰਗ ਪ੍ਰੋਗਰਾਮਾਂ ਰਾਹੀਂ ਅਧਿਕਾਰੀਆਂ ਦੀ ਜਾਣਕਾਰੀ ਵਿਚ ਵਾਧਾ ਕਰਕੇ ਨਿਰਪੱਖ ਤੇ ਡਰ ਰਹਿਤ ਚੋਣਾਂ ਕਰਵਾਉਣ ਦੇ ਰਾਹ ਵਿਚ ਪੈਦਾ ਹੋ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਬਣਾਇਆ ਜਾ ਰਿਹਾ ਹੈ।

                       ਇਸ ਮੌਕੇ ਚੋਣ ਕਮਿਸ਼ਨ ਦੇ ਸਟੇਟ ਮਾਸਟਰ ਟਰੈਨਰ ਸ੍ਰੀ ਰਾਹੁਤ ਤਿਵਾੜੀ ਨੇ ਕਿਹਾ ਕਿ ਚੋਣਾਂ ਦੌਰਾਨ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਉਮੀਦਵਾਰ ਵਲੋਂ ਚੋਣ ਜਾਬਤੇ ਦੀ ਵਾਰ ਵਾਰ ਉਲੰਘਣਾ ਕਰਨ ਤੇ ਕਮਿਸ਼ਨ ਵਲੋਂ ਉਸ ਦੀ ਪਾਰਟੀ ਉਮੀਦਵਾਰੀ ਖਾਰਜ ਕੀਤੀ ਜਾ ਸਕਦੀ ਹੈ ਅਤੇ ਉਸ ਨੂੰ ਅਜ਼ਾਦ ਉਮੀਦਵਾਰ ਦੇ ਤੌਰ ‘ਤੇ ਚੋਣ ਲੜਨੀ ਪਵੇਗੀ। ਉਨ੍ਹਾਂ ਕਿਹਾ ਕਿ ਮਾਡਲ ਕੋਡ ਆਫ ਕੰਡਕਟ ਦਾ ਮਤਲਬ ਚੋਣਾਂ ਲੜ ਰਹੀਆਂ ਸਾਰੀਆਂ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਇਕ ਸਮਾਨ ਮੌਕੇ ਪ੍ਰਦਾਨ ਕਰਨਾ ਹੈ ਤੇ ਕੋਈ ਉਮੀਦਵਾਰ ਪੈਸੇ , ਬਹੂ ਬੱਲ ਜਾਂ ਡਰ ਨਾਲ ਵੋਟਰਾਂ ਨੂੰ ਪ੍ਰਭਾਵਿਤ ਕਰਕੇ ਲੋਕਤੰਤਰ ਲਈ ਖਤਰਾ ਨਾ ਬਣੇ ਅਤੇ ਇਸ ਚੋਣ ਜਾਬਤੇ ਦੀ ਪਾਲਣਾ ਸਾਰੀਆਂ ਪਾਰਟੀਆਂ ਅਤੇ ਸਾਰੇ ਹੀ ਉਮੀਦਵਾਰਾਂ ਨੂੰ ਇਕ ਸਾਰ ਕਰਨੀ ਬਣਦੀ ਹੈ। ਉਨ੍ਹਾਂ ਕਿਹਾ ਕਿ ਚੋਣ ਜਾਬਤਾ ਦੇਸ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਵਲੋਂ ਤਿਆਰ ਕੀਤੀ ਗਈ ਇਕ ਸੀਮਾ ਹੈ ਜਿਸ ਦੇ ਵਿਚ ਰਹਿ ਕੇ ਚੋਣਾ ਲੜੀਆਂ ਜਾਣੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਚੋਣਾਂ ਵਿਚ ਖਰਚੇ ਸਬੰਧੀ ਇਕ ਸਾਲ ਦੇ ਵਿਚ ਵਿਚ ਅਪਣਾ ਹਿਸਾਬ ਨਾ ਦੇਣ ਵਾਲੇ ਉਮੀਦਵਾਰ ਨੂੰ ਕਮਿਸ਼ਨ ਵਲੋਂ ਤਿੰਨ ਸਾਲ ਲਈ ਚੋਣਾਂ ਲੜਨ ਤੋਂ ਵੰਚਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੀ ਰਾਜਨੀਤਿਕ ਪਾਰਟੀ ਅਤੇ ਚੋਣ ਲੜ ਰਿਹਾ ਉਮੀਦਵਾਰ ਚੋਣ ਜਾਬਤੇ ਦੇ ਅਨੁਸਾਰ ਕਿਸੇ ਵੀ ਵਿਦਿਅਕ ਸੰਸਥਾ ਅਤੇ ਧਾਰਮਿਕ ਸਥਾਨਾਂ ਵਿਚ ਆਪਣੀਆਂ ਰਾਜਨੀਤਿਕ ਰੈਲੀਆਂ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਚੋਣ ਜਾਬਤਾ ਜਿਥੇ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਤੇ ਲਾਗੂ ਹੁੰਦਾ ਹੈ ਉਥੇ ਇਸ ਦੇ ਘੇਰੇ ਵਿਚ ਅਧਿਕਾਰੀ ਅਤੇ ਕਰਮਚਾਰੀ ਵੀ ਸ਼ਾਮਿਲ ਹੁੰਦੇ ਹਨ ਅਤੇ ਉਨ੍ਹਾ ਨੂੰ ਵੀ ਚੋਣਾਂ ਦੌਰਾਨ ਆਪਣੇ ਦਾਇਰੇ ਵਿਚ ਰਹਿਣਾ ਪੈਂਦਾ ਹੈ।

                       ਅੱਜ ਦੇ ਟਰੈਨਿੰਗ ਪ੍ਰੋਗਰਾਮ ਵਿਚ 7 ਜਿਲ੍ਹਿਆਂ ਨਾਲ ਸਬੰਧਿਤ 7 ਜਿਲ੍ਰਿਆਂ ਦੇ ਅਧਿਕਾਰੀਆਂ ਦੀਆਂ 4 ਟੀਮਾਂ ਬਣਾਈਆਂ ਗਈਆਂ ਅਤੇ ਇਨ੍ਹਾਂ ਚਾਰੇ ਟੀਮਾਂ ਵਲੋਂ ਚੋਣਾਂ ਨਾਲ ਸਬੰਧਿਤ ਵੱਖ ਵੱਖ ਵਿਸ਼ਿਆਂ ਉਤੇ ਜਾਣਕਾਰੀ ਦਿੱਤੀ ਗਈ ਅਤੇ ਚੋਣਾਂ ਨਾਲ ਸਬੰਧਿਤ ਅਪਣੇ ਤਜਰਬਿਆਂ ਨੂੰ ਟਰੇਨੀਆਂ ਨਾਲ ਸਾਂਝਾ ਕੀਤਾ। ਜ਼ਿਲ੍ਹਾ ਪਠਾਨਕੋਟ ਅਤੇ ਗੁਰਦਾਸਪੁਰ ਦੀ ਟੀਮ ਵਲੋਂ ਸ੍ਰੀ ਸਿੱਬਨ ਸੀ ਡਿਪਟੀ ਕਮਿਸ਼ਨਰ ਪਠਾਨਕੋਟ ਦੀ ਅਗਵਾਈ ਵਿਚ ਸੇਰੌਗੇਟ ਐਡ ,ਇਸ ਦੀ ਪਹਿਚਾਣ ਸਬੰਧੀ ਜਾਣਕਾਰੀ ਦਿੱਤੀ ਗਈ। ਸ੍ਰੀਮਤੀ ਸ਼ਰੂਤੀ ਸਿੰਘ ਡਿਪਅੀ ਕਮਿਸ਼ਨਰ ਜਲੰਧਰ ਦੀ ਅਗਵਾਈ ਹੇਠ ਬਣੀ ਟੀਮ ਵਲੋਂ ਮਾਡਲ ਕੋਡ ਆਫ ਕੰਡਕਟ ਸਬੰਧੀ ਚਾਨਣਾ ਪਾਇਆ ਗਿਆ। ਸ੍ਰੀ ਬੀ.ਐਸ.ਧਾਲੀਵਾਲ ਡਿਪਟੀ ਕਮਿਸ਼ਨਰ ਤਰਨ ਤਾਰਨ ਦੀ ਪ੍ਰਧਾਨਗੀ ਹੇਠ ਬਣੀ ਅੰਮ੍ਰਿਤਸਰ ਅਤੇ ਤਰਨ ਤਾਰਨ ਦੀ ਟੀਮ ਵਲੋਂ ਵੋਟਰ ਸੂਚੀਆਂ ਦੀ ਸੁਧਾਈ ਸਮੇਂ ਧਿਆਨ ਰੱਖਣ ਯੋਗ ਗੱਲਾਂ ਸਬੰਧੀ ਅਤੇ ਸ੍ਰੀ ਡੀ.ਐਸ.ਮਾਂਗਟ ਡਿਪਟੀ ਕਮਿਸ਼ਨਰ ਕਪੂਰਥਲਾ ਦੀ ਪ੍ਰਧਾਨਗੀ ਹੇਠ ਬਣੀ ਹੁਸ਼ਿਆਰਪੁਰ ਕਪੂਰਥਲਾ ਦੀਆਂ ਟੀਮਾਂ ਵਲੋਂ ਇਲੈਕਸ਼ਨ ਖਰਚਿਆਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਟਰੈਨਿੰਗ ਦੌਰਾਨ ਪੈਦਾ ਹੋਏ ਸਵਾਲਾਂ ਦੇ  ਜਵਾਬ ਸਟੇਟ ਮਾਸਟਰ ਟਰੈਨਰ ਵਲੋਂ ਦਿੱਤੇ ਗਏ।

Translate »