November 16, 2013 admin

ਨਦੀਨ ਨਾਸ਼ਕਾਂ ਦੀ ਵਧੀਆ ਅਤੇ ਸੁਰੱਖਿਅਤ ਵਰਤੋਂ ਕਿਵੇਂ ?

ਨਦੀਨ ਨਾਸ਼ਕਾਂ ਦੀ ਵਧੀਆ ਅਤੇ ਸੁਰੱਖਿਅਤ ਵਰਤੋਂ ਕਿਵੇਂ ?
ਮਨਿੰਦਰ ਕੌਰ
ਫਾਰਮ ਸਲਾਹਕਾਰੀ ਸੇਵਾ, ਸੰਗਰੂਰ

ਨਦੀਨ ਨਾਸ਼ਕਾਂ ਦੀ ਵਰਤੋਂ ਨਾਲ ਨਦੀਨਾਂ ਦੀ ਸਸਤੀ ਅਤੇ ਲਾਭਕਾਰੀ ਰੋਕਥਾਮ ਕੀਤੀ ਜਾ ਸਕਦੀ ਹੈ। ਪੰਜਾਬ ਵਿੱਚ ਜਿਆਦਾਤਰ ਕਿਸਾਨ ਵੀਰ ਨਦੀਨ ਨਾਸ਼ਕਾਂ ਦੀ ਵਰਤੋਂ ਕਰ ਰਹੇ ਹਨ । ਪਰ ਬਹੁਤ ਸਾਰੇ ਕਿਸਾਨਾਂ ਵਲੋਂ
ਗੈਰ-ਪ੍ਰਮਾਣਿਤ ਨਦੀਨ ਨਾਸ਼ਕ ਅਤੇ ਛਿੜਕਾਅ ਦੇ ਗਲਤ ਢੰਗ ਦੀ ਵਰਤੋਂ ਕਰਕੇ ਨਦੀਨਾਂ ਦੀ ਸੁਚੱਜੀ ਰੋਕਥਾਮ
ਨਹੀਂ ਹੁੰਦੀ । ਨਦੀਨਾਂ ਦੇ ਖੇਤ ਵਿੱਚ ਬਚਣ ਕਾਰਨ ਨਾ ਸਿਰਫ਼ ਫ਼ਸਲ ਦਾ ਝਾੜ ਘੱਟਦਾ ਹੈ ਬਲਕਿ ਨਦੀਨਾਂ ਦਾ
ਬੀਜ ਤਿਆਰ ਹੇਣ ਨਾਲ ਆਉਣ ਵਾਲੀਆਂ ਫ਼ਸਲਾਂ ਲਈ ਵੀ ਸਮੱਸਿਆ ਬਣਦੀ ਹੈ । ਇਹ ਵੀ ਵੇਖਣ ਵਿਚ ਆਇਆ ਹੈ ਕਿ ਕਿਸਾਨ ਇਨ੍ਹਾਂ ਜ਼ਹਿਰਾਂ ਦੀ ਸੁਰੱਖਿਅਤ ਵਰਤੋਂ ਵੱਲ ਧਿਆਨ ਨਹੀਂ ਦਿੰਦੇ ਹਨ ਜਿਸ ਕਰਕੇ ਹਾਦਸਾ ਹੋਣ ਦਾ ਖ਼ਤਰਾ ਹਹਿੰਦਾ ਹੈ । ਇਸ ਕਰਕੇ ਇਹ ਜ਼ਰੂਰੀ ਹੈ ਕਿ ਨਦੀਨ ਨਾਸ਼ਕਾਂ ਦੀ ਵਰਤੋਂ ਲੋੜ ਅਨੁਸਾਰ ਛਿੜਕਾਅ ਦਾ ਸਹੀ ਢੰਗ ਅਤੇ ਜ਼ਰੂਰੀ ਸਾਵਧਾਨੀਆਂ ਨੂੰ ਅਪਣਾ ਕੇ ਕੀਤੀ ਜਾਵੇ । ਨਦੀਨ ਨਾਸ਼ਕਾਂ ਦੀ ਵਧੀਆ ਅਤੇ ਸੁਰੱਖਿਅਤ ਵਰਤੋਂ ਲਈ ਜ਼ਰੂਰੀ ਸਾਵਧਾਨੀਆਂ ਹੇਠ ਲਿਖੇ ਅਨੁਸਾਰ ਹਨ ।

ਛਿੜਕਾਅ ਤੋਂ ਪਹਿਲਾਂ :-

1. ਫ਼ਸਲ ਵਿੱਚ ਉੱਗਣ ਵਾਲੇ ਜਾਂ ਉੱਗੇ ਹੋਏ ਨਦੀਨਾਂ ਦੀ ਪਹਿਚਾਣ ਕਰੋ ਅਤੇ ਨਦੀਨਾਂ ਦੀ ਕਿਸਮ ਅਨੁਸਾਰ ਨਦੀਨ-ਨਾਸ਼ਕ ਦੀ ਚੋਣ ਕਰੋ ।
2. ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਗਈਆਂ ਨਦੀਨ ਨਾਸ਼ਕਾਂ ਹੀ ਖਰੀਦੋ ਅਤੇ ਕਦੇ
ਵੀ ਦੁਕਾਨਦਾਰ ਦੇ ਕਹਿਣ ਤੇ ਕੋਈ ਵੀ ਗੈਰ-ਪ੍ਰਮਾਣਿਤ ਨਦੀਨ ਨਾਸ਼ਕ ਨਾ ਖਰੀਦੋ ।
3. ਚੁਣੀ ਹੋਈ ਨਦੀਨ ਨਾਸ਼ਕ ਦੀ ਖਰੀਦ ਇਮਾਨਦਾਰ ਦੁਕਾਨਦਾਰ ਤੋਂ ਪੱਕੀ ਰਸੀਦ ਲੈ ਕੇ ਕਰੋ।
4. ਨਦੀਨ ਨਾਸ਼ਕਾਂ ਦੇ ਡੱਬੇ ਤੇ ਲੱਗੇ ਲੇਬਲਾਂ ਤੇ ਲਿਖੀਆਂ ਹਦਾਇਤਾਂ ਅਨੁਸਾਰ ਅਮਲ ਕਰੋ ।
5. ਨਦੀਨ ਨਾਸ਼ਕ ਦੀ ਵਰਤੋਂ ਲਈ ਸਹੀ ਤਰੀਕੇ (ਛਿੜਕਾਅ ਕਰਨਾ ਜਾਂ ਰੇਤ ਵਿੱਚ ਮਿਲਾ ਕੇ ਛੱਟਾ ਦੇਣਾ) ਦੀ ਚੋਣ ਕਰੋ । ਛਿੜਕਾਅ ਕਰਨ ਲਈ ਵਧੀਆ ਜੰਤਰ ਜਿਵੇਂ ਕਿ ਨੈਪਸੈਕ ਸਪਰੇਅਰ ਪੰਪ ਦੀ ਵਰਤੋਂ ਕਰੋ ।
6. ਹਮੇਸ਼ਾਂ ਛਿੜਕਾਅ ਫਲੈਟ ਫੈਨ ਜਾਂ ਫਲੱਡ ਜ਼ੈਟ ਨੋਜ਼ਲ ਨਾਲ ਹੀ ਕਰੋ ਤਾਂ ਜੋ ਇੱਕਸਾਰ ਛਿੜਕਾਅ ਹੋ ਸਕੇ ਅਤੇ
ਕੋਨ ਕਿਸਮ ਨੋਜ਼ਲ ਦੀ ਵਰਤੋਂ ਕਦੇ ਵੀ ਨਾ ਕਰੋ ।
7. ਛਿੜਕਾਅ ਤੋਂ ਪਹਿਲਾਂ ਛਿੜਕਾਅ ਲਈ ਵਰਤੇ ਜਾਣ ਵਾਲੇ ਪਾਣੀ ਦਾ ਅੰਦਾਜ਼ਾ ਜ਼ਰੂਰ ਲਗਾ ਲਓ ਤਾਂ ਕਿ ਦਵਾਈ ਦਾ ਇੱਕਸਾਰ ਛਿੜਕਾਅ ਹੋ ਸਕੇ । ਜਿਸ ਪੰਪ, ਨੋਜ਼ਲ ਅਤੇ ਆਦਮੀ ਨਾਲ ਪਾਣੀ ਦਾ ਅੰਦਾਜ਼ਾ ਲਗਾਇਆ
ਗਿਆ ਹੈ ਉਸ ਨੂੰ ਹੀ ਨਦੀਨ ਨਾਸ਼ਕ ਦੇ ਛਿੜਕਾਅ ਲਈ ਵਰਤੋਂ ਤਾਂ ਜੋ ਪਾਣੀ ਦਾ ਨਿਕਾਸ ਅਤੇ ਛਿੜਕਾਅ
ਦੀ ਰਫਤਾਰ ਤੇ ਕਾਬੂ ਰਹੇ ।
8. ਛਿੜਕਾਅ ਵਾਲੇ ਦਿਨ ਧਿਆਨ ਰੱਖੋ ਕਿ ਮੌਸਮ ਸਾਫ਼ ਹੋਵੇ ਅਤੇ ਹਵਾ ਨਾ ਚੱਲਦੀ ਹੋਵੇ ਤਾਂ ਕਿ ਦਵਾਈ ਨਦੀਨਾਂ ਦੇ ਉੱਪਰ ਪੈ ਸਕੇ ਅਤੇ ਹਵਾ ਨਾਲ ਨਾ ਉੱਡ ਸਕੇ ।
9. ਬੱਚਿਆਂ ਨੂੰ ਨਦੀਨ ਨਾਸ਼ਕਾਂ ਦੇ ਹਾਨੀਕਾਰਕ ਅਸਰ ਬਾਰੇ ਸੁਚੇਤ ਰੱਖੋ ਅਤੇ ਉਹਨਾਂ ਨੂੰ ਨਦੀਨ ਨਾਸ਼ਕਾਂ, ਸਪਰੇਅਰ ਪੰਪਾਂ ਜਾਂ ਛਿੜਕਾਅ ਕੀਤੇ ਖੇਤਾਂ ਦੇ ਨੇੜੇ ਨਾ ਲੱਗਣ ਦਿਓ ।

ਛਿੜਕਾਅ ਕਰਨ ਸਮੇਂ :-
1. ਨਦੀਨ ਨਾਸ਼ਕਾਂ ਦੇ ਪਾਉਣ ਦਾ ਸਮਾਂ ਅਤਾ ਮਿਕਦਾਰ ਹਮੇਸ਼ਾ ਸਿਫ਼ਾਰਸ਼ ਅਨੁਸਾਰ ਹੀ ਵਰਤੋਂ ਅਤੇ ਕਦੇ ਵੀ ਵੱਧ ਜਾਂ ਘੱਟ ਮਿਕਦਾਰ ਨਾ ਵਰਤੋ।
2. ਘੋਲ ਬਣਾਉਣ ਸਮੇਂ ਹੱਥਾਂ ਤੇ ਦਸਤਾਨੇ ਪਾਓ ਅਤੇ ਛਿੜਕਾਅ ਕਰਨ ਵੇਲੇ ਦਸਤਾਨੇ, ਗੈਸ-ਮਾਸ਼ਕ, ਪੂਰੀ ਬਾਂਹ ਦੀ ਕਮੀਜ਼ ਅਤੇ ਪਜ਼ਾਮਾ/ਪੈਂਟ ਪਾਓ।
3. ਦਵਾਈ ਦੇ ਘੋਲ ਨੂੰ ਪੰਪ ਦੀ ਟੰਕੀ ਵਿੱਚ ਪਾਉਣ ਤੋਂ ਪਹਿਲਾਂ ਹਰ ਵਾਰ ਚੰਗੀ ਤਰ੍ਹਾਂ ਹਿਲਾ ਲਓ ।
4. ਛਿੜਕਾਅ ਕਰਦੇ ਸਮੇਂ ਨੋਜ਼ਲ ਦੀ ਉਚਾਈ ਜ਼ਮੀਨ ਤੋਂ ਜਾਂ ਫ਼ਸਲ/ਨਦੀਨ ਦੇ ਉਪਰਲੇ ਪੱਤਿਆਂ ਤੋਂ ਤਕਰੀਬਨ
ਡੇਫ ਫੁੱਟ ਉੱਚੀ ਰੱਖੋ ।
5. ਹਵਾ ਦੇ ਰੁੱਖ ਦੇ ਉਲਟ ਕਦੇ ਵੀ ਛਿੜਕਾਅ ਨਾ ਕਰੋ, ਪ੍ਰੰਤੂ ਛਿੜਕਾਅ ਇਸ ਤਰੀਕੇ ਨਾਲ ਕਰੋ ਕਿ ਦਵਾਈ ਹਵਾ ਨਾਲ ਉੱਡ ਕੇ ਉਪਰ ਨਾ ਪਵੇ ।
6. ਛਿੜਕਾਅ ਘੱਟ ਹਵਾ ਵਾਲੇ ਦਿਨ ਅਤੇ ਨੋਜ਼ਲ ਨੂੰ ਬਗੈਰ ਘੁਮਾਏ ਇੱਕ ਸਿੱਧੀ ਪੱਟੀ ਵਿੱਚ ਕਰੋ।
7. ਛਿੜਕਾਅ ਵਾਲੀਆਂ ਪੱਟੀਆਂ ਇੱਕ ਦੂਜੇ ਦੇ ਸਮਾਨਅੰਤਰ ਰੱਖੋ ਅਤੇ ਹਰ ਵਾਰ ਦੂਜੀ ਪੱਟੀ ਵਿੱਚ ਛਿੜਕਾਅ ਕਰਦੇ ਸਮੇਂ ਤਕਰੀਬਨ 20-30 ਪ੍ਰਤੀਸ਼ਤ ਛਿੜਕਾਅ ਇਸ ਤੋਂ ਪਹਿਲੀ ਵਾਲੀ ਪੱਟੀ ਦੇ ਉਪਰ ਆਉਣ ਦਿਓ ।
8. ਵਧੀਆ ਅਤੇ ਇੱਕਸਾਰ ਛਿੜਕਾਅ ਲਈ ਛਿੜਕਾਅ ਰਫ਼ਤਾਰ ਅਤੇ ਸਪਰੇ ਦਬਾਅ ਇੱਕੋ ਜਿਹਾ ਰੱਖੋ।
9. ਫ਼ਸਲ ਉੱਗਣ ਤੋਂ ਪਹਿਲਾਂ ਜਾਂ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਪਾਉਣ ਵਾਲੀਆਂ ਨਦੀਨ ਨਾਸ਼ਕਾਂ ਦੇ ਛਿੜਕਾਅ ਲਈ ਟਰੈਕਟਰ ਵਾਲੇ ਪੰਪ ਦੀ ਵਰਤੋ ਵੀ ਕੀਤੀ ਜਾ ਸਕਦੀ ਹੈ।
10. ਘੋਲ ਬਣਾਉਣ ਲਈ ਖਾਰੇ ਪਾਣੀ ਦੀ ਵਰਤੋ ਨਾ ਕਰੋ ।
11. ਕਦੇ ਵੀ ਛਿੜਕਾਅ ਖਾਲੀ ਪੇਟ ਨਾ ਕਰੋ ।
12. ਛਿੜਕਾਅ ਕਰਨ ਸਮੇਂ ਖਾਣਾ-ਪੀਣਾ, ਸਿਗਰੇਟ ਜਾਂ ਬੀੜੀ, ਤੰਬਾਕੂ ਆਦਿ ਦਾ ਸੇਵਨ ਨਾ ਕਰੋ।
13. ਛਿੜਕਾਅ ਕਦੇ ਵੀ ਬਿਮਾਰ ਆਦਮੀ ਤੋਂ ਨਾ ਕਰਵਾਉ ।

ਛਿੜਕਾਅ ਤੋਂ ਬਾਅਦ :-
1. ਛਿੜਕਾਅ ਤੋਂ ਬਾਅਦ ਸਪਰੇਅਰ ਪੰਪ ਨੂੰ ਸਾਬਣ/ ਸਰਫ਼ ਵਾਲੇ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਵੋ। ਨਦੀਨ ਨਾਸ਼ਕਾਂ ਦੇ ਛਿੜਕਾਅ ਲਈ ਵਰਤੇ ਜਾਣ ਵਾਲੇ ਪੰਪ ਕੀੜੇਮਾਰ ਅਤੇ ਉੱਲ੍ਹੀਮਾਰ ਦਵਾਈਆਂ ਲਈ ਵਰਤੇ ਜਾਣ ਵਾਲੇ ਪੰਪਾ ਤੋਂ ਅਲੱਗ ਰੱਖੋ ।
2. ਨਦੀਨ ਨਾਸ਼ਕਾਂ ਦੇ ਖਾਲੀ ਡੱਬੇਆਂ ਨੂੰ ਨਸ਼ਟ ਕਰਕੇ ਮਿੱਟੀ ਵਿੱਚ ਦੱਬ ਦਿਓ ।
3. ਬਚੀਆਂ ਹੋਇਆਂ ਨਦੀਨ ਨਾਸ਼ਕਾਂ ਨੂੰ ਲੇਬਲ ਲੱਗੇ ਡੱਬੇਆਂ ਵਿੱਚ ਅਤੇ ਬੱਚਿਆਂ ਦੀ ਪਹੁੰਚ ਤੋ ਪਰੇ ਰੱਖੋ । ਕਦੇ ਵੀ ਨਦੀਨ ਨਾਸ਼ਕਾਂ ਖਾਣ ਵਾਲੀਆਂ ਚੀਜ਼ਾ ਜਾਂ ਹੋਰ ਦਵਾਈਆਂ ਦੇ ਨੇੜੇ ਨਾ ਰੱਖੋ ।
4. ਸਮੇਂ-ਸਮੇਂ ਤੇ ਸਪਰੇਅਰ ਪੰਪਾਂ ਨੂੰ ਕਿਸੇ ਤਰ੍ਹਾਂ ਦੇ ਹੋਏ ਨੁਕਸਾਨ ਲਈ ਪਰਖਦੇ ਰਹੋ ਅਤੇ ਲੋੜ ਅਨੁਸਾਰ ਜ਼ਰੂਰੀ ਮਰਮੱਤ ਕਰਵਾਉ ।
5. ਹਮੇਸ਼ਾਂ ਛਿੜਕਾਅ ਤੋ ਤੂਰੰਤ ਬਾਅਦ ਛਿੜਕਾਅ ਵਾਲੇ ਕਪੜੇ ਉਤਾਰ ਦਿਓ ਅਤੇ ਚੰਗੀ ਤਰ੍ਹਾਂ ਸਾਬਣ ਲਗਾ ਕੇ ਇਸ਼ਨਾਨ ਕਰ ਲਵੋ ।

ਉਪਰ ਲਿਖੀਆਂ ਹਦਾਇਤਾਂ ਨੂੰ ਅਪਣਾ ਕੇ ਕਿਸਾਨ ਵੀਰ ਨਦੀਨਾਂ ਦੀ ਸੁਚੱਜੀ ਰੋਕਥਾਮ ਕਰ ਸਕਦੇ ਹਨ ਅਤੇ ਫ਼ਸਲਾਂ ਤੋਂ ਵੱਧ ਝਾੜ ਲੈ ਸਕਦੇ ਹਨ।

Translate »