ਅੰਮ੍ਰਿਤਸਰ, 12 ਦਸੰਬਰ 2013 (ਭਾਰਤ ਸੰਦੇਸ਼ ਖ਼ਬਰਾਂ)::– ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਸਰਕਾਰੀ ਕਰਮਚਾਰੀਆਂ ਦੇ ਇਲਾਜ ਦੀ ਅਦਾਇਗੀ ਸਿੱਧੀ ਹਸਪਤਾਲਾਂ ਨੂੰ ਕਰਨ ਦਾ ਪ੍ਰਬੰਧ ਕਰੇ। ਇਸ ਸਮੇ ਕਰਮਚਾਰੀ ਇਲਾਜ ਕਰਵਾਉਂਣ ਸਮੇ ਆਪਣੀ ਜੇਬ ਵਿਚੋਂ ਪੈਸੇ ਖਰਚਦੇ ਹਨ । ਫਿਰ ਖਰਚੇ ਪੈਸੇ ਵਸੂਲ ਕਰਨ ਲਈੇ ਬਿਲ ਦੇਂਦੇ ਹਨ ।ਮਹਿੰਗਾਈ ਏਨੀ ਹੈ ਕਿ ਲੋਕਾਂ ਦਾ ਬੜੀ ਮੁਸ਼ਕਲ ਨਾਲ ਗੁਜਾਰਾ ਹੁੰਦਾ ਹੈ ।ਕਈ ਬਿਮਾਰੀਆਂ ਐਸੀਆਂ ਹਨ,ਜਿਨ੍ਹਾਂ ਦਾ ਬਿੱਲ ਲਖਾਂ ਰੁਪਏ ਬਣਦਾ ਹੈ।ਇਸ ਲਈ ਹਾਰੀ ਸਾਰੀ ਇਲਾਜ ਨਹੀਂ ਕਰਵਾ ਸਕਦਾ। ਜਿਹੜੇ ਬਿੱਲ ਦਿਤੇ ਵੀਜਾਂਦੇ ਹਨ, ਉਨ੍ਹਾਂ ਦੀ ਅਦਾਇਗੀ ਬੜੀ ਦੇਰ ਨਾਲ ਤੇ ਖਜਲ ਖੁਆਰੀ ਪਿੱਛੋਂ ਹੁੰਦੀ ਹੈ ਤੇ ਅਕਸਰ ਉਨ੍ਹਾਂ ਨੂੰ ਰਿਸ਼ਵਤ ਵੀ ਦੇਣੀ ਪੈਂਦੀ ਹੈ।ਸਰਕਾਰ ਨੇ ਪੈਸੇ ਦੇਣੇ ਤੇ ਹੁੰਦੇ ਹੀ ਹਨ।ਇਸ ਲਈ ਬਿਹਤਰ ਇਹੋ ਹੈ ਕਿ ਇਹ ਰਕਮ ਸਿੱਧੀ ਸਬੰਧਤ ਹਸਪਤਾਲਾਂ ਨੂੰ ਅਦਾ ਕੀਤੀ ਜਾਵੇ।
ਸਰਕਾਰ ਜਿਵੇਂ ਹੋਰ ਲੋਕ ਭਲਾਈ ਦੇ ਕੰਮ ਕਰ ਰਹੀ ਹੈ,ਉਸੇ ਤਰ੍ਹਾਂ ਇਹ ਵੀ ਲੋਕ ਭਲਾਈ ਦਾ ਕੰਮ ਹੈ।ਇਸ ਨਾਲ ਕਰਮਚਾਰੀਆਂ ਨੂੰ ਬਹੁਤ ਰਾਹਤ ਮਿਲੇਗੀ ਤੇ ਆਉਂਦੀਆਂ ਚੋਣਾਂ ਵਿਚ ਇਸ ਦਾ ਲਾਭ ਵੀ ਅਕਾਲੀ-ਭਾਜਪਾ ਸਰਕਾਰ ਨੂੰ ਹੋਵੇਗਾ।
ਮੰਚ ਆਗੂ ਨੇ ਲਿਖਿਆ ਹੈ ਕਿ ਵੈਸੇ ਇੰਗਲੈਂਡ,ਕਨੇਡਾ,ਜਰਮਨੀ, ਫ਼ਰਾਂਸ ਤੇ ਹੋਰ ਅਨੇਕਾਂ ਮੁਲਕਾਂ ਵਿਚ ਮੁਫ਼ਤ ਇਲਾਜ ਹੁੰਦਾ ਹੈ।ਮਰੀਜ ਦਾ ਕੋਈ ਪੈਸਾ ਨਹੀਂ ਲਗਦਾ। ਹਸਪਤਾਲ ਐਨੇ ਵਧੀਆ ਹਨ ਕਿ ਜਿੱਥੇ ਪ੍ਰਧਾਨ ਮੰਤਰੀ ਇਲਾਜ ਕਰਵਾਉਂਦਾ ਹੈ,ਉੱਥੇ ਹੀ ਗਰੀਬ ਤੋਂ ਗਰੀਬ ਆਦਮੀ ਇਲਾਜ ਕਰਵਾਉਂਦਾ ਹੈ। ਜਿਹੜੀ ਦੁਆਈ ਪ੍ਰਧਾਨ ਮੰਤਰੀ ਖਾਂਦਾ ਹੈ,ਉਹੋ ਆਮ ਆਦਮੀ ਖਾਂਦਾ ਹੈ।ਮੁੱਖ-ਮੰਤਰੀ ਸਮੇਤ ਪੰਜਾਬ ਦੇ ਸਾਰੇ ਮੰਤਰੀ ਦਾਅਵੇ ਕਰਦੇ ਹਨ ਕਿ ਅਸੀਂ ਵਰਲਡ ਕਲਾਸ ਸਰਕਾਰੀ ਹਸਪਤਾਲ ਬਣਾ ਦਿੱਤੇ ਹਨ,ਪਰ ਜਦ ਆਪ ਬਿਮਾਰ ਹੁੰਦੇ ਹਨ ਤਾਂ ਸਰਕਾਰੀ ਹਸਪਤਾਲਾਂ ਵਿਚੋਂ ਇਲਾਜ ਕਰਵਾਉਣ ਦੀ ਥਾਂ ‘ਤੇ ਅਮਰੀਕਾ ਜਾ ਵੜਦੇ ਹਨ।ਇਸ ਲਈ ਲੋੜ ਹੈ ਸਰਕਾਰੀ ਹਸਪਤਾਲਾਂ ਨੂੰ ਮਿਆਰੀ ਬਣਾਉਣ ਦੀ ਤਾਂ ਜੋ ਆਮ ਆਦਮੀਆਂ ਤੇ ਕਰਮਚਾਰੀਆਂ ਨੂੰ ਪ੍ਰਾਈਵੇਟ ਹਸਪਤਾਲਾਂ ਵਿਚ ਜਾਣਾ ਹੀ ਨਾ ਪਵੇ ।ਜਿਨ੍ਹੀ ਦੇਰ ਤੀਕ ਅਜਿਹਾ ਨਹੀਂ ਹੁੰਦਾ, ਓਨੀ ਦੇਰ ਪ੍ਰਾਈਵੇਟ ਹਸਪਤਾਲਾਂ ਨੂੰ ਸਿੱਧੀ ਅਦਾਇਗੀ ਕਰਨ ਦਾ ਪ੍ਰਬੰਧ ਕੀਤਾ ਕਰਨ ਦੀ ਖੇਚਲ ਕੀਤੀ ਜਾਵੇ ਜੀ।