ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ’ਚ ਇਕੱਤਰਤਾ ਦੌਰਾਨ ਲਏ ਅਹਿਮ ਫੈਸਲੇ
ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੀ ਸਥਾਪਨਾ ਦਾ ਐਲਾਨ ਅੰਮ੍ਰਿਤਸਰ, 31 ਅਕਤੂਬਰ 2014 (ਭਾਰਤ ਸੰਦੇਸ਼ ਸਮਾਚਾਰ):– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਮਰੀਕਾ ਵਿੱਚ ਸਥਾਪਤ ਹੋਣ ਵਾਲੇ ਸਿੱਖ ਸੈਂਟਰ ਦੇ ਬੋਰਡ ਆਫ ਡਾਇਰੈਕਟਰ ਦੀ ਇਕੱਤਰਤਾ ਕੈਲੇਫੋਰਨੀਆਂ ਦੇ ਪ੍ਰਮੁੱਖ ਸ਼ਹਿਰ ਯੂਬਾ ਸਿਟੀ ਵਿਖੇ ਹੋਈ।ਜਿਸ ਵਿਚ ਸ਼੍ਰੋਮਣੀ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਬਣਾਏ ਜਾ ਰਹੇ ਸਿੱਖ ਸੈਂਟਰ ਦੀ ਰੂਪ-ਰੇਖਾ ਦਾ ਐਲਾਨ ਕੀਤਾ ਗਿਆ।ਇਸ ਮੀਟਿੰਗ ਦੀ ਇਕੱਤਰਤਾ ਵਿਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸ. ਦੀਦਾਰ ਸਿੰਘ ਬੈਂਸ ਖਜ਼ਾਨਚੀ, ਸ. ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਸ. ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ, ਸ. ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਾਮਲ ਸਨ।
ਯੂਬਾ ਸਿਟੀ ਵਿਖੇ ਸਿੱਖ ਸੈਂਟਰ ਸਬੰਧੀ ਹੋਈ ਮੀਟਿੰਗ ’ਚ ਲਏ ਗਏ ਵੇਰਵਿਆ ਬਾਰੇ ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਨਾਲ ਟੈਲੀਫੋਨ ਤੇ ਵਿਚਾਰ ਸਾਂਝੇ ਕਰਦਿਆਂ ਯੂ. ਐਸ ਏ ਤੋਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਅਮਰੀਕਾ ਤੇ ਕੈਨੇਡਾ ਦੀਆਂ ਸਿੱਖ ਸੰਗਤਾਂ ਦੀ ਮੰਗ ਅਨੁਸਾਰ ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਬਣਾਇਆ ਜਾਵੇਗਾ।ਜਿਸ ਵਿਚ ਅਦਬ ਸਤਿਕਾਰ ਸਹਿਤ ਗੁਰੂ ਸਾਹਿਬ ਦੇ ਪਾਵਨ ਸਰੂਪ ਸੰਗਤਾਂ ਅਤੇ ਗੁਰੂ ਘਰਾਂ ਦੀ ਮੰਗ ਅਨੁਸਾਰ ਪਹੁੰਚਾਏ ਜਾਣਗੇ।ਉਨ੍ਹਾਂ ਦੱਸਿਆ ਕਿ ਸੰਗਤਾਂ ਨੂੰ ਗੁਰਮਤਿ ਦਾ ਗਿਆਨ ਹਾਸਲ ਕਰਾਉਣ ਲਈ ਸਮੇਂ-ਸਮੇਂ ਪਾਠ-ਬੋਧ ਸਮਾਗਮ ਅਤੇ ਸੈਮੀਨਾਰ ਵੀ ਕਰਵਾਏ ਜਾਣਗੇ।
ਬੱਚਿਆਂ ਨੂੰ ਪੰਜਾਬੀ ਦੀ ਪੜ੍ਹਾਈ ਲਈ ਪ੍ਰੇਰ ਕੇ ਚੱਲ ਰਹੇ ਐਤਵਾਰ ਦੇ ਸਕੂਲਾਂ ਦੀ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆਂ ਕਿ ਗੁਰਮਤਿ ਸਾਹਿਤ, ਪਾਵਨ ਸਰੂਪ, ਗੁਰਬਾਣੀ ਦੇ ਗੁਟਕੇ, ਪੋਥੀਆਂ ਅਤੇ ਸੈਂਚੀਆਂ ਆਦਿ ਲੋੜਵੰਦ ਸਥਾਨਕ ਸੰਗਤਾਂ ਤੇ ਸੰਸਥਾਵਾਂ ਨੂੰ ਇਥੋਂ ਹੀ ਦਿੱਤੇ ਜਾਇਆ ਕਰਨਗੇ। ਉਨ੍ਹਾਂ ਦੱਸਿਆ ਕਿ ਆਨ ਲਾਈਨ ਗੁਰਮਤਿ ਕੋਰਸ ਵੀ ਸੈਂਟਰ ਤੋਂ ਚਲਾਏ ਜਾਣਗੇ, ਜਿਸ ਦਾ ਸਿਲੇਬਸ ਤੇ ਹੋਰ ਪ੍ਰਬੰਧ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਕਰੇਗੀ। ਗ੍ਰੰਥੀ,ਕਥਾ ਅਤੇ ਪ੍ਰਚਾਰਕਾਂ ਲਈ ਗੁਰਮਤਿ ਵਿਦਿਆਲਾ ਵੀ ਖੋਲ੍ਹਿਆ ਜਾਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਮਾਣਿਤ ਪ੍ਰਮਾਣ-ਪੱਤਰ ਵੀ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸਿੱਖ ਸੈਂਟਰ ਦੀ ਦੇਖ-ਰੇਖ ਤਿਆਰ ਕਰਨ ਲਈ ਸ. ਚਰਨਜੀਤ ਸਿੰਘ ਬੈਂਸ ਨੂੰ ਜੁੰਮੇਵਾਰੀ ਸੌਂਪੀ ਗਈ ਹੈ।
ਇਸ ਸੈਂਟਰ ਦੇ ਕਾਨੂੰਨੀ ਸਲਾਹਕਾਰ ਦਾ ਕੰਮ ਸ. ਜਸਪ੍ਰੀਤ ਸਿੰਘ ਨੂੰ ਸੌਂਪਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਇੰਟਰਨੈਸ਼ਨਲ ਸਿੱਖ ਸੈਂਟਰ ਵਿਸ਼ਵ ਵਿਆਪੀ ਸਾਰੀਆਂ ਆਧੁਨਿਕ ਤਕਨੀਕਾਂ ਨਾਲ ਲੈਸ ਹੋਵੇਗਾ।ਸ਼੍ਰੋਮਣੀ ਕਮੇਟੀ ਵੱਲੋਂ ਸੰਸਾਰ ਦੀਆਂ ਸਾਰੀਆਂ ਪ੍ਰਮੁੱਖ ਭਾਸ਼ਾਵਾਂ ਵਿੱਚ ਛਾਪਿਆ ਧਾਰਮਿਕ ਲਿਟਰੇਚਰ ਵੀ ਸਾਰੇ ਦੇਸ਼ਾਂ ਦੀਆਂ ਅੰਬੈਸੀਆਂ ਵਿੱਚ ਮੁਹੱਈਆ ਕਰਵਾਇਆ ਜਾਵੇਗਾ ।