ਕੇਂਦਰੀ ਪੰਜਾਬੀ ਲੇਖਕ ਸਭਾ (ਰਜ਼ਿ) ਨੇ ਪੰਜਾਬੀ ਦੇ ਪ੍ਰਸਿੱਧ ਚਿੰਤਕ ਅਤੇ ਜ਼ਹੀਨ ਕਵੀ ਡਾਥ ਜਸਵੰਤ ਸਿੰਘ ਨੇਕੀ ਦੇ ਵਿਛੋੜੇ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਇਸਨੂੰ ਪੰਜਾਬੀ ਸਾਹਿਤ ਲਈ ਇਕ ਵੱਡੀ ਘਾਟ ਵਜੋਂ ਤਸਵੁੱਰ ਕੀਤਾ ਹੈ। ਸਭਾ ਦੇ ਪ੍ਰਧਾਨ ਡਾਥ ਲਾਭ ਸਿੰਘ ਖੀਵਾ, ਸੀਨੀਅਰ ਮੀਤ ਪ੍ਰਧਾਨ ਅਤਰਜੀਤ ਅਤੇ ਜਨਰਲ ਸਕੱਤਰ ਡਾਥ ਕਰਮਜੀਤ ਸਿੰਘ ਨੇ ਜਾਰੀ ਸਾਂਝੇ ਬਿਆਨ ਵਿਚ ਡਾਥ ਜਸਵੰਤ ਸਿੰਘ ਨੇਕੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਹੈ ਕਿ ਉਹ ਇਕ ਮਨੋਵਿਗਿਆਨੀ ਹੁੰਦੇ ਹੋਏ ਇਕ ਉੱਚ ਪੱਧਰ ਦੇ ਕਵੀ ਵੀ ਸਨ, ਜਿਨ੍ਹਾਂ ਨੇ ਪੰਜਾਬੀ ਕਵਿਤਾ ਨੂੰ ਮਨੋਵਿਗਿਆਨਕ ਡੂੰਘਾਈ ਦਿੱਤੀ। ਉਹ ਪੀ ਜੀ ਆਈ ਦੇ ਡਾਇਰੈਕਟਰ ਰਹੇ, ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਦਿੱਲੀ ਵਿਚ ਉਹ ਮਨੋਚਕਿਤਸਿਕ ਵਿਭਾਗ ਦੇ ਮੁਖੀ ਵੀ ਰਹੇ। ਸਾਹਿਤਕਾਰ ਵਜੋਂ ਉਹ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਉਪ ਪ੍ਰਧਾਨ ਸਨ। ਉਨ੍ਹਾਂ ਦੀ ਕਾਵਿ-ਪੁਸਤਕ ‘ਕਰੁਣਾ ਦੀ ਛੋਹ‘ ਨੂੰ ਭਾਰਤੀ ਸਾਹਿਤ ਅਕਾਡਮੀ ਪੁਰਸਕਾਰ ਦਿੱਤਾ ਗਿਆ। ਉਨ੍ਹਾਂ ਨੂੰ ਨਵ-ਰਹੱਸਵਾਦੀ ਚਿੰਤਕ ਦੇ ਤੌਰ ‘ਤੇ ਮਾਨਤਾ ਮਿਲ਼ੀ, ਜਿਸ ਨੂੰ ਉਨ੍ਹਾਂ ਨੇ ਮਨੋਵਿਗਿਆਨਕ ਪੱਧਰ ‘ਤੇ ਵਿਚਾਰ ਅਧੀਨ ਲਿਆਂਦਾ। ‘ਸਿਮ੍ਰਤੀ ਦੇ ਕਿਰਨ ਤੋਂ ਪਹਿਲਾਂ‘ ਉਨ੍ਹਾਂ ਦਾ ਇਕ ਹੋਰ ਕਾਵਿ ਸ਼ਾਹਕਾਰ ਹੈ। ਉਨ੍ਹਾਂ ਦੀਆਂ ਹੋਰ ਰਚਨਾਵਾਂ ਹਨ-ਅਰਦਾਸ, ਅਸਲੇ ਤੇ ਉਹਲੇ, ਇਹ ਮੇਰੇ ਸੰਸੇ ਇਹ ਮੇਰੇ ਗੀਤ, ਗੀਤ ਮੇਰਾ ਸੋਹਿਲਾ ਤੇਰਾ, ਸੁਗੰਧ ਆਬਨੂਸ ਦੀ ਅਤੇ ਸਦਾ ਵਿਗਾਸ ਆਦਿ।
ਕੇਂਦਰੀ ਸਭਾ ਦੇ ਅਹੁਦੇਦਾਰਾਂ ਮਨਜੀਤ ਕੌਰ ਮੀਤ, ਜਸਵੀਰ ਝੱਜ, ਦੀਪ ਦੇਵਿੰਦਰ, ਤਰਲੋਚਨ ਝਾਂਡੇ ਡਾਥ ਮਾਨ ਸਿੰਘ ਢੀਂਡਸਾ, ਅੰਮ੍ਰਿਤਬੀਰ ਕੌਰ, ਸੁਰਿੰਦਰ ਪ੍ਰੀਤ ਘਣੀਆਂ, ਕਰਮ ਸਿੰਘ ਵਕੀਲ, ਅਤੇ ਵਰਗਸ ਸਲਾਮਤ ਨੇ ਵੀ ਡਾ ਜਸਵੰਤ ਸਿੰਘ ਨੇਕੀ ਨੂੰ ਸ਼ਰਧਾਜਲੀ ਦਿੰਦਿਆਂ ਇਸ ਦੁੱਖ ਦੀ ਘੜੀ ਵਿਚ ਆਪਣੇ ਆਪ ਨੂੰ ਨੇਕੀ ਦੇ ਪਰਿਵਾਰ ਦੇ ਦੁੱਖ ਵਿਚ ਸ਼ਾਮਿਲ ਕੀਤਾ ਹੈ। ਡਾ ਕਰਮਜੀਤ ਸਿੰਘ ਨੇ ਕਿਹਾ ਕਿ ਕੇਂਦਰੀ ਸਭਾ ਇਹ ਮਹਿਸੂਸ ਕਰਦੀ ਹੈ ਕਿ ਨੇਕੀ ਵਰਗੇ ਨੇਕ ਵਿਗਿਆਨੀ ਅਤੇ ਸਾਹਿਤਕਾਰ ਦਾ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ।
ਡਾ. ਕਰਮਜੀਤ ਸਿੰਘ,
ਜਨਰਲ ਸਕੱਤਰ