ਨਵੀ ਦਿੱਲੀ 12 ਸਤੰਬਰ () ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਦੇ ਸਿਆਸੀ ਸਲਾਹਕਾਰ ਸ੍ਰ ਮਨਿੰਦਰ ਸਿੰਘ ਧੁੰਨਾ ਨੇ ਕਿਹਾ ਕਿ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲਦੀ ਸ੍ਰੀ ਗੁਰੂ ਤੇਗ ਬਹਾਦਰ ਯਾਤਰੀ ਨਿਵਾਸ (ਸਰਾਂ) ਜਿਹੜੀ ਕਈ ਸੰਘਰਸ਼ਾਂ ਵਿੱਚੋ ਦੀ ਗੁਜਰ ਕੇ ਹੋਂਦ ਵਿੱਚ ਆਈ ਸੀ , ਅੱਜ ਕਲ ਇਹ ਨਿਵਾਸ ਪਹਿਲਾਂ ਲਗਾਈਆ ਜਾ ਰਹੀਆ ਕਿਆਸ ਅਰਾਈਆ ਦੇ ਮੁਤਾਬਕ ਆਰ.ਐਸ.ਐਸ ਦਾ ਕੇਂਦਰ ਬਣ ਕੇ ਰਹਿ ਗਈ ਹੈ, ਜਿਥੇ ਯਾਤਰੂਆ ਨੂੰ ਕਮਰੇ ਨਹੀ ਮਿਲਦੇ ਸਗੋ ਆਰ.ਐਸ.ਐਸ ਦੇ ਵਰਕਰ ਇਥੇ ਡੇਰਾ ਜਮਾਈ ਬੈਠੇ ਹਨ।
ਜਾਰੀ ਇੱਕ ਬਿਆਨ ਰਾਹੀ ਸ੍ਰ ਮਨਿੰਦਰ ਸਿੰਘ ਧੁੰਨਾਂ ਨੇ ਕਿਹਾ ਕਿ ਜਦੋਂ ਸ੍ਰ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਠ ਸਰਾਂ ਬਣਾਉਣ ਦਾ ਕਾਰਜ ਆਰੰਭ ਕੀਤਾ ਸੀ ਤਾਂ ਭਾਜਪਾਈ ਮੇਅਰ ਸ੍ਰੀ ਸਵੈਤ ਮਲਿਕ ਨੇ ਬਾਦਲ ਦਲੀਆ ਦੇ ਇਸ਼ਾਰਿਆ ਤੇ ਨਗਰ ਨਿਗਮ ਅੰਮ੍ਰਿਤਸਰ ਦੇ ਅਧਿਕਾਰੀਆ ਨੂੰ ਸਪੱਸ਼ਟ ਆਦੇਸ਼ ਜਾਰੀ ਕਰ ਦਿੱਤੇ ਸਨ ਕਿ ਸਰਾਂ ਦੇ ਕਾਰਜ ਲਈ ਕਿਸੇ ਕਿਸਮ ਦੀ ਐਨ.ਓ.ਸੀ ਜਾਂ ਹੋਰ ਲੋੜੀਦੀਆ ਸੇਵਾਵਾਂ ਦੇ ਕੇ ਕਿਸੇ ਵੀ ਪ੍ਰਕਾਰ ਦਾ ਸਹਿਯੋਗ ਨਾ ਕੀਤਾ ਜਾਵੇ। ਬਾਦਲ ਦਲੀਆ ਨੇ ਭਾਜਪਾ ਮੇਅਰ ਨੂੰ ਇਥੋ ਤੱਕ ਵੀ ਦਬਾ ਪਾ ਦਿੱਤਾ ਸੀ ਕਿ ਬਣੀ ਇਮਾਰਤ ਨੂੰ ਡੇਗਣ ਲਈ ਆਦੇਸ਼ ਜਾਰੀ ਕਰ ਦਿੱਤੇ ਗਏ ਸਨ ਪਰ ਸ੍ਰ ਪਰਮਜੀਤ ਸਿੰਘ ਸਰਨਾ ਨੇ ਅਣਥੱਕ ਮਿਹਨਤ ਤੇ ਯਤਨਾਂ ਸਦਕਾ ਕਰਕੇ ਸਿਰਫ ਅੱਜ ਬਹਮੰਜਲੀ ਇਮਾਰਤ ਮੁਕੰਮਲ ਕਰ ਦਿੱਤੀ ਗਈ ਸੀ ਅਤੇ ਸਾਰੀਆ ਅੜਚਣਾ ਨੂੰ ਪਾਰ ਕਰਕੇ ਸਰਾਂ ਕੌਮ ਦੇ ਸਪੁੱਰਦ ਕਰਦਿਆ ਸੰਗਤਾਂ ਲਈ ਖੋਹਲ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਜਦੋ ਤੋ ਬਾਦਲ ਦਲੀਆ ਦਾ ਦਿੱਲੀ ਕਮੇਟੀ ਤੇ ਕਬਜਾ ਹੋਇਆ ਹੈ ਉਸ ਵੇਲੇ ਤੋ ਇਸ ਸਰਾਂ ਦੇ ਹਾਲਾਤ ਇਹ ਬਣ ਗਏ ਹਨ ਕਿ ਕਿਸੇ ਯਾਤਰੂ ਨੂੰ ਤਾਂ ਕਮਰਾ ਮਿਲਣਾ ਸੰਭਵ ਨਹੀ ਹੈ ਪਰ ਆਰ.ਐਸ.ਐਸ ਦੇ ਵਰਕਰਾਂ ਲਈ 24 ਘੰਟੇ ਖੁੱਲੀ ਰੱਖੀ ਜਾਂਦੀ ਹੈ ਅਤੇ ਇਸ ਦਾ ਇੰਚਾਰਜ ਵੀ ਆਰ.ਐਸ.ਐਸ ਦੇ ਵਰਕਰ ਦੌਲਤ ਰਾਮ ਨੂੰ ਲਗਾ ਦਿੱਤਾ ਗਿਆ ਹੈ ਜਿਸ ਕਰਕੇ ਸਰਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਣ ਵਾਲੀਆ ਸੰਗਤਾਂ ਦੀ ਬਜਾਏ ਆਰ.ਐਸ.ਐਸ ਦੇ ਪ੍ਰਚਾਰ ਕੇਂਦਰ ਦਾ ਅੱਡਾ ਬਣ ਗਈ ਹੈ।
ਸ੍ਰ ਧੁੰਨਾ ਨੇ ਕਿਹਾ ਕਿ ਬੀਤੀ 5 ਸਤੰਬਰ ਨੂੰ ਜਨਮ ਅਸ਼ਟਮੀ ਦੇ ਤਿਉਹਾਰ ਦੇ ਸਬੰਧ ਵਿੱਚ ਮਟਕੀ ਤੋੜਣ ਵਰਗੀ ਸਨਾਤਨੀ ਰਸਮ ਵੀ ਰੀਹੈਸਲ ਵੀ ਯਤਾਰੀ ਨਿਵਾਸ ਵਿੱਚ ਹੀ ਕੀਤੀ ਗਈ ਤੇ ਕਈ ਦਿਨ ਇਹ ਸਿਲਸਿਲਾ ਜਾਰੀ ਰਿਹਾ। ਉਹਨਾਂ ਕਿਹਾ ਕਿ ਬਾਦਲ ਦੇ ਦਿੱਲੀ ਕਮੇਟੀ ਤੇ ਕਾਬਜ ਆਹੁਦੇਦਾਰਾਂ ਦੀ ਆਰ.ਐਸ.ਐਸ ਨਾਲ ਸਬੰਧਾਂ ਦੀ ਬਿੱਲੀ ਪੂਰੀ ਤਰ•ਾ ਥੈਲਿਉ ਬਾਹਰ ਆ ਗਈ ਹੈ ਤੇ ਇਸ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਬਾਦਲ ਦਲ ਨੂੰ ਹਰ ਪ੍ਰਕਾਰ ਦੇ ਆਦੇਸ਼ ਨਾਗਪੁਰ ਤੋ ਆਉੇਦੇ ਹਨ ਤੇ ਉਹ ਇਹਨਾਂ ਹੁਕਮਾਂ ਨੂੰ ਅਲਾਹੀ ਹੁਕਮ ਤਸਲੀਮ ਕਰਕੇ ਉਹਨਾਂ ਦੀ ਪਾਲਣਾ ਕਰਨਾ ਆਪਣਾ ਕਰਤੱਵ ਸਮਝਦੇ ਹਨ। ਉਹਨਾਂ ਕਿਹਾ ਕਿ ਇਸ ਸਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖਤੀ ਸ਼ਕਾਇਤ ਵੀ ਕੀਤੀ ਜਾ ਰਹੀ ਹੈ।