ਮਧੂ ਮੱਖੀ ਪਾਲਣ ਦਾ ਧੰਦਾ ਸ਼ੁਰੂ ਕਰਕੇ ਕਿਸਾਨ ਆਪਣੀ ਜ਼ਿੰਦਗੀ ‘ਚ ਮਿਠਾਸ ਘੋਲ ਸਕਦੇ ਹਨ
ਦੇਸੀ ਤੇ ਵਿਦੇਸ਼ੀ ਕੰਪਨੀਆਂ ਦੇ ਆਉਣ ਕਾਰਨ ਸ਼ਹਿਦ ਦਾ ਮੰਡੀਕਰਨ ਅਸਾਨ ਹੋਇਆ – ਡਾ. ਅਮਰੀਕ ਸਿੰਘ
ਬਟਾਲਾ, 15 ਸਤੰਬਰ ( )
ਮਧੂ ਮੱਖੀ ਪਾਲਣ ਦਾ ਧੰਦਾ ਖੇਤੀ ਦੇ ਸਹਾਇਕ ਧੰਦੇ ਵਜੋਂ ਕਾਫੀ ਲਾਹੇਵੰਦਾ ਧੰਦਾ ਹੈ ਅਤੇ ਕਿਸਾਨ ਇਸ ਧੰਦੇ ਨੂੰ ਅਪਣਾ ਕੇ ਚੰਗਾ ਮੁਨਾਫਾ ਲੈ ਸਕਦੇ ਹਨ। ਸ਼ਹਿਦ ਦੀਆਂ ਮੱਖੀਆਂ ਦੇ ਧੰਦੇ ਤੋਂ ਵਧੀਆ ਮੁਨਾਫਾ ਹੋਣ ਕਰਕੇ ਬਹੁਤ ਸਾਰੇ ਕਿਸਾਨਾਂ ਦਾ ਇਸ ਧੰਦੇ ਵੱਲ ਦਿਨ-ਬਾ-ਦਿਨ ਰੁਝਾਨ ਵੱਧਦਾ ਜਾ ਰਿਹਾ ਹੈ, ਜਿਸ ਕਾਰਣ ਫਸਲੀ ਵਿਭਿੰਨਤਾ ਦੇ ਅਧੀਨ ਕਿਸਾਨ ਇਸ ਧੰਦੇ ਨੂੰ ਪੂਰਨ ਤੌਰ ’ਤੇ ਅਪਣਾ ਰਹੇ ਹਨ।
ਇਸ ਸਬੰਧੀ ਖੇਤੀਬਾੜੀ ਵਿਭਾਗ ਦੇ ਮਾਹਿਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਘੱਟ ਜ਼ਮੀਨ ਵਾਲੇ ਕਿਸਾਨਾਂ ਲਈ ਮਧੂ ਮੱੱਖੀ ਪਾਲਣ ਇੱਕ ਲਾਹੇਵੰਦ ਧੰਦਾ ਹੈ। ਉਨਾਂ ਦੱਸਿਆ ਕਿ ਪਹਿਲਾਂ ਸ਼ਹਿਦ ਦੀ ਵਧੇਰੇ ਮਾਰਕੀਟਿੰਗ ਨਾ ਹੋਣ ਸਦਕਾ ਕਿਸਾਨਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਦੇਸੀ ਅਤੇ ਵਿਦੇਸ਼ੀ ਕੰਪਨੀਆਂ ਦੀ ਮਾਰਕਿਟ ਵਧਣ ਨਾਲ ਮਧੂ ਮੱਖੀ ਪਾਲਣ ਵਾਲੇ ਕਿਸਾਨਾਂ ਲਈ ਸ਼ਹਿਦ ਵੇਚਣਾ ਅਸਾਨ ਹੋ ਗਿਆ ਹੈ।
ਡਾ. ਅਮਰੀਕ ਸਿੰਘ ਨੇ ਦੱੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਮਧੂ ਮੱਖੀਆਂ ਪਾਲਣ ਲਈ 40 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ ਅਤੇ ਇੱਕ ਲਾਭਪਾਤਰੀ ਨੂੰ 50 ਬਕਸਿਆਂ ਦੀ ਖਰੀਦ ਲਈ ਪ੍ਰਤੀ ਬਾਕਸ 1600 ਰੁਪਏ ਦੇ ਹਿਸਾਬ ਨਾਲ 80 ਹਜਾਰ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਮਧੂ ਮੱਖੀ ਪਾਲਣ ਵਿੱਚ ਕੰਮ ਆਉਣ ਵਾਲੀ ਕਿੱਟ ’ਤੇ ਵੀ ਸਬਸਿਡੀ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਉਸ ਨੂੰ ਸ਼ਹਿਦ ਵੇਚਣ ’ਤੇ 1000 ਤੋਂ 1500 ਰੁਪਏ ਪ੍ਰਤੀ ਬਕਸਾ ਆਮਦਨ ਹੁੰਦੀ ਹੈ ਅਤੇ ਉਹ ਬਕਸੇ ਵੇਚਣ ’ਤੇ ਵੀ 2500 ਤੋਂ 3700 ਤੱਕ ਦੀ ਆਮਦਨ ਹੋ ਜਾਂਦੀ ਹੈ।
ਡਾ. ਅਮਰੀਕ ਸਿੰਘ ਨੇ ਕਿਹਾ ਕਿ ਮਧੂ ਮੱਖੀ ਪਾਲਣ ਦਾ ਇਹ ਧੰਦਾ ਬਹਤੁ ਸੌਖਾ ਤੇ ਅਸਾਨ ਹੈ ਅਤੇ ਬਾਗਬਾਨੀ ਵਿਭਾਗ ਵੱਲੋਂ ਇਸ ਸਬੰਧੀ ਬਕਾਇਦਾ ਸਿਖਲਾਈ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਵੀਰ ਖੇਤੀਬਾੜੀ ਦੇ ਨਾਲ ਇਸ ਸਹਾਇਕ ਧੰਦੇ ਨੂੰ ਸ਼ੁਰੂ ਕਰਕੇ ਆਪਣੇ ਜੀਵਨ ਵਿੱਚ ਮਿਠਾਸ ਘੋਲ ਸਕਦੇ ਹਨ। ਉਨ੍ਹਾਂ ਕਿਸਾਨ ਭਰਾਵਾਂ ਨੂੰ ਮਧੂ ਮੱਖੀ ਪਾਲਣ ਦੇ ਧੰਦੇ ਨੂੰ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ।