ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1 ਜਨਵਰੀ, 2016 ਦੇ ਆਧਾਰ ਤੇ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ ਸਬੰਧੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਡੀ. ਐੱਸ. ਮਾਂਗਟ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ ਮੀਟਿੰਗ ਕੀਤੀ ਗਈ। ਇਸ ਮੌਕੇ ਚੋਣ ਤਹਿਸੀਲਦਾਰ ਸ੍ਰੀ ਹਰੀਸ਼ ਕੁਮਾਰ, ਪਰਮਿੰਦਰ ਸਿੰਘ ਕਾਨੂੰਨਗੋ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਸ੍ਰੀ ਹਰਬੰਸ ਸਿੰਘ ਵਾਲੀਆ, ਸ. ਮਨਮੋਹਨ ਸਿੰਘ ਵਾਲੀਆ ਸ਼੍ਰੋਮਣੀ ਅਕਾਲੀ ਦਲ, ਸ. ਜਗਮੋਹਨ ਸਿੰਘ ਵਾਲੀਆ ਸ਼੍ਰੋਮਣੀ ਅਕਾਲੀ ਦਲ, ਸ਼੍ਰੀ ਧਰਮਪਾਲ ਮਹਾਜਨ ਭਾਰਤੀ ਜਨਤਾ ਪਾਰਟੀ, ਸ਼੍ਰੀ ਤਰਸੇਮ ਸਿੰਘ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੀ ਅਸ਼ੋਕ ਮਾਹਲਾ ਆਦਿ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਮਾਂਗਟ ਨੇ ਦੱਸਿਆ ਕਿ ਯੋਗਤਾ ਮਿਤੀ 1 ਜਨਵਰੀ 2016 ਦੇ ਆਧਾਰ ਤੇ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ ਸਮੂਹ ਈ. ਆਰ. ਓਜ ਵੱਲੋਂ ਅੱਜ ਸਬੰਧਤ ਸਥਾਨਾਂ ਤੇ ਕਰਵਾ ਦਿੱਤੀ ਗਈ ਹੈ । ਉਹਨਾਂ ਦੱਸਿਆ ਕਿ ਜਿਹੜੇ ਵੋਟਰਾਂ ਦੀ ਉਮਰ ਮਿਤੀ 1 ਜਨਵਰੀ, 2016 ਨੂੰ 18 ਸਾਲ ਦੀ ਹੋ ਚੁੱਕੀ ਹੈ ਜਾਂ ਇਸ ਤੋਂ ਵੱਧ ਉਮਰ ਦੇ ਵੋਟਰਾਂ ਦੀਆਂ ਵੋਟਾਂ ਅਜੇ ਤੱਕ ਨਹੀਂ ਬਣੀਆਂ, ਉਹ ਫਾਰਮ ਨੰ-6 ਪੁਰ ਕਰਕੇ ਆਪਣੀ ਵੋਟ ਬਣਾ ਸਕਦੇ ਹਨ । ਉਹਨਾਂ ਦੱਸਿਆ ਕਿ ਵੋਟਰ ਸੂਚੀ ਵਿੱਚ ਦਰਜ ਨਾਮ ਤੇ ਇਤਰਾਜ ਕਰਨ ਲਈ ਫਾਰਮ ਨੰ-7 ਅਤੇ ਵੋਟਰ ਸੂਚੀ ਵਿੱਚ ਦਰਜ ਇੰਦਰਾਜਾਂ ਦੀ ਸੋਧ ਕਰਨ ਲਈ ਫਾਰਮ ਨੰਬਰ-8 ਅਤੇ ਪੋਲਿੰਗ ਬੂਥ ਦੀ ਅਦਲਾ-ਬਦਲੀ ਲਈ ਫਾਰਮ ਨੰ-8ਏ ਦੀ ਵਰਤੋਂ ਕੀਤੀ ਜਾਵੇਗੀ ।
ਉਨ੍ਹਾਂ ਕਿਹਾ ਕਿ ਵੋਟਰ ਸੂਚੀਆਂ ਸਬੰਧੀ ਦਾਅਵੇ ਤੇ ਇਤਰਾਜ਼ ਦਾਇਰ ਕਰਨ ਲਈ ਸਮਾਂ ਹੱਦ 15 ਸਤੰਬਰ ਤੋਂ 14 ਅਕਤੂਬਰ ਤੱਕ ਰੱਖੀ ਗਈ ਹੈ। ਇਸ ਤੋਂ ਇਲਾਵਾ ਦਾਅਵਿਆਂ ਤੇ ਇਤਾਰਜ਼ਾਂ ਦੀ ਜਾਂਚ ਪੜਤਾਲ 16 ਸਤੰਬਰ ਤੇ 30 ਸਤੰਬਰ ਨੂੰ ਹੋਵੇਗੀ ਅਤੇ ਸਿਆਸੀ ਪਾਰਟੀਆਂ ਦੇ ਬੂਥ ਲੈਵਲ ਏਜੰਟਾਂ ਕੋਲੋਂ ਦਾਅਵੇ ਤੇ ਇਤਰਾਜ਼ ਪ੍ਰਾਪਤ ਕਰਨ ਲਈ 20 ਸਤੰਬਰ ਦਿਨ ਐਤਵਾਰ ਤੇ 4 ਅਕਤੂਬਰ ਦਿਨ ਐਤਵਾਰ ਨਿਰਧਾਰਿਤ ਕੀਤੇ ਗਏ ਹਨ। ਸਿਆਸੀ ਪਾਰਟੀਆਂ ਕੋਲੋਂ ਪ੍ਰਾਪਤ ਦਾਅਵੇ ‘ਤੇ ਇਤਰਾਜ਼ਾਂ ਦੀ ਸੁਣਵਾਈ ਤੇ ਨਿਪਟਾਰਾ 16 ਨਵੰਬਰ ਤੱਕ ਕੀਤਾ ਜਾਵੇਗਾ, ਜਿਸ ਪਿੱਛੋਂ ਨਵਾਂ ਡਾਟਾ ਬੇਸ ਨੂੰ ਅਪਲੋਡ ਕਰਨਾ, ਸਪਲੀਮੈਂਟਰੀ ਲਿਸਟਾਂ ਦੀ ਪ੍ਰਕਾਸ਼ਨਾ 15 ਦਸੰਬਰ ਤੱਕ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 11 ਜਨਵਰੀ 2016 ਨੂੰ ਹੋਵੇਗੀ।
ਉਹਨਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਹਰ ਇੱਕ ਪੋਲਿੰਗ ਬੂਥ ‘ਤੇ ਆਪਣਾ ਬੂਥ ਲੈੱਵਲ ਏਜੰਟ ਨਿਯੁਕਤ ਕਰਨ ਅਤੇ ਇਸ ਕੰਮ ਲਈ ਈ. ਆਰ. ਓ., ਬੀ. ਐੱਲ. ਓਜ਼ ਅਤੇ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ।