September 15, 2015 admin

ਬਟਾਲਾ ਦੀ ਆਧੁਨਿਕ ਪਸ਼ੂ ਮੇਲਾ ਗਰਾਉਂਡ ਦੇ ਨਿਰਮਾਣ ਕਾਰਜਾਂ ਨੂੰ ਅੰਤਿਮ ਛੋਹਾਂ

ਬਟਾਲਾ ਦੀ ਆਧੁਨਿਕ ਪਸ਼ੂ ਮੇਲਾ ਗਰਾਉਂਡ ਦੇ ਨਿਰਮਾਣ ਕਾਰਜਾਂ ਨੂੰ ਅੰਤਿਮ ਛੋਹਾਂ

ਮਾਝਾ ਖੇਤਰ ‘ਚ ਪਸ਼ੂਆਂ ਦੇ ਵਪਾਰ ਦਾ ਕੇਂਦਰੀ ਸਥਾਨ ਬਣੇਗੀ ਬਟਾਲਾ ਦੀ ਇਹ ਪਸ਼ੂ ਮੇਲਾ ਗਰਾਉਂਡ

ਬਟਾਲਾ, 15 ਸਤੰਬਰ: ਪੰਜਾਬ ਸਰਕਾਰ ਵੱਲੋਂ ਬਟਾਲਾ ਵਿਖੇ 5.44 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਜਾ ਰਹੀ ਆਧੁਨਿਕ ਪਸ਼ੂ ਮੇਲਾ ਗਰਾਉਂਡ ਦਾ ਕੰਮ ਆਖਰੀ ਪੜਾਅ ਵਿੱਚ ਪਹੁੰਚ ਗਿਆ ਅਤੇ ਇਸ ਮਹੀਨੇ ਅਖੀਰ ਤੱਕ ਇਹ ਪਸ਼ੂ ਮੇਲਾ ਗਰਾਉਂਡ ਪਸ਼ੂ ਪਾਲਕਾਂ ਨੂੰ ਸਮਰਪਿਤ ਕਰਨ ਦੀ ਯੋਜਨਾ ਹੈ। ਬਟਾਲਾ ਸ਼ਹਿਰ ‘ਚ ਬਣੀ ਇਹ ਪਸ਼ੂ ਮੇਲਾ ਗਰਾਉਂਡ ਜ਼ਿਲ੍ਹਾ ਗੁਰਦਾਸਪੁਰ ਦੀ ਪਹਿਲੀ ਆਧੁਨਿਕ ਪਸ਼ੂ ਮੇਲਾ ਗਰਾਉਂਡ ਹੈ ਜੋ ਕਿ ਸਮੁੱਚੇ ਮਾਝਾ ਖੇਤਰ ਦੇ ਕਿਸਾਨਾਂ ਲਈ ਪਸ਼ੂਆਂ ਦੇ ਵਪਾਰ ਦਾ ਕੇਂਦਰੀ ਸਥਾਨ ਹੋ ਨਿਬੜੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਬਟਾਲਾ ਸ. ਸਕੱਤਰ ਸਿੰਘ ਬੱਲ ਨੇ ਦੱਸਿਆ ਕਿ ਬਟਾਲਾ ਦੇ ਕੁਤਬੀਨੰਗਲ ਵਿਖੇ 16 ਏਕੜ ਰਕਬੇ ‘ਚ ਬਣ ਰਹੀ ਇਸ ਆਧੁਨਿਕ ਪਸ਼ੂ ਮੇਲਾ ਗਰਾਉਂਡ ‘ਤੇ ਸੂਬਾ ਸਰਕਾਰ ਵੱਲੋਂ 5.44 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਪਸ਼ੂ ਮੇਲਾ ਗਰਾਊਂਡ ਦਾ ਕੰਮ ਮੁਕੰਮਲ ਹੋਣ ਕਿਨਾਰੇ ਹੈ ਅਤੇ ਪੰਚਾਇਤੀ ਰਾਜ ਵਿਭਾਗ ਵੱਲੋਂ ਨਿਰਮਾਣ ਕਾਰਜਾਂ ਨੂੰ ਅੰਤਿਮ ਛੋਹਾਂ ਦਿੰਦਿਆਂ ਕੰਮ ਜੰਗੀ ਪੱਧਰ ‘ਤੇ ਜਾਰੀ ਹਨ। ਉਨ੍ਹਾਂ ਦੱਸਿਆ ਕਿ ਗਰਾਉਂਡ ਵਿੱਚ ਪਸ਼ੂਆਂ ਲਈ 12 ਸ਼ੈੱਡ ਬਣਾਏ ਗਏ ਹਨ ਅਤੇ ਇਨ੍ਹਾਂ ਸੈੱਡਾਂ ਵਿੱਚ ਖੁਰਲੀਆਂ ਬਣਾਉਣ ਦਾ ਕੰਮ ਵੀ ਮੁਕੰਮਲ ਹੋ ਗਿਆ ਹੈ। ਖੁਰਲੀਆਂ ਨੂੰ ਖੂਬਸੂਰਤ ਅਤੇ ਮਜਬੂਤ ਬਣਾਉਣ ਲਈ ਵਧੀਆ ਕਿਸਮ ਦਾ ਮਾਰਬਲ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਪਸ਼ੂਆਂ ਲਈ 4 ਲੋਡਿੰਗ ਅਨਲੋਡਿੰਗ ਪਲੇਟਫਾਰਮ, ਲੈਂਡਿੰਗ ਰੈਂਪ, ਪਸ਼ੂਆਂ ਦੇ ਪਾਣੀ ਲਈ 2 ਵੱਡੀਆਂ ਖੁਰਲੀਆਂ ਵੀ ਬਣਾਈਆਂ ਗਈਆਂ ਹਨ। ਪਸ਼ੂ ਮੇਲਾ ਗਰਾਉਂਡ ਵਿੱਚ ਸ਼ੁੱਧ ਤੇ ਸਾਫ ਪਾਣੀ ਮੁਹੱਈਆ ਕਰਾਉਣ ਲਈ 50 ਹਜਾਰ ਲੀਟਰ ਦੀ ਇੱਕ ਪਾਣੀ ਵਾਲੀ ਟੈਂਕੀ ਵੀ ਬਣ ਗਈ ਹੈ ਅਤੇ ਇਸ ਤੋਂ ਪਾਣੀ ਦੀ ਸਪਲਾਈ ਸ਼ੁਰੂ ਹੋ ਗਈ ਹੈ। ਪਸ਼ੂ ਮੇਲਾ ਗਰਾਉਂਡ ਦੇ ਚਾਰੇ ਪਾਸੇ ਉੱਚੀ ਤੇ ਮਜਬੂਤ ਚਾਰਦਿਵਾਰੀ ਕੀਤੀ ਗਈ ਹੈ ਤਾਂ ਜੋ ਮੇਲਾ ਗਰਾਉਂਡ ‘ਚੋਂ ਪਸ਼ੂ ਬਾਹਰ ਨਾ ਜਾ ਸਕਣ। ਪਸ਼ੂ ਮੇਲਾ ਗਰਾਉਂਡ ਨੂੰ ਪੱਕਿਆਂ ਕਰਨ ਤੋਂ ਇਲਾਵਾ ਇਸਦਾ ਖੂਬਸੂਰਤ ਗੇਟ ਉਸਾਰਿਆ ਗਿਆ ਹੈ।

ਐੱਸ.ਡੀ.ਐੱਮ. ਸ. ਬੱਲ ਨੇ ਕਿਹਾ ਕਿ ਪਸ਼ੂ ਮੇਲਾ ਗਰਾਉਂਡ ‘ਚ ਕਿਸਾਨਾਂ ਤੇ ਪਸ਼ੂ ਪਾਲਕਾਂ ਦੀਆਂ ਸਹੂਲਤਾਂ ਦਾ ਵੀ ਖਿਆਲ ਰੱਖਿਆ ਗਿਆ ਹੈ ਜਿਸ ਤਹਿਤ ਪਸ਼ੂ ਪਾਲਕਾਂ ਦੇ ਰਹਿਣ ਦਾ ਪ੍ਰਬੰਧ, ਇਸਨਾਨ ਘਰ ਅਤੇ ਪਬਲਿਕ ਟਾਇਲਟਸ ਵੀ ਬਣਾਈਆਂ ਗਈਆਂ ਹਨ। ਮੇਲਾ ਗਰਾਉਂਡ ਦੇ ਗੇਟ ‘ਤੇ ਦਾਖਲਾ ਦਫਤਰ ਤੇ ਰਜ਼ਿਸਟਰੇਸ਼ਨ ਰੂਮ ਦੀ ਉਸਾਰੀ ਕੀਤੀ ਗਈ ਹੈ। ਇਸਤੋਂ ਇਲਾਵਾ ਗੇਟ ਦੇ ਬਾਹਰਵਾਰ ਪਾਰਕਿੰਗ ਬਣਾਈ ਜਾ ਰਹੀ ਹੈ। ਐੱਸ.ਡੀ.ਐੱਮ ਨੇ ਕਿਹਾ ਕਿ ਇਸ ਮਹੀਨੇ ਦੇ ਖਤਮ ਹੋਣ ਤੋਂ ਪਹਿਲਾਂ-ਪਹਿਲਾਂ ਇਸ ਪਸ਼ੂ ਮੇਲਾ ਗਰਾਉਂਡ ਦੀ ਉਸਾਰੀ ਮੁਕੰਮਲ ਕਰ ਲਈ ਜਾਵੇਗੀ ਤਾਂ ਜੋ ਇਸਨੂੰ ਬਿਨ੍ਹਾਂ ਕਿਸੇ ਦੇਰੀ ਪਸ਼ੂ ਪਾਲਕਾਂ ਹਵਾਲੇ ਕੀਤਾ ਜਾ ਸਕੇ।

Translate »