February 7, 2016 admin

ਪੀ ਏ ਯੂ ਕਿਸਾਨ ਕਲੱਬ ਦੀ ਗੋਲਡਨ ਜੁਬਲੀ

ਲੁਧਿਆਣਾ 7 ਫਰਵਰੀ 2016:– ਪੀ ਏ ਯੂ ਕਿਸਾਨ ਕਲੱਬ ਦੀ ਗੋਲਡਨ ਜੁਬਲੀ ਤੇ ਸਮਾਗਮ ਆਯੋਜਤ ਕੀਤਾ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪੀ ਏ ਯੂ ਕਿਸਾਨ ਕਲੱਬ ਦੀ ਗੋਲਡਨ ਜੁਬਲੀ ਤੇ ਸਮਾਗਮ ਆਯੋਜਤ ਕੀਤਾ ਗਿਆ, ਜਿਸ ਵਿੱਚ 800 ਤੋਂ ਵੱਧ ਕਿਸਾਨ ਵੀਰਾਂ ਨੇ ਭਾਗ ਲਿਆ । ਇਸ ਸਮਾਗਮ ਵਿੱਚ 26 ਕਿਸਾਨ ਵੀਰਾਂ ਨੂੰ ਪ੍ਰਸੰਸਾ ਪੱਤਰ ਪ੍ਰਦਾਨ ਕੀਤੇ ਗਏ । ਇਸ ਸਮਾਗਮ ਵਿੱਚ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿਖਿਆ ਡਾ. ਰਾਜਿੰਦਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਉਨਾਂ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਵੈ-ਸਹਾਇਤਾ ਸਮੂਹ ਸਥਾਪਤ ਕਰਨ ਨਾਲ ਖੇਤੀ ਉਤਪਾਦਾਂ ਦਾ ਚੰਗਾ ਮੁੱਲ ਮਿਲ ਸਕਦਾ ਹੈ । ਉਨਾਂ ਕਿਸਾਨ ਵੀਰਾਂ ਨੂੰ ਖੇਤੀ ਖਰਚਿਆਂ ਦੇ ਹਿਸਾਬ ਰੱਖਣ ਦੀ ਸਿਫ਼ਾਰਸ਼ ਕੀਤੀ ।

 ਉਨਾਂ ਖਾਣ ਵਾਲੇ ਪਦਾਰਥਾਂ, ਕੱਪੜਿਆਂ, ਸ਼ਹਿਦ ਅਤੇ ਖੁੰਬਾਂ ਤੋਂ ਤਿਆਰ ਵਸਤਾਂ ਤਿਆਰ ਕਰਨ ਵਾਲੇ ਸਵੈ-ਸਹਾਇਤਾ ਸਮੂਹਾਂ ਦੀ ਭਰਪੂਰ ਸ਼ਲਾਘਾ ਕੀਤੀ । ਇਸ ਮੌਕੇ ਅਪਰ ਨਿਰਦੇਸ਼ਕ ਖੋਜ ਡਾ. ਆਰ. ਕੇ. ਗੁੰਬਰ ਨੇ ਨਵੀਆਂ ਸਿਫ਼ਾਰਸ਼ ਕੀਤੀਆਂ ਕਣਕ ਦੀਆਂ ਕਿਸਮਾਂ ਪੀ ਬੀ ਡਬਲਯੂ 677, ਐਚ ਡੀ 3086, ਝੋਨੇ ਦੀ ਕਿਸਮ ਪੀ ਆਰ 124, ਗੰਨੇ ਦੀ ਸੀ ਓ 238 ਅਤੇ ਸੀ ਓ 118 ਦੀ ਗੁਣਵੱਤਾ ਆਦਿ ਬਾਰੇ ਸਭਨਾਂ ਨੂੰ ਜਾਣੂੰ ਕਰਵਾਇਆ । ਕਲੱਬ ਦੇ ਪ੍ਰਧਾਨ ਨੇ ਜਾਣਕਾਰੀ ਵਧਾਉਂਦਿਆਂ ਦੱਸਿਆ ਕਿ ਇਸ ਕਲੱਬ ਦੀ ਸਥਾਪਨਾ 1966 ਵਿੱਚ ਕੀਤੀ ਗਈ ਸੀ ਅਤੇ ਹੁਣ ਇਸ ਦੇ ਮੈਂਬਰਾਂ ਦਾ ਅੰਕੜਾ 8000 ਪਹੁੰਚ ਚੁੱਕਾ ਹੈ।

ਉਨਾਂ ਕਲੱਬ ਦੀਆਂ ਗਤੀਵਿਧੀਆਂ ਸੰਬੰਧੀ ਵੀ ਇੱਕ ਰਿਪੋਰਟ ਸਾਰਿਆਂ ਨਾਲ ਸਾਂਝੀ ਕੀਤੀ। ਇਸ ਤੋਂ ਪਹਿਲਾਂ ਜੀ ਆਇਆਂ ਦੇ ਸ਼ਬਦ ਕਲੱਬ ਦੇ ਕੋ-ਆਰਡੀਨੇਟਰ ਡਾ. ਤਜਿੰਦਰ ਸਿੰਘ ਰਿਆੜ ਨੇ ਕਿਹਾ ਅਤੇ ਧੰਨਵਾਦ ਦੇ ਸ਼ਬਦ ਐਗਰੀਕਲਚਰ ਕਾਲਜ ਦੇ ਡੀਨ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਕਹੇ । ਇਸ ਮੌਕੇ ਸਬਜ਼ੀਆਂ ਦੀ ਪੈਦਾਵਾਰ ਸੰਬੰਧੀ ਨਿਰਦੇਸ਼ਕ ਬੀਜ ਡਾ. ਤਰਸੇਮ ਸਿੰਘ ਢਿੱਲੋਂ ਅਤੇ ਕਣਕ ਦੀਆਂ ਬੀਮਾਰੀਆਂ ਦੇ ਚੰਗੇਰੇ ਪ੍ਰਬੰਧ ਸੰਬੰਧੀ ਡਾ. ਚੰਦਰ ਮੋਹਨ ਨੇ ਵੀ ਸੰਬੋਧਨ ਕੀਤਾ ।

 

Translate »