March 8, 2016 admin

ਗਲਿਆਰਾ ਖੇਤਰ ਵਿੱਚ ਅਣ-ਅਧਿਕਾਰਤ ਅਤੇ ਗੈਰ ਕਾਨੂੰਨੀ ਹੋਟਲ ਗੈਸਟਹਾਉਸਾ

ਗਲਿਆਰਾ ਖੇਤਰ ਵਿੱਚ ਅਣ-ਅਧਿਕਾਰਤ ਅਤੇ ਗੈਰ ਕਾਨੂੰਨੀ ਹੋਟਲਾਂ/ਗੈਸਟਹਾਉਸਾਂ ਨੂੰ ਰੈਗੁਲਰ ਕਰਨਾ ਭਰਿਸ਼ਟਾਚਾਰ ਨੂੰ ਉਤਸ਼ਾਹਿਤ ਕਰਨਾ ਹੈ: ਅੰਮ੍ਰਤਸਰ ਵਿਕਾਸ ਮੰਚ
ਅੰਮ੍ਰਿਤਸਰ 7 ਮਾਰਚ 2016 (ਭਾਰਤ ਸੰਦੇਸ਼ ਖ਼ਬਰਾਂ) :– ਅੰਮ੍ਰਿਤਸਰ ਵਿਕਾਸ ਮੰਚ ਨੇ  ਵਿਧਾਨ ਸਭਾ ਦੇ ਮੋਜੂਦਾ ਸੈਸ਼ਨ ਦੋਰਾਨ ਸ਼੍ਰੀ ਹਰਿਮੰਦਰ ਸਾਹਿਬ ਦੇ ਦੁਆਲੇ ਬਣੇ ਅਣ-ਅਧਿਕਾਰਤ ਹੋਟਲਾਂ/ਗੈਸਟਹਾਉਸਾਂ ਨੂੰ ਰੈਗੁਲਰ ਕਰਨ ਦੀ ਪੰਜਾਬ ਸਰਕਾਰ ਦੀ ਜੋ ਯੋਜਨਾ ਦਾ ਵਿਰੋਧ ਕਰਦੇ ਹੋਏ ਦੋਸ਼ ਲਾਇਆ ਹੈ ਕਿ ਇਸ ਦੇ ਨੇਪਰੇ ਚੜਨ ਨਾਲ ਭਰਿਸ਼ਟਾਚਾਰ ਨੂੰ ਦੂਹਰਾ ਉਤਸ਼ਾਹ ਮਿਲੇਗਾ।ਪ੍ਰੈਸ ਨੂੰ ਜਾਰੀ ਬਿਆਨ ਵਿਚ ਮੰਚ ਦੇ , ਸਰਪ੍ਰਸਤ ਪਿੰ੍ਰਸੀਪਲ ਕੁਲਵੰਤ ਸਿੰਘ ਅਣਖੀ ਨੇ ਕਿਹਾ ਕਿ ਪਹਿਲਾਂ ਭਰਿਸ਼ਟਾਚਾਰ ਉਸ ਵੇਲੇ ਹੋਇਆ ਹੋਵੇਗਾ, ਜਦ ਇਹ ਗੈਰ ਕਾਨੂੰਨੀ ਹੋਟਲ/ਗੈਸਟਹਾਊਸ ਭਰਿਸ਼ਟ ਅਧਿਕਾਰੀਆਂ ਦੀ ਸਹਿਮਤੀ ਨਾਲ ਹੌਂਦ ਵਿੱਚ ਆਏ, ਹੁਣ ਵੀ ਸ਼ਕ ਹੈ ਕਿ ਇਹਨਾਂ ਨੂੰ ਰੈਗੁਲਰ ਕਰਨਾ ਭਰਿਸ਼ਟਾਚਾਰ ਤੋਂ ਬਿਨਾਂ ਨਹੀਂ ਹੋਵੇਗਾ। ਪੰਜਾਬ ਸਰਕਾਰ ਨੂੰ ਅਜਿਹੇ ਵਿਵਾਦਤ ਮੁਦੇ ਤੋਂ ਨਿਰਲੇਪ ਰਹਿਣਾ ਚਾਹੀਦਾ ਹੈ ਅਤੇ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣ ਵਿੱਚ ਕੋਈ ਰੁਕਾਵਟ ਨਹੀਂ ਬਣਨਾ ਚਾਹੀਦਾ।

ਓਪਰੇਸ਼ਨ ਬਲਿਊ ਸਟਾਰ ਉਪਰੰਤ ਹਰਿਮੰਦਰ ਸਾਹਿਬ ਤੇ ਵਾਪਰੇ ਓਪਰੇਸ਼ਨ ਬਲੈਕ ਥੰਡਰ ਨੇ ਸਿੱਖ ਹਿਰਦਿਆਂ ਅਤੇ ਮਾਨਸਿਕਤਾ ਨੂੰ ਤਾਂ ਵਲੂਧਰਿਆ ਹੀ ਸੀ, ਪੰਜਾਬ ਅਤੇ ਕੇਂਦਰੀ ਸਰਕਾਰ ਲਈ ਵੀ ਇਹ ਸੀਥਤੀ ਪੂਰੀ ਸਿਰਦਰਦੀ ਵਾਲੀ ਸੀ। ਉਹਨਾਂ ਦਿਨਾਂ ਵਿੱਚ ਅਕਾਲ ਤਖਤ ਦੇ ਪਿਛਲੇ ਪਾਸੇ ਭੀੜੀਆਂ ਅਤੇ ਭੀੜ ਭੜੱਕੇ ਵਾਲੀਆਂ ਤੰਗ ਗਲੀਆਂ ਤੇ ਬਜ਼ਾਰ ਸਨ, ਜਿੱਥੇ ਨਕਲੀ ਗਹਿਣਿਆਂ ਦਾ ਬਜ਼ਾਰ ਸੀ, ਜਿਸ ਨੂੰ ਝੂਠਾ ਬਜ਼ਾਰ ਕਹਿੰਦੇ ਸਨ। ਇਸੇ ਤਰ੍ਹਾਂ ਸਰਾਂ ਸ਼੍ਰੀ ਗੁਰੁ ਰਾਮਦਾਸ ਦੇ ਪਿਛਲੇ ਪਾਸੇ ਬਾਗ ਵਾਲੀ ਗਲੀ ਅਤੇ ਹੋਰ ਕਾਫੀ ਤੰਗ ਗਲੀਆਂ ਸਨ। ਬਾਬਾ ਅਟੱਲ ਵਾਲੇ ਪਾਸੇ ਕੋਲਸਰ ਸਰੋਵਰ ਦੇ ਨਾਲ ਨਾਲ ਵੀ ਤੰਗ ਅਤੇ ਭੀੜ ਭੜਾਕੇ ਵਾਲੇ ਕਪੜੇ ਦੇ ਬਜ਼ਾਰ ਸਨ। ਹਰਿਮੰਦਰ ਸਾਹਿਬ ਕੰਪਲੈਕਸ ਤੰਗ ਗਲੀਆਂ ਬਜ਼ਾਰਾਂ ਨਾਲ ਘਿਰਿਆ ਹੋਇਆ ਸੀ। ਜਿੱਥੇ ਆਬਾਦੀ ਵੀ ਕਾਫੀ ਸੰਘਣੀ ਸੀ। ਓਪਰੇਸ਼ਨ ਬਲੂ ਸਟਾਰ ਅਤੇ ਓਪਰੇਸ਼ਨ ਬਲੈਕ ਥੰਡਰ ਦੌਰਾਨ ਭਾਰਤੀ ਫੌਜ ਅਤੇ ਸੁਰੱਖਿਆਂ ਬਲਾਂ ਨੂੰ ਇਹਨਾਂ ਤੰਗ ਗਲੀ ਬਜ਼ਾਰਾਂ ਵਿੱਚ ਵਿਚਰਨਾ ਕਾਫੀ ਮੁਸ਼ਕਿਲ ਭਰਿਆ ਲੱਗਾ। ਖਾੜਕੂਆਂ ਲਈ ਵੀ ਇਹ ਇਲਾਕਾ ਛੁਪਣਗਾਹ ਦੇ ਤੌਰ ਤੇ ਵਰਤਿਆ ਜਾਂਦਾ ਸੀ ਜੋ ਕਿ ਸੁਰੱਖਿਆ ਬਲਾਂ ਲਈ ਜੋਖਿਮ ਭਰਿਆ ਸੀ।

ਓਪਰੇਸ਼ਨ ਬਲੈਕ ਥੰਡਰ ਉਪਰੰਤ ਸੰਨ 1988 ਵਿੱਚ ਕੇਂਦਰੀ ਸਰਕਾਰ ਨੇ ਹਰਿਮੰਦਰ ਸਾਇਬ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਰਿਹਾਇਸ਼ ਅਤੇ ਵਪਾਰਿਕ ਗਤੀਵਿਧੀਆਂ ਤੋਂ ਮੁਕਤ ਕਰਾਉਣ ਲਈ ਇਕ ਯੋਜਨਾ ਉਲੀਕੀ ਜਿਸ ਨੂੰ ਗਲਿਆਰਾ ਯੋਜਨਾ ਦਾ ਨਾਂ ਦਿੱਤਾ। ਪਹਿਲਾਂ ਇਹ ਯੋਜਨਾ ਸੀ ਕਿ ਹਰਿਮੰਦਰ ਸਾਹਿਬ ਤੋਂ 90 ਮੀਟਰ ਦੇ ਘੇਰੇ ਨੂੰ ਗਲਿਆਰਾ ਸਕਮਿ ਵਿੱਚ ਲਿਆਂਦਾ ਜਾਏ। ਬਹੁਤ ਜ਼ਿਆਦਾ ਆਬਾਦੀ ਦੇ ਪ੍ਰਭਾਵਿਤ ਹੋਣ ਤੇ ਪ੍ਰਸ਼ਾਸਨ ਨੇ  ਇਹ ਘੇਰਾ 60 ਮੀਟਰ ਕਰ ਦਿੱਤਾ ਜੋ ਦੁਬਾਰਾ ਸ਼ਹਿਰੀਆਂ ਦੀ ਮੰਗ ਤੇ 30 ਮੀਟਰ ਕਰ ਦਿੱਤਾ ਗਿਆ। ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਭੀੜ-ਮੁਕਤ, ਦਹਿਸ਼ਤ-ਮੁਕਤ ਅਤੇ ਸੁੰਦਰ ਬਣਾਉਣਾ ਇਸ ਯੋਜਨਾ ਦਾ ਆਧਾਰ ਸੀ।

ਮਹੱਤਵਪੂਰਨ ਸ਼ਰਤ ਇਸ ਯੋਜਨਾ ਦੀ ਇਹ ਸੀ ਕਿ ਗਲਿਆਰੇ ਵਿਚ ਇਲਾਕੇ ਦੀਆਂ ਗਲੀਆਂ ਅਤੇ ਬਜ਼ਾਰ ਹੀ ਖੁਲ੍ਹਣਗੇ। ਕਿਸੇ ਰਿਹਾਇਸ਼ੀ ਜਾਂ ਵਪਾਰਿਕ ਇਮਾਰਤ ਦਾ ਦਰਵਾਜ਼ਾ, ਬਾਰੀ ਜਾਂ ਕੋਈ ਹੋਰ ਦਾਖਲਾ ਗਲਿਆਰੇ ਵਾਲੇ ਪਾਸੇ ਨਹੀ ਹੋਏਗਾ। ਇਸ ਯੋਜਨਾ ਵਿਚ ਤਾਂ ਗਲਿਆਰੇ ਦੀ ਹੱਦ ਤੇ ਇਕ ਉਚੀ ਕੰਧ ਉਸਾਰਨਾ ਸੀ, ਜਿਵੇ ਹੁਣ ਘੰਟਾ ਘਰ ਵਾਲੇ ਪਾਸੇ ਉਸਾਰੀ ਗਈ ਹੈ। ਗਲਿਆਰਾ ਯੋਜਨਾ ਅਧਿਕਾਰੀਆਂ ਨੇ ਇਹ ਕੰਧ ਉਸਾਰਨ ਲਈ ਟੈਂਡਰ ਵੀ ਦਿੱਤੇ ਸਨ ਅਤੇ ਸ਼ਾਇਦ ਕਾਗਜ਼ਾਂ ਵਿੱਚ ਇਹ ਕੰਧ ਉਸਰ ਵੀ ਗਈ ਹੋਵੇ, ਪੰਰਤੂ ਭ੍ਰਿਸ਼ਟ ਗਲਿਆਰਾ ਨਿਗਮ ਅਧਿਕਾਰੀਆਂ ਨੇ, ਜੋ ਗਲਿਆਰਾ ਯੋਜਨਾ ਨੂੰ ਨੇਪੜੇ ਚੜਾਉਣ ਲਈ ਜਿੰਮੇਵਾਰ ਸਨ, ਇਹ ਕੰਧ ਨਹੀਂ ਉਸਾਰਨ ਦਿੱਤੀ। ਜਿੰਨਾ ਲੋਕਾਂ ਦੇ ਘਰ ਗਲਿਆਰੇ ਦੇ ਨਾਲ ਲਗਦੇ ਹਨ, ਉਨਾਂ ਲੋਕਾਂ ਆਪਣੀਆ ਰਹਾਇਸ਼ਾ ਇਸ ਇਲਾਕੇ ਵਿਚੋਂ ਬਦਲ ਲਈਆ ਅਤੇ ਭ੍ਰਿਸ਼ਟ ਨਿਗਮ ਅਧਿਕਾਰੀਆ ਦੀ ਮਿਲੀ-ਭੁਗਤ ਨਾਲ ਉਨਾ 50,60 ਗਜ਼ ਦੇ ਘਰਾਂ ਨੂੰ ਗੈਸਟ ਹਾਉੂ/ਹੋਟਲਾਂ ਆਦਿ ਵਿਚ ਬਦਲ ਕੇ ਯਾਤਰੂਆਂ/ਸ਼ਰਧਾਲੂਆਂ ਤੋਂ ਮੋਟੀ ਕਮਾਈ ਦਾ ਜ਼ਰੀਆ ਬਣਾ ਲਿਆ। ਗਲਿਆਰਾ ਯੋਜਨਾ ਦੀਆਂ ਧਾਰਾਵਾਂ ਦੀਆਂ ਪੂਰੀ ਤਰਾਂ ਧੱਜੀਆਂ ਉਡਾ ਦਿੱਤੀਆਂ ਗਈਆਂ। ਹੋਟਲਾਂ, ਗੈਸਟ ਹਾਉੂਸ ਦੇ ਮਾਲਕਾਂ ਦੀਆ ਭ੍ਰਿਸ਼ਟ ਤਾਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਾਵਾਂ ਦੇ ਇੰਚਾਰਜ/ਮੁਲਾਜਮਾਂ ਨਾਲ ਵੀ ਜੁੜ ਗਈਆਂ, ਜਿਨ੍ਹਾਂ ਨੇ ਯਾਤਰੂਆਂ/ਸ਼ਰਧਾਲੂਆਂ ਨੂੰ ੳਪਲੱਬਧ ਹੋਣ ਤੇ ਵੀ ਸਰਾਵਾਂ ਦੇ ਕਮਰੇ ਦੇਣ ਤੋ ਇਨਕਾਰ ਕਰ ਦੇਣਾ ਅਤੇ ਨਾਲ ਹੀ ਉਨਾਂ ਨੂੰ ਵਿਸ਼ੇਸ਼ ਗੈਸਟ-ਹਾਉਸ/ਹੋਟਲ ਦਾ ਪਤਾ ਵੀ ਦਸ ਦੇਣਾ ਜਿਥੇ ਉਨਾਂ ਦਾ ਕਮਿਸ਼ਨ ਚਲਦਾ ਸੀ। ਹੋਟਲਾਂ ਤੱਕ ਆਉਣ ਵਾਲੇ ਵਾਹਨਾਂ ਦੇ ਪ੍ਰਦੂਸ਼ਣ, ਜਰਨੇਟਰ, ਏ.ਸੀ., ਤੰਦੂਰਾਂ ਵਿਚ ਬਲਦੀਆਂ ਲੱਕੜ ਦੀਆਂ ਮੁੱਢੀਆ ਤੋਂ ਪੈਦਾ ਪ੍ਰਦੂਸ਼ਣ ਹਰਿਮੰਦਰ ਸਾਹਿਬ ਦੇ ਸੋਨੇ ਅਤੇ ਸੰਗਮਰਮਰ ਦਾ ਬਹੁਤ ਨੁਕਸਾਨ ਕਰ ਰਿਹਾ ਹੈ।

ਮਿਉਂਸਪਲ ਬਿਲਡਿੰਗ ਲਾਅਜ ਦੀਆਂ ਪੂਰੀ ਤਰਾਂ ਧੱਜੀਆਂ ੳਡਾ ਦਿੱਤੀਆ ਗਈਆ। ਇਨਾਂ ਹੋਟਲਾਂ ਪਾਸ, ਜੋ ਕਿ ਗਿਣਤੀ ਵਿਚ ਲਗਪਗ 400 ਹਨ, ਕਿਸੇ ਕੋਲ ਵੀ ਪਾਰਕਿੰਗ ਲਈ ਜਗ੍ਹਾ ਨਹੀਂ ਹੈ। ਜੇ ਅੱਗ, ਭੁਚਾਲ ਭਗਦੜ ਵਰਗੀ ਆਫਤ ਆ ਜਾਏ ਤਾਂ ਇਨ੍ਹਾਂ ਹੋਟਲ/ਗੈਸਟ ਹਾੳਸ ਮਾਲਕਾਂ ਪਾਸ ਕੋਈ ਬਚਾਅ ਦਾ ਸਾਧਨ ਨਹੀਂ।

ਬਿਲਡਿੰਗ ਬਾਈਲਾਜ ਮੁਤਾਬਕ ਹੋਟਲ/ਗੈਸਟ ਹਾਊਸ ਦੀ ਉਚਾਈ ਦਾ ਵੀ ਕੋਈ ਖਿਆਲ ਨਹੀ ਰੱਖਿਆ। ਅਫਸੋਸ ਇਸ ਗੱਲ ਦਾ ਹੈ ਕਿ ਜਿਨਾਂ ਕਾਂਊਸਲਰਾਂ, ਵਿਧਾਇਕਾਂ, ਅਫਸਰਾਂ ਅਤੇ ਇਥੋਂ ਤੱਕ ਕਿ ਨਿਆਂ ਅਧਿਕਾਰੀਆਂ ਨੇ ਜਿਨਾਂ ਗਲਿਆਰਾ ਯੋਜਨਾ ਨੂੰ ਨਿਯਮਾਂ ਅਨੁਸਾਰ ਨੇਪਰੇ ਚੜਾਉਣਾ ਸੀ ਉਹ ਅਸਲ ਯੋਜਨਾ ਨੂੰ ਦਫਨ ਕਰਨ ਵਿਚ ਮੋਹਰੀ ਸਨ। ਇਨਾਂ ਹੋਟਲਾਂ ਵਿਚ ਆਵਾਜਾਈ ਕਾਰਨ ਗਲਿਆਰਾ ਯੋਜਨਾ ਦਾ ਸੁੰਦਰੀ ਕਰਨ ਵੀ ਨੇਪੜੇ ਨਹੀ ਚੜ੍ਹ ਸਕਿਆ।

ਇਸ ਤੋਂ ਇਲਾਵਾ ਇਨਾਂ ਹੋਟਲਾਂ ਵਿਚੋਂ ਬਦ ਇਖਲਾਕ ਜੋੜੇ ਵੀ ਕਈ ਦਫਾ ਪਕੜੇ ਗਏ ਹਨ। ਕਈ ਤਰਾਂ ਦੇ ਗੈਰ ਸਮਾਜੀ, ਗੈਰ-ਇਖਲਾਕੀ ਅਤੇ ਦੁਰਾਚਰੀ ਕਾਰਵਾਈਆਂ ਹੋਣ ਦੀਆਂ ਇਨ੍ਹਾਂ ਹੋਟਲਾਂ ਵਿਚੋਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ,  ਜੋ ਹਰਿਮੰਦਰ ਸਾਹਿਬ ਦੀ ਪਵਿਤਰਤਾ ਦੇ ਪ੍ਰਤੀਕੂਲ ਹਨ।

ਭ੍ਰਿਸ਼ਟ ਤਰੀਕਿਆ ਦੀ ਵਰਤੋਂ ਨਾਲ ਉਸਰੇ ਇਨ੍ਹਾਂ ਹੋਟਲਾਂ ਵਿਚ ਵਾਪਰ ਰਹੀਆ ਦੁਰਾਚਾਰੀ ਅਤੇ ਗੈਰ ਕਾਨੂੰਨੀ ਕਾਰਵਾਈਆਂ ਵਿਰੁਧ ਇਕ ਗੁਰੂ ਦੇ ਪਿਆਰੇ ਭਾਈ ਸਰਬਜੀਤ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਰਿਟ ਕੀਤੀ ਜਿਸਨੇ ਇਨਾਂ ਨਜਾਇਜ ਹੋਟਲਾਂ ਨੂੰ ਬੰਦ ਕਰਨ ਦਾ ਹੁਕਮ ਸੁਣਾ ਦਿੱਤਾ ਹੈ, ਜੋ ਕਿ ਛੇਤੀ ਤੋ ਛੇਤੀ ਲਾਗੂ ਹੋਣਾ ਚਾਹੀਦਾ ਹੈ।

—ਪ੍ਰਿਸੀਪਲ ਕੁਲਵੰਤ ਸਿੰਘ ਅਣਖੀ, ਮੋ – 98158-40755, ਸਰਪ੍ਰਸਤ, ਅੰਮ੍ਰਿਤਸਰ ਵਿਕਾਸ ਮੰਚ

Translate »