June 8, 2016 admin

ਅਹਿਮਦਾਬਾਦ ਵਾਂਗ ਅੰਮ੍ਰਿਤਸਰ ਤੋਂ ਵੀ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ

ਅੰਮ੍ਰਿਤਸਰ ਵਿਕਾਸ ਮੰਚ ਨੇ ਮੰਗ ਕੀਤੀ ਹੈ ਕਿ ਅਹਿਮਦਾਬਾਦ ਵਾਂਗ ਅੰਮ੍ਰਿਤਸਰ ਤੋਂ ਵੀ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਜਾਣ। ਪ੍ਰੈਸ ਨੂੰ ਜਾਰੀ ਬਿਆਨ ਵਿਚ ਮੰਚ ਦੇ ਸਰਪ੍ਰਸਤ ਡਾ.ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਗੁਜਰਾਤੀਆਂ ਨੂੰ 15 ਅਗਸਤ ਨੂੰ ਆਜਾਦੀ ਦਿਵਸ ਦੇ ਮੌਕੇ ਤੇ ਅਹਿਮਦਾਬਾਦ ਤੋਂ ਲੰਡਨ ਲਈ ਏਅਰ ਇੰਡੀਆ ਦੀਆਂ ਸਿੱਧੀਆਂ ਉਡਾਣਾਂ ਸ਼ੁਰੂ ਕਰਕੇ ਆਜਾਦੀ ਦਿਵਸ ਦਾ ਤੋਹਫ਼ਾ ਦਿੱਤਾ ਜਾ ਰਿਹਾ ਹੈ, ਜਦ ਕਿ ਲੰਡਨ ਵਿਚ ਗੁਜਰਾਤੀਆਂ ਨਾਲੋਂ ਪੰਜਾਬੀਆਂ ਦੀ ਗਿਣਤੀ ਜਿਆਦਾ ਹੈ।ਇਸ ਲਈ ਪੰਜਾਬੀ ਵੀ ਅਜਿਹੀ ਸੁਵਿਧਾ ਦੇ ਹੱਕਦਾਰ ਹਨ। ਇੱਥੇ ਹੀ ਬਸ ਨਹੀਂ ਇਹ ਉਡਾਣ ਲੰਡਨ ਤੋਂ ਨਿਊ ਜਰਸੀ(ਅਮਰੀਕਾ) ਜਾਵੇਗੀ। ਅਹਿਮਦਾਬਾਦ ਤੋਂ ਇਸ ਸਮੇਂ ਚਲ ਰਹੀ ਦਿੱਲੀ ਲੰਡਨ ਉਡਾਣ ਵੀ ਜਾਰੀ ਰਹੇਗੀ।ਗੁਮਟਾਲਾ  ਨੇ ਰਾਜ ਸਭਾ ਮੈਂਬਰ ਸ਼੍ਰੀ ਸ਼ਵੇਤ ਮਲਿਕ ਤੇ ਸ. ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਧੀਆਂ ਉਡਾਣਾਂ ਲਈ ਅੱਗੇ ਆਉਣ  ਤੇ ਇਸ ਸਬੰਧੀ ਪ੍ਰਧਾਨ ਮੰਤਰੀ ਨੂੰ ਨਿੱਜੀ ਰੂਪ ਵਿਚ ਮਿਲਣ ਦੀ ਖੇਚਲ ਕਰਨ ਤਾਂ ਜੋ ਦੁਨੀਆਂ ਭਰ ਦੇ ਯਾਤਰੂਆਂ ਨੂੰ ਪੰਜਾਬ ਆਉਣ ਜਾਣ ਵਿਚ ਆਸਾਨੀ ਹੋ ਸਕੇ ।ਇਸ ਸਮੇਂ ਉਨ੍ਹਾਂ ਨੂੰ ਘੰਟਿਆਂ ਬਧੀ ਦਿੱਲੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਇਸ ਨਾਲ ਪੰਜਾਬ ਦੇ ਹੋਟਲ ਉਦਯੋਗ, ਕਾਰਗੋ ਅਤੇ ਹੋਰ ਵਪਾਰਕ ਅਦਾਰਿਆਂ ਨੂੰ ਲਾਭ ਪੁੱਜੇਗਾ।

 

          ਅੰਮ੍ਰਿਤਸਰ ਵਿਕਾਸ ਮੰਚ ਵਲੋਂ ਪਿਛਲੇ ਸਾਲ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਸੀ ਕਿ ਪਿਛਲੀ ਸਰਕਾਰ ਵਲੋਂ ਬੰਦ ਕੀਤੀਆਂ ਗਈਆਂ ਏਅਰ ਇੰਡੀਆਂ ਦੀਆਂ ਸਿੱਧੀਆਂ ਉਡਾਣਾਂ ਮੁੜ ਤੋਂ ਬਹਾਲ ਕੀਤੀਆਂ ਜਾਣ। ਉਸ ਸਮੇਂ ਦੇ ਲੋਕ ਸਭਾ ਮੈਂਬਰ ਸ. ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਭਾਜਪਾ ਦੇ ਹੋਰ ਆਗੂਆਂ ਨੇ ਸਰਕਾਰ ਦੇ ਇਸ ਕਦਮ ਦਾ ਸਖਤ ਵਿਰੋਧ ਕੀਤਾ ਸੀ ਅਤੇ ਦੋਸ਼ ਲਾਇਆ ਸੀ ਕਿ ਅਜਿਹਾ ਦਿੱਲੀ ਹਵਾਈ ਅੱਡੇ ਨੂੰ ਲਾਭ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ। ਇਸ ਪੱਤਰ ਦੇ ਜਵਾਬ ਵਿਚ ਸ਼ਹਿਰੀ ਹਵਾਬਾਜੀ ਮਹਿਕਮੇ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਦਿੱਲੀ ਹੱਬ ਹੋਣ ਕਰਕੇ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ ਨਹੀਂ ਸ਼ੁਰੂ ਹੋ ਸਕਦੀਆਂ ਤੇ ਇਹ ਬਰਾਸਤਾ ਦਿੱਲੀ ਹੀ ਰਹਿਣਗੀਆਂ।

ਏਅਰ ਇੰਡੀਆ ਵਲੋਂ 15 ਅਗਸਤ ਤੋਂ ਅਹਿਮਦਾਬਾਦ ਤੋਂ ਸਿੱਧੀਆਂ ਉਡਾਣਾਂ ਦੇ ਸ਼ੁਰੂ ਕਰਨ ਦੇ ਐਲਾਨ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਜੇ ਸਰਕਾਰ ਚਾਹੇ ਤਾਂ ਅੰਮ੍ਰਿਤਸਰ ਤੋਂ ਵੀ ਸਿਧੀਆਂ ਉਡਾਣਾਂ ਸ਼ੁਰੂ ਕਰ ਸਕਦੀ ਹੈ। ਇਸ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਟਵ ਨਹੀਂ ਹੈ।ਸਿਰਫ਼ ਇੱਛਾ ਸ਼ਕਤੀ ਦੀ ਲੋੜ ਹੈ।

Translate »