ਸ੍ਰੀ ਅੰਮ੍ਰਿਤਸਰ ਨੂੰ ਪੰਜਾਬ ਦੀ ਰਾਜਧਾਨੀ ਬਨਾਉਣਾ ਸਮੇਂ ਦੀ ਮੁੱਖ ਲੋੜ
ਗਰੂ ਕੀ ਨਗਰੀ ਨਾਲ ਹੋ ਰਿਹਾ ਹੈ ਲਗਾਤਾਰ ਵਿਤਕਰਾ
ਜੇ ਉਧਰਲੇ ਪੰਜਾਬ ਦੀ ਰਾਜਧਾਨੀ ਲਾਹੌਰ ਹੋ ਸਕਦੀ ਹੈ ਤਾਂ ਇਧਰਲੇ ਪੰਜਾਬ ਦੀ ਰਾਜਧਾਨੀ
ਸ੍ਰੀ ਅੰਮ੍ਰਿਤਸਰ ਕਿਉਂ ਨਹੀਂ ਹੋ ਸਕਦੀ?
1992 ਵਿਚ ਜਦ ਅੰਮ੍ਰਿਤਸਰ ਵਿਕਾਸ ਮੰਚ ਦੀ ਸਥਾਪਨਾ ਹੋਈ ਤਾਂ ਸਾਡੇ ਸਾਹਮਣੇ ਜਿਹੜੀ ਗੱਲ ਵਿਸ਼ੇਸ਼ ਤੌਰ ਤੇ ਆਈ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਦ ਜਾਣ ਬੁਝ ਕੇ ਗੁਰੂ ਦੀ ਨਗਰੀ ਦੇ ਵਿਕਾਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਸੋਚੀ ਸਮਝੀ ਨੀਤੀ ਅਨੁਸਾਰ ਇੱਥੇ ਪ੍ਰੋਜੈਕਟ ਨਹੀਂ ਲਾਏ ਜਾ ਰਹਿ। ਇਸੇ ਨੀਤੀ ਅਨੁਸਾਰ ਇਸ ਨੂੰ ਆਜ਼ਾਦੀ ਪਿੱਛੋਂ ਇੱਧਰਲੇ ਪੰਜਾਬ ਦੀ ਰਾਜਧਾਨੀ ਨਹੀਂ ਬਣਾਇਆ ਗਿਆ ਤੇ ਅੰਮ੍ਰਿਤਸਰ ਹਵਾਈ ਅੱਡੇ ਨੂੰ ਵੀ ਅੰਤਰ-ਰਾਸ਼ਟਰੀ ਹਵਾਈ ਅੱਡੇ ਦਾ ਦਰਜਾ ਦਿੱਤਾ ਜਾ ਰਿਹਾ। ਜੇ ਅੰਮ੍ਰਿਤਸਰ ਨੇ ਮਹਾਰਾਜਾ ਰਣਜੀਤ ਸਿੰਘ ਸਮੇਂ ਵਾਂਗ ਬੁਲੰਦੀਆਂ ਨੂੰ ਛੂਹਣਾ ਹੈ ਤਾਂ ਇੱਥੇ ਰਾਜਧਾਨੀ ਦਾ ਬਣਨਾ ਬਹੁਤ ਜ਼ਰੂਰੀ ਹੈ।ਇਨ੍ਹਾਂ ਦੋਵਾਂ ਮਸਲਿਆਂ ਨੂੰ ਲੈ ਕੇ ਅਸੀਂ ਦੋ ਮੰਗ ਪੱਤਰ ਤਿਆਰ ਕੀਤੇ ਤੇ ਇਨ੍ਹਾਂ ਉਪਰ ਚੀਫ਼ ਖਾਲਸਾ ਦੀਵਾਨ ਦੇ ਉਸ ਸਮੇਂ ਦੇ ਪ੍ਰਧਾਨ ਸ. ਕ੍ਰਿਪਾਲ ਸਿੰਘ ਤੇ ਜਨਰਲ ਸਕੱਤਰ ਸ. ਦਲਬੀਰ ਸਿੰਘ ਤੋਂ ਇਲਾਵਾ ਹੋਰ ਜਥੇਬੰਦੀਆਂ ਦੇ ਦਸਖ਼ਤ ਕਰਵਾਏ ਤੇ ਇਹ ਮੰਗ ਪੱਤਰ ਪ੍ਰਧਾਨ ਮੰਤਰੀ ਤੇ ਹੋਰਨਾਂ ਨੂੰ ਭੇਜਿਆ ਗਿਆ। ਇਸ ਸਬੰਧੀ ਸ਼੍ਰੋਮਣੀ ਕਮੇਟੀ ਅਤੇ ਸਿਆਸੀ ਪਾਰਟੀਆਂ ਨੂੰ ਵੀ ਪਹੁੰਚ ਕੀਤੀ ਗਈ। ਅਕਾਲੀ ਆਗੂਆਂ ਦਾ ਕਹਿਣਾ ਸੀ ,ਅਸੀਂ ਇਸ ਦੇ ਹੱਕ ਵਿਚ ਹਾਂ ਪਰ ਅਸੀਂ ਪਹਿਲਾਂ ਚੰਡੀਗੜ੍ਹ ਲਵਾਂਗੇ ਤੇ ਬਾਦ ਵਿਚ ਅੰਮ੍ਰਿਤਸਰ ਨੂੰ ਰਾਜਧਾਨੀ ਨੂੰ ਰਾਜਧਾਨੀ ਬਣਾਵਾਂਗੇ।
ਰਾਜਧਾਨੀ ਦੇ ਮੁੱਦੇ ਦੀ ਅਹਿਮੀਅਤ ਨੂੰ ਵੇਖਦੇ ਹੋਇ ਅਸੀਂ ਦੋ ਲੇਖ ਪ੍ਰਕਾਸ਼ਿਤ ਕਰ ਰਹਿ ਹਾਂ।ਇਹ ਪਹਿਲਾ ਲੇਖ ਹੈ।ਦੂਜਾ ਲੇਖ ਅਗਲੇ ਅੰਕ ਵਿਚ ਛੱਪੇਗਾ।ਅਸੀਂ ਪਾਠਕਾਂ,ਪ੍ਰਬੰਧਕੀ ਬੋਰਡ ਦੇ ਮੈਂਬਰਾਂ ,ਸਰਪ੍ਰਸਤਾਂ,ਸਹਿਯੋਗੀਆਂ ਦੇ ਬਹੁਤ ਰਿਣੀ ਹਾਂ ਜਿਨ੍ਹਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਜਿਸ ਕਰਕੇ ਇਹ ਪਰਚਾ ਛੱਪ ਰਿਹਾ ਹੈ।
ਪੰਜਾਬ ਦੀ ਇਸ ਵਕਤ ਰਾਜਧਾਨੀ ਚੰਡੀਗੜ੍ਹ ਇਕ ਯੂਨੀਅਨ ਟੈਰੀਟਰੀ ਹੈ ਅਤੇ ਹਰਿਆਣੇ ਦੇ ਨਾਲ ਭਾਈਵਾਲੀ ਹੈ। ਚੰਡੀਗੜ੍ਹ ਦੀ ਤਰੱਕੀ ਦਾ ਫਾਇਦਾ ਪੰਜਾਬ ਦੇ ਨਾਲ ਨਾਲ ਹਰਿਆਣੇ ਤੇ ਹਿਮਾਚਲ ਨੂੰ ਵੀ ਹੋ ਰਿਹਾ ਹੈ। ਕੇਂਦਰ ਸਰਕਾਰ ਨੇ 1993-94 ਵਿੱਚ ਅੰਮ੍ਰਿਤਸਰ ਨੂੰ ਰਾਜਧਾਨੀ ਬਨਾਉਣ ਦੀ ਪੇਸ਼ਕਸ਼ ਕੀਤੀ ਸੀ ਅਤੇ ਅੰਮ੍ਰਿਤਸਰ ਵਿਖੇ ਉਸ ਵੇਲੇ ਰਾਜਧਾਨੀ ਬਨਾਉਣ ਲਈ 1100 ਕਰੋੜ ਦੇਣ ਦੀ ਪੇਸ਼ਕਸ਼ ਵੀ ਕੀਤੀ ਸੀ।
ਅੰਮ੍ਰਿਤਸਰ ਸ਼ਹਿਰ ਦੇ ਬਾਨੀ ਸਾਹਿਬ ਸ੍ਰੀ ਗੁਰੂ ਰਾਮ ਦਾਸ ਜੀ ਨੇ ਅੰਮ੍ਰਿਤਸਰ ਨੂੰ ਧਾਰਮਿਕ ਕੇਂਦਰ ਦੇ ਨਾਲ ਨਾਲ ਵਪਾਰਕ ਕੇਂਦਰ ਵਜੋਂ ਵਿਕਸਤ ਕਰਨ ਦੀ ਮਨਸ਼ਾ ਦੇ ਨਾਲ 52 ਤਰ੍ਹਾਂ ਦੇ ਕਿੱਤਿਆਂ ਦੇ ਲੋਕ ਇੱਥੇ ਵਸਾਏ ਅਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਬਨਾਉਣ ਦਾ ਮਕਸਦ ਜ਼ੁਲਮ ਦੇ ਟਾਕਰੇ ਲਈ ਦਿੱਲੀ ਦੇ ਮੁਕਾਬਲੇ ਅੰਮ੍ਰਿਤਸਰ ਨੂੰ ਉਤਰੀ ਭਾਰਤ ਦੇ ਇਸ ਖੇਤਰ (ਵੱਡੇ ਪੰਜਾਬ) ਦੀ ਰਾਜਧਾਨੀ ਦਾ ਕੇਂਦਰ ਬਨਾਉਣਾ ਹੀ ਸੀ।
ਮੁਗਲ ਕਾਲ ਸਮੇਂ ਸਿੱਖਾਂ ਦੀਆਂ 12 ਮਿਸਲਾਂ ਵਲੋਂ ਆਪਣੇ ਹੈਡਕੁਆਟਰ ਅੰਮ੍ਰਿਤਸਰ ਵਿਖੇ ਸਥਾਪਤ ਕਰਨੇ, ਖਾਲਸੇ ਦਾ ਦਿਵਾਲੀ, ਵਿਸਾਖੀ ਤੇ ਅੰਮ੍ਰਿਤਸਰ ਵਿਖੇ ਇਕੱਠੇ ਹੋਣਾ ਤੇ ਗੁਰਮਤੇ (ਫੈਸਲੇ) ਕਰਨੇ ਵੀ ਸਾਬਤ ਕਰਦਾ ਹੈ ਕਿ ਅੰਮ੍ਰਿਤਸਰ ਉਸ ਵਕਤ ਪੰਜਾਬ ਦੀ ਰਾਜਧਾਨੀ ਵਜੋਂ ਉਭਰ ਚੁੱਕਾ ਸੀ। ਮਹਾਰਾਜਾ ਰਣਜੀਤ ਸਿੰਘ ਵੱਲੋਂ ਅੰਮ੍ਰਿਤਸਰ ਨੂੰ ਪੰਜਾਬ ਦੀ ਗਰਮੀਆਂ ਦੀ ਰਾਜਧਾਨੀ ਬਨਾਉਣਾ, ਵੱਖ ਵੱਖ ਮੁਗਲ ਬਾਦਸ਼ਾਹਾਂ ਵੱਲੋਂ ਅੰਮ੍ਰਿਤਸਰ ਵਿੱਚ ਹੋ ਰਹੀਆਂ ਗਤੀਵਿਧੀਆਂ ਉਪਰ ਵਿਸ਼ੇਸ਼ ਨਜ਼ਰ ਰੱਖਣੀ ਵੀ ਅੰਮ੍ਰਿਤਸਰ ਦੀ ਰਾਜਨੀਤਕ ਅਹਿਮੀਅਤ ਦਰਸਾਉਂਦਾ ਹੈ।
ਅੰਗਰੇਜੀ ਕਾਲ ਸਮੇਂ ਅੰਗਰੇਜਾਂ ਵਿਰੁੱਧ ਮੋਰਚੇ ਪੰਜਾਬ ਦੇ ਕਿਸੇ ਹੋਰ ਵੀ ਸ਼ਹਿਰ ਤੋਂ ਨਹੀਂ ਬਲਕਿ ਅੰਮ੍ਰਿਤਸਰ ਤੋਂ ਚਲਦੇ ਰਹੇ, ਜਿਹੜੇ ਅੰਗਰੇਜਾਂ ਨੂੰ ਅੰਮ੍ਰਿਤਸਰ ਦੀ ਰਾਜਨੀਤਕ ਅਹਿਮੀਅਤ ਦਾ ਅਹਿਸਾਸ ਕਰਾਉਂਦੇ ਰਹੇ। ਉਨਾਂ ਮੋਰਚਿਆਂ ਵਿਚੋਂ ਹੀ ਇਕ ਚਾਬੀਆਂ ਦੇ ਮੋਰਚੇ ਦੀ ਸਫਲਤਾ ਤੋਂ ਬਾਦ ਅੰਗਰੇਜ ਹਕੂਮਤ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਇਕੱਠ ਵਿੱਚ ਚਾਬੀਆਂ ਸੌਂਪਣਾ ਇਹ ਸਾਬਤ ਕਰਦਾ ਹੈ ਕਿ ਅੰਮ੍ਰਿਤਸਰ ਰਾਜਨੀਤੀ ਦਾ ਕੇਂਦਰ ਬਣ ਚੁੱਕਾ ਸੀ। ਮਹਾਤਮਾ ਗਾਂਧੀ ਨੇ ਇਸ ਜਿੱਤ ਨੂੰ ਅਜ਼ਾਦੀ ਦੀ ਲੜਾਈ ਦੀ ਪਹਿਲੀ ਜਿੱਤ ਦੱਸਿਆ ਸੀ। ਆਜ਼ਾਦੀ ਪਿੱਛੋਂ ਵੀ ਅਕਾਲੀ ਦਲ ਨੇ ਸਾਰੇ ਮੋਰਚੇ ਅੰਮ੍ਰਿਤਸਰ ਤੋਂ ਹੀ ਲਾਏ।
ਜੱਲਿਆਂ ਵਾਲੇ ਬਾਗ ਦੀ ਘਟਨਾ ਭਾਰਤ ਦੀ ਆਜ਼ਾਦੀ ਦੀ ਲੜਾਈ ਵਿਚ ਸਭ ਤੋਂ ਮਹੱਤਵਪੂਰਨ ਘਟਨਾ ਹੈ, ਜਿਸ ਨੇ ਭਾਰਤ ਦੀ ਅਜ਼ਾਦੀ ਦੀ ਲੜਾਈ ਵਿੱਚ ਹੋਰ ਜੋਸ਼ ਭਰਿਆ ਤੇ ਕੌਮੀ ਲੜਾਈ ਵਿੱਚ ਇਕ ਨਵਾਂ ਮੋੜ ਲਿਆਂਦਾ। ਇਸ ਨਾਲ ਅੰਮ੍ਰਿਤਸਰ ਦੀ ਸਾਰੇ ਭਾਰਤ ਵਿੱਚ ਮਹੱਤਤਾ ਹੋਰ ਵਧੀ ਤੇ ਇਸ ਦੀ ਰਾਜਨੀਤਕ ਅਹਿਮੀਅਤ ਵੀ ਹੋਰ ਉਭਰੀ।
ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਉਸ ਸਮੇਂ ਵੱਡੇ ਪੰਜਾਬ (ਹਰਿਆਣਾ, ਹਿਮਾਚਲ ਸਮੇਤ) ਅੰਮ੍ਰਿਤਸਰ ਸਭ ਤੋਂ ਵੱਡਾ ਤੇ ਮਹੱਤਵਪੂਰਣ ਸ਼ਹਿਰ ਸੀ ਅਤੇ ਇਹ ਪੰਜਾਬ ਦੀ ਰਾਜਧਾਨੀ ਬਣਨ ਦਾ ਪੂਰਾ ਹੱਕ ਰੱਖਦਾ ਸੀ। ਲੇਕਿਨ ਉਸ ਵੇਲੇ ਦੇ ਹਾਕਮਾਂ ਨੇ ਇਸ ਦੀ ਅਹਿਮੀਅਤ ਨੂੰ ਨਜ਼ਰ ਅੰਦਾਜ ਕਰਕੇ ਅੰਮ੍ਰਿਤਸਰ ਨਾਲ ਬਹੁਤ ਵੱਡਾ ਵਿਤਕਰਾ ਕੀਤਾ। ਪਾਕਿਸਤਾਨ ਦੇ ਮੁਕਾਬਲੇ ਕਈ ਗੁਣਾਂ ਵੱਡੇ ਦੇਸ਼ ਦੇ ਪੰਜਾਬ ਸੂਬੇ ਦੀ ਰਾਜਧਾਨੀ ਅੰਮ੍ਰਿਤਸਰ ਨਾ ਬਨਾਉਣ ਵਿੱਚ ਇਕ ਕਾਰਨ ਇਸ ਦਾ ਬਾਰਡਰ ਉਪਰ ਹੋਣਾ ਕਿਹਾ ਗਿਆ ਸੀ। ਜਦ ਕਿ ਇਕ ਛੋਟੇ ਦੇਸ਼ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਬਾਰਡਰ ਉਪਰ ਹੀ ਰਹੀ ਤੇ ਵਿਕਸਤ ਹੁੰਦੀ ਰਹੀ। ਲਾਹੌਰ ਨੂੰ ਬਾਰਡਰ ਨੇ ਕੋਈ ਨੁਕਸਾਨ ਨਹੀਂ ਪਹੁੰਚਾਇਆ। ਹੁਣ ਵੀ ਇਹ ਬਹੁਤ ਜ਼ਰੂਰੀ ਹੈ ਕਿ ਪਾਕਿਸਤਾਨ ਦੇ ਲਾਹੋਰ ਦੇ ਮੁਕਾਬਲੇ ‘ਤੇ ਅੰਮ੍ਰਿਤਸਰ ਪੰਜਾਬ ਦੀ ਰਾਜਧਾਨੀ ਬਣੇ ਜਿਸ ਨਾਲ ਅੰਮ੍ਰਿਤਸਰ ਸ਼ਹਿਰ ਦੇ ਨਾਲ-ਨਾਲ ਬਾਰਡਰ ਬੈਲਟ ਵਿੱਚ ਮਾਝੇ ਤੇ ਮਾਲਵੇ ਦੇ ਕੁਝ ਜਿਲੇ ਤੇ ਦੁਆਬਾ ਸਾਰਾ ਉਨਤੀ ਕਰ ਸਕੇ।
ਆਜ਼ਾਦੀ ਤੋਂ ਬਾਅਦ ਵੀ ਅੰਮ੍ਰਿਤਸਰ ਤੋਂ ਐਮਰਜੈਂਸੀ ਖਿਲਾਫ ਮੋਰਚੇ ਸਮੇਤ ਕਈ ਮੋਰਚੇ ਲੜੇ ਗਏ ਜਿਸ ਕਾਰਨ ਪੰਜਾਬ ਦੀ ਰਾਜਨੀਤੀ ਪ੍ਰਭਾਵਤ ਹੁੰਦੀ ਰਹੀ । ਹਮੇਸ਼ਾ ਹੀ ਕੇਂਦਰ ਤੇ ਪੰਜਾਬ ਸਰਕਾਰ ਦੇ ਫੈਸਲੇ ਅੰਮ੍ਰਿਤਸਰ ਵਿਖੇ ਹੋ ਰਹੀਆਂ ਘਟਨਾਵਾਂ ਤੋਂ ਪ੍ਰਭਾਵਤ ਹੁੰਦੇ ਰਹੇ। 1984 ਵਿੱਚ ਬਲੂ ਸਟਾਰ ਅਪਰੇਸ਼ਨ ਦੀ ਘਟਨਾ ਨੇ ਵੀ ਅੰਮ੍ਰਿਤਸਰ ਨੂੰ ਪੰਜਾਬ ਦੀ ਰਾਜਨੀਤੀ ਦਾ ਕੇਂਦਰ ਬਣਾ ਦਿੱਤਾ। ਇਸ ਘਟਨਾ ਨੇ ਪੰਜਾਬ ਦੀ ਰਾਜਨੀਤੀ ਉੱਤੇ ਬਹੁਤ ਪ੍ਰਭਾਵ ਪਾਇਆ।
ਇਸ ਤਰਾਂ ਉਪਰ ਦਿੱਤੀਆਂ ਸਾਰੀਆਂ ਘਟਨਾਵਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਅੰਮ੍ਰਿਤਸਰ ਹਮੇਸ਼ਾ ਹੀ ਰਾਜਨੀਤੀ ਦਾ ਕੇਂਦਰ ਰਿਹਾ ਅਤੇ ਇੱਥੇ ਹੋਈ ਹਰ ਘਟਨਾਂ ਨੇ ਪੰਜਾਬ ਨੂੰ ਤਾਂ ਪੂਰੀ ਤਰਾਂ ਪ੍ਰਭਾਵਿਤ ਕੀਤਾ ਹੀ, ਸਗੋਂ ਪੰਜਾਬ ਦੇ ਨਾਲ ਲਗਦੇ ਰਾਜਾਂ ਅਤੇ ਇੱਥੋਂ ਤੱਕ ਕਿ ਉਤਰੀ ਭਾਰਤ ਵਿੱਚ ਵੀ ਆਪਣਾ ਪ੍ਰਭਾਵ ਪਾਇਆ।
ਅੰਮ੍ਰਿਤਸਰ ਪੰਜਾਬ ਦੀ ਰਾਜਧਾਨੀ ਬਣਨ ਦਾ ਹੱਕਦਾਰ ਹੈ, ਜਿਸਦੇ ਉਪਰ ਦਿਤੇ ਕਾਰਨਾਂ ਤੋਂ ਇਲਾਵਾ ਹੋਰ ਵੀ ਅਨੇਕਾਂ ਕਾਰਨ ਹਨ। ਸ੍ਰੀ ਹਰਿਮੰਦਰ ਸਾਹਿਬ ਦੇ ਕਾਰਨ ਅੰਮ੍ਰਿਤਸਰ ਇਸ ਵਕਤ ਵਿਸ਼ਵ ਭਰ ਦੇ ਚੋਣਵੇ ਸਥਾਨਾਂ ਵਿੱਚ ਸ਼ਾਮਿਲ ਹੈ ਤੇ ਇਸਦੀ ਅੰਤਰਰਾਸ਼ਟਰੀ ਟੂਰਿਜਮ ਵਿੱਚ ਆਪਣੀ ਵਿਸ਼ੇਸ਼ ਥਾਂ ਹੈ। ਦੇਸ਼ ਤੇ ਵਿਦੇਸ਼ ਤੋਂ 50 ਹਜ਼ਾਰ ਤੋਂ ਲੈ ਕੇ ਇਕ ਲੱਖ ਤੱਕ ਯਾਤਰੂ ਰੋਜ਼ਾਨਾ ਇੱਥੇ ਆਉਂਦੇ ਹਨ। ਬੀ.ਬੀ.ਸੀ ਦੇ 2002 ਵਿੱਚ ਸਰਵੇ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਵਿਸ਼ਵ ਭਰ ਦੇ 10 ਸਥਾਨਾਂ ਵਿੱਚੋਂ ਪੰਜਵੇਂ ਸਥਾਨ ‘ਤੇ ਹੈ,ਜਿੱਥੇ ਲੋਕ ਜਾਣਾ ਪਸੰਦ ਕਰਦੇ ਹਨ।
ਅੰਮ੍ਰਿਤਸਰ ਪੰਜਾਬ ਦੇ ਸ਼ਹਿਰ ਲੁਧਿਆਣੇ ਤੋਂ ਬਾਅਦ ਦੂਸਰਾ ਸਭ ਤੋਂ ਵੱਡਾ ਸ਼ਹਿਰ ਹੈ ਤੇ ਇਸਦੀ ਅਬਾਦੀ 15 ਲੱਖ ਤੋਂ ਜ਼ਿਆਦਾ ਹੈ। ਅੰਮ੍ਰਿਤਸਰ ਵਿਖੇ ਅੰਤਰਰਾਸ਼ਟਰੀ ਹਵਾਈ ਅੱਡਾ ਮੌਜ਼ੂਦ ਹੈ ਅਤੇ ਵਿਸ਼ਵ ਭਰ ਦੇ ਕਈ ਸ਼ਹਿਰਾਂ ਨਾਲ ਸਿੱਧੀਆਂ ਹਵਾਈ ਸੇਵਾਵਾਂ ਨਾਲ ਜੁੜਿਆ ਹੋਇਆ ਹੈ। ਇਸ ਸ਼ਹਿਰ ਤੋਂ ਸਭ ਸ਼ਹਿਰਾਂ ਨੂੰ ਰੇਲ ਗੱਡੀਆਂ ਜਾਂਦੀਆਂ ਹਨ। ਜੱਲਿਆਂ ਵਾਲਾ ਬਾਗ ਦੇਸ਼ ਦੀ ਅਜ਼ਾਦੀ ਦੀ ਲੜਾਈ ਦਾ ਕੌਮੀ ਸਮਾਰਕ ਦੇ ਨਾਲ ਨਾਲ ਸੈਂਕੜੇ ਦੇਸ਼ ਪ੍ਰੇਮੀਆਂ ਦੀ ਸ਼ਹੀਦੀ ਦਾ ਸਥਾਨ ਹੈ ਅਤੇ ਹਜ਼ਾਰਾਂ ਦੇਸ਼ ਪ੍ਰੇਮੀ ਰੋਜ਼ਾਨਾ ਇੱਥੇ ਆ ਕੇ ਨਤਮਸਤਕ ਹੁੰਦੇ ਹਨ।
ਅੰਮ੍ਰਿਤਸਰ ਸਿਰਫ ਸਿੱਖਾਂ ਦਾ ਕੇਂਦਰ ਹੀ ਨਹੀਂ ਬਲਕਿ ਸ਼ਹਿਰ ਦੇ ਨਜ਼ਦੀਕ ਰਾਮ ਤੀਰਥ ਉਹ ਮਹਾਨ ਅਸਥਾਨ ਹੈ ਜਿੱਥੇ ਸ੍ਰੀ ਰਾਮ ਚੰਦਰ ਜੀ ਦੇ ਸਪੁਤਰਾਂ ਲਵ ਤੇ ਕੁਸ਼ ਨੇ ਜਨਮ ਲਿਆ ਤੇ ਬਚਪਨ ਬਿਤਾਇਆ। ਇਸੇ ਤਰਾਂ ਹਿੰਦੂ ਧਰਮ ਦਾ ਇਕ ਹੋਰ ਮਹੱਤਵਪੂਰਨ ਤੇ ਪ੍ਰਸਿੱਧ ਅਸਥਾਨ ਸ੍ਰੀ ਦੁਰਗਿਆਣਾ ਮੰਦਰ ਵੀ ਅੰਮ੍ਰਿਤਸਰ ਵਿਖੇ ਸ਼ੁਸ਼ੋਬਿਤ ਹੈ।
ਅਟਾਰੀ ਬਾਰਡਰ ਉਪਰ ਬਣ ਰਹੇ ਇਨਟੈਗਰੇਟਿਡ ਚੈਕ ਪੋਸਟ ਦੇ ਬਣਨ ਤੋਂ ਬਾਅਦ ਅੰਮ੍ਰਿਤਸਰ ਸ਼ਹਿਰ, ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਇਰਾਨ, ਇਰਾਕ ਤੇ ਰੂਸ ਆਦਿ ਦੇਸ਼ਾਂ ਨਾਲ ਵਪਾਰ ਦਾ ਕੇਂਦਰ ਬਣ ਜਾਵੇਗਾ।ਜੇ ਇਹੋ ਸਿਲਸਲਾ ਜਾਰੀ ਰਿਹਾ ਤਾਂ ਆਉਂਦੇ ਕੁਝ ਸਾਲਾਂ ਤੱਕ ਅੰਮ੍ਰਿਤਸਰ ਮੁੰਬਈ ਵਾਂਗ ਅੰਤਰਰਾਸ਼ਟਰੀ ਵਪਾਰਕ ਕੇਂਦਰ ਦੇ ਤੌਰ ਤੇ ਵਿਕਸਤ ਹੋ ਜਾਵੇਗਾ।
ਅੰਮ੍ਰਿਤਸਰ ਪੰਜਾਬ ਦੇ 21 ਜਿਲਿਆਂ ਵਿੱਚੋਂ 12 ਨੂੰ ਚੰਡੀਗੜ੍ਹ ਨਾਲੋ ਨਜ਼ਦੀਕ ਪੈਂਦਾ ਹੈ। ਅੰਮ੍ਰਿਤਸਰ ਵਿਖੇ ਰਾਜਧਾਨੀ ਬਣਨ ਨਾਲ ਬਾਰਡਰ ਬੈਲਟ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਮਾਲਵੇ ਦੇ ਫਰੀਦਕੋਟ, ਫਿਰੋਜ਼ਪੁਰ, ਮੋਗਾ, ਮੁਕਤਸਰ, ਬਠਿੰਡਾ, ਦੁਆਬੇ ਦੇ ਜਲੰਧਰ, ਹੁਸ਼ਿਆਰਪੁਰ ਤੇ ਕਪੂਰਥਲਾ ਚੰਡੀਗੜ੍ਹ ਨਾਲੋ ਅੰਮ੍ਰਿਤਸਰ ਨਜ਼ਦੀਕ ਹੋਣ ਕਾਰਨ ਵਿਕਸਤ ਹੋਣਗੇ। ਇੰਨ੍ਹਾਂ ਜਿਲਿਆ ਦੀ ਅੰਮ੍ਰਿਤਸਰ ਦੀ ਦੂਰੀ ਚੰਡੀਗੜ੍ਹ ਦੇ ਮੁਕਾਬਲੇ 40 ਤੋਂ 90 ਕਿ.ਮੀ ਤੱਕ ਘੱਟ ਜਾਵੇਗੀ। ਇੰਨ੍ਹਾਂ ਜਿਲਿਆ ਵਿੱਚ ਪੰਜਾਬ ਦੇ 70 ਤੋਂ ਜਿਆਦਾ ਅਸੈਂਬਲੀ ਹਲਕੇ ਪੈਂਦੇ ਹਨ ਅਤੇ ਪੰਜਾਬ ਦੀ ਬਹੁਤੀ ਅਬਾਦੀ ਇੰਨ੍ਹਾ ਜਿਲਿਆਂ ਰਹਿੰਦੀ ਹੈ। ਅੰਮ੍ਰਿਤਸਰ ਵਿਖੇ ਰਾਜਧਾਨੀ ਅੰਮ੍ਰਿਤਸਰ ਜਲੰਧਰ ਰੋਡ ਉਪਰ ਜੰਡਿਆਲਾਗੁਰੂ ਤੇ ਮਾਨਾਵਾਲਾ ਦੇ ਵਿਚਕਾਰ ਬਣਾਈ ਜਾ ਸਕਦੀ ਹੈ, ਜਿਸ ਨਾਲ ਜਲੰਧਰ ਅੰਮ੍ਰਿਤਸਰ ਦੀ ਦੂਰੀ ਘਟ ਕੇ 65 ਕਿ.ਮੀ. ਰਹਿ ਜਾਵੇਗੀ।
ਇਸ ਵੇਲੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਯੂਨੀਅਨ ਟੈਰਟਰੀ ਹੈ ਅਤੇ ਉਹ ਪੰਜਾਬ ਦਾ ਹਿੱਸਾ ਹੀ ਨਹੀਂ ਹੈ। ਪੰਜਾਬ ਦੇ ਨਾਲ ਨਾਲ ਹਰਿਆਣਾ ਭਾਈਵਾਲ ਹੈ। ਪਿਛਲੇ 50 ਸਾਲਾਂ ਨੂੰ ਦੇਖਦੇ ਹੋਏ ਇੰਝ ਜਾਪਦਾ ਹੈ ਕਿ ਚੰਗੀਗੜ੍ਹ ਪੰਜਾਬ ਨੂੰ ਮਿਲੇਗਾ ਨਹੀਂ। ਚੰਡੀਗੜ੍ਹ ਦੀ ਪੰਜਾਬ ਨਾਲ ਕੋਈ ਵੀ ਇਤਿਹਾਸਕ, ਧਾਰਮਿਕ ਜਾਂ ਸਮਾਜਿਕ ਸਾਂਝ ਨਹੀਂ ਹੈ। ਦੂਸਰੇ ਪਾਸੇ ਅੰਮ੍ਰਿਤਸਰ ਦਾ ਪਿਛਲੇ 400 ਸਾਲਾ ਕੁਰਬਾਨੀਆਂ ਭਰਿਆ ਇਤਿਹਾਸ ਆਪਣੇ ਆਪ ਵਿੱਚ ਇਕ ਮਿਸਾਲ ਹੈ, ਜਿਸ ਦੀ ਪੂਰੇ ਪੰਜਾਬ ਉਪਰ ਅਟੁੱਟ ਛਾਪ ਹੈ, ਜੋ ਕਦੇ ਮਿਟਾਈ ਨਹੀਂ ਜਾ ਸਕਦੀ।
ਅੰਮ੍ਰਿਤਸਰ ਵਿਖੇ ਅਗਰ ਰਾਜਧਾਨੀ ਬਣਦੀ ਹੈ ਤਾਂ ਉਮੀਦ ਕੀਤੀ ਜਾਂਦੀ ਹੈ ਕਿ ਕੇਂਦਰ ਵੱਲੋਂ 2000 ਕਰੋੜ ਦੇ ਕਰੀਬ ਫੰਡ ਦਿੱਤੇ ਜਾਣਗੇ, ਜਿਸ ਨਾਲ ਪੰਜਾਬ ਦੇ ਬੇਰੋਜ਼ਗਾਰ ਲੋਕਾਂ ਲਈ ਨਵੇਂ ਰੁਜ਼ਗਾਰ ਪੈਦਾ ਹੋਣਗੇ।
ਇਸ ਲਈ ਗੁਰੂ ਦੀ ਨਗਰੀ ਅੰਮ੍ਰਿਤਸਰ ਦੀ ਧਾਰਮਿਕ, ਇਤਿਹਾਸਕ, ਰਾਜਨੀਤਕ ਤੇ ਵਿਸ਼ਵ ਪੱਧਰੀ ਟੂਰਿਜਮ ਮਹੱਤਤਾ ਨੂੰ ਦੇਖਦੇ ਹੋਏ ਸਾਰੀਆ ਸਿਆਸੀ ਪਾਰਟੀਆਂ, ਸਮਾਜਿਕ ਤੇ ਧਾਰਮਿਕ ਜੱਥੇਬੰਦੀਆਂ ਨੂੰ ਨਿੱਜੀ ਹਿਤਾਂ ਤੋਂ ਉਪਰ ਉਠ ਕੇ ਗੁਰੂ ਦੀ ਨਗਰੀ ਦੇ ਮਾਣਮੱਤੇ ਤੇ ਕੁਰਬਾਨੀਆਂ ਵਾਲੇ ਇਤਿਹਾਸ ਨੂੰ ਪ੍ਰਣਾਮ ਕਰਦੇ ਹੋਏ ਅੰਮ੍ਰਿਤਸਰ ਨੂੰ ਪੰਜਾਬ ਦੀ ਰਾਜਧਾਨੀ ਬਣਾਉਣ ਯਤਨ ਅਰੰਭਣੇ ਚਾਹੀਦੇ ਹਨ।