ਅੰਮ੍ਰਿਤਸਰ 23 ਅਪ੍ਰੈਲ 2022 :- ਅੰਮ੍ਰਿਤਸਰ ਦੀ ਸਿਰਮੌਰ ਲੋਕ ਪੱਖੀ ਮਸਲਿਆਂ ਬਾਰੇ ਸਾਲਾਂ ਤੌਂ ਆਵਾਜ਼ ਬੁਲੰਦ ਕਰਦੀ ਆ ਰਹੀ ਸੰਸਥਾ, ਅੰਮ੍ਰਿਤਸਰ ਵਿਕਾਸ ਮੰਚ ਨੇ ਸ੍ਰੀ ਗੁਰੁ ਰਾਮਦਾਸ ਜੀ ਅੰਮ੍ਰਿਤਸਰ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਵੱਖ ਵੱਖ ਸ਼ਹਿਰਾਂ ਨੂੰ ਬੱਸਾਂ ਚਲਾਉਣ ਦੀ ਫ਼ਿਰ ਤੌਂ ਪੁਰਜ਼ੋਰ ਮੰਗ ਕੀਤੀ ਹੈ।
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੂੰ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਲਿਖੇ ਇੱਕ ਪੱਤਰ ਵਿੱਚ ਕਿਹਾ ਹੈ ਕਿ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਹਰ ਸਾਲ ਲੱਖਾਂ ਪੰਜਾਬ, ਹਿਮਾਚਲ, ਜੰਮੂ-ਕਸ਼ਮੀਰ ਅਤੇ ਰਾਜਸਥਾਨ ਦੇ ਲੋਕ ਦੇਸ਼ਾਂ -ਵਿਦੇਸ਼ਾਂ ਤੋਂ ਆਉਂਦੇ ਲੱਖਾਂ ਹੀ ਲੋਕ ਅਤੇ ਵਿਦੇਸ਼ਾਂ ਨੂੰ ਵੀ ਜਾਂਦੇ ਹਨ ਪਰ ਅਫ਼ਸੋਸ ਦੀ ਗੱਲ ਹੈ ਕਿ ਅਜੇ ਤੀਕ ਕਿਸੇ ਵੀ ਸਰਕਾਰ ਨੇ ਦਿੱਲੀ ਵਾਂਗ ਵੱਖ ਵੱਖ ਸ਼ਹਿਰਾਂ ਨੂੰ ਬੱਸਾਂ ਚਲਾਉਣ ਦੀ ਖੇਚਲ ਨਹੀਂ ਕੀਤੀ।
ਯਾਤਰੂਆਂ ਨੂੰ ਨਿੱਜੀ ਗੱਡੀਆਂ ਲੈ ਕੇ ਆਉਣਾ ਜਾਣਾ ਪੈਂਦਾ ਹੈ। ਇਸ ਲਈ ਪੰਜਾਬ ਰੋਡਵੇਜ਼ ਤੇ ਪੈਪਸੂ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਲਗ਼ਜ਼ਰੀ ਬੱਸਾਂ ਚਲਾਉਣ ਦੀ ਖੇਚਲ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਨਿੱਜੀ ਗੱਡੀਆਂ ਦੀ ਖ਼ਜਲ ਖ਼ੁਆਰੀ ਤੋਂ ਨਿਜਾਤ ਮਿਲ ਸਕੇ। ਅਜਿਹਾ ਕਰਨ ਨਾਲ ਉਨ੍ਹਾਂ ਯਾਤਰੂਆਂ ਨੂੰ ਵੀ ਰਾਹਤ ਮਿਲੇਗੀ ਜਿਹੜੇ ਡੁਬੱਈ ਤੇ ਹੋਰ ਅਰਬ ਦੇਸ਼ਾਂ ਨੂੰ ਜਾਂਦੇ ਤੇ ਉਨ੍ਹਾਂ ਪਾਸ ਆਪਣੀਆਂ ਕਾਰਾਂ ਨਹੀਂ ਹਨ ਅਤੇ ਉਹ ਬੱਸਾਂ ਰਾਹੀਂ ਆਉਂਦੇ ਜਾਂਦੇ ਹਨ।
ਨਾਲ ਹੀ ਮੰਚ ਦੇ ਆਗੂਆਂ ਨੇਂ ਹਵਾਈ ਅੱਡੇ ਤੋਂ ਘਿਉ ਮੰਡੀ ਤੀਕ ਲੋਕਲ ਬੱਸਾਂ ਚਲਾਉਣ ਦੀ ਵੀ ਮੰਗ ਕੀਤੀ ਹੈ ਤਾਂ ਜੋ ਜਿਹੜੇ ਯਾਤਰੂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਾਣਾ ਚਾਹੁੰਦੇ ਹਨ ਉਹ ਆਸਾਨੀ ਨਾਲ ਜਾ ਸਕਣ ।