ਅੰਮ੍ਰਿਤਸਰ, 27 ਅਪ੍ਰੈਲ 2022:- ਅੰਮ੍ਰਿਤਸਰ ਵਿਕਾਸ ਮੰਚ ਨੇ ਟਰੈਕਟਰ ਟਰਾਲੀਆਂ ਦੀ ਵਪਾਰਕ ਕੰਮਾਂ ਲਈ ਰੋਕ ਲਾਉਣ ਤੇ ਟਰੱਕਾਂ ਦੁਆਰਾ ਸੁਆਰੀਆਂ ਢੋਣ ‘ਤੇ ਸਖ਼ਤੀ ਨਾਲ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਤੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਨਵੰਬਰ 2000 ਵਿੱਚ ਜਸਟਿਸ ਆਰ ਐਸ ਮੋਂਗੀਆ ਅਤੇ ਜਸਟਿਸ ਕੇ ਸੀ ਗੁਪਤਾ ਵਾਲੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਡਵੀਜ਼ਨ ਬੈਂਚ ਨੇ ਮਾਜਦਾ ਮਿੰਨੀ ਟਰੱਕ ਅਪਰੇਟਰਜ਼ ਸੁਸਾਇਟੀ ਦੀ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਕਿਹਾ ਸੀ ਕਿ ਉਹ ਆਸ ਕਰਦੇ ਹਨ ਕਿ ਕਾਨੂੰਨ ਦੀ ਉਲੰਘਣਾ ਕਰਕੇ ਵਪਾਰਕ ਕੰਮਾਂ ਲਈ ਟਰੈਕਟਰ ਟਰਾਲੀਆਂ ਦੀ ਦੁਰਵਰਤੋਂ ਨੂੰ ਰੋਕਣ ਲਈ ਸੰਬੰਧਿਤ ਅਧਿਕਾਰੀ ਬਣਦੀ ਕਾਰਵਾਈ ਕਰਨਗੇ। ਉਨ੍ਹਾਂ ਇਹ ਵੀ ਕਿਹਾ ਸੀ ਸੰਬੰਧਿਤ ਅਧਿਕਾਰੀ ਹਰ ਮਹੀਨੇ ਇਸ ਦੀ ਪੜਤਾਲ ਵੀ ਕਰਦੇ ਰਹਿਣਗੇ।
ਇਸ ਫ਼ੈਸਲੇ ਨੂੰ 21 ਸਾਲ ਤੋਂ ਵੱਧ ਹੋ ਗਏ ਪਰ ਅਜੇ ਤੀਕ ਕਿਸੇ ਵੀ ਸਰਕਾਰ ਨੇ ਇਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਨ੍ਹਾਂ ਦੀ ਦੁਰਵਰਤੋਂ ਨਾਲ ਜਿੱਥੇ ਰੋਜ਼ਾਨਾ ਬੇਦੋਸ਼ਿਆਂ ਦੀਆਂ ਜਾਨਾਂ ਜਾ ਰਹੀਆਂ ਹਨ, ਉੱਥੇ ਟਰੱਕਾਂ ਵਾਲਿਆਂ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ। ਸਰਕਾਰੀ ਖਜ਼ਾਨੇ ਨੂੰ ਵੀ ਚੂਨਾ ਲੱਗ ਰਿਹਾ ਹੈ। ਟਰੱਕਾਂ ਵਾਲੇ ਸਰਕਾਰ ਨੂੰ ਟੈਕਸ ਦੇਂਦੇ ਹਨ ਪਰ ਟਰੈਕਟਰ ਟਰਾਲੀਆਂ ਵਾਲੇ ਕੋਈ ਟੈਕਸ ਨਹੀਂ ਦੇਂਦੇ।
ਕੰਡਮ ਟਰੈਕਟਰ ਟਰਾਲੀਆਂ ਨੂੰ ਅਣਜਾਣ ਬੰਦੇ ਜਿਨ੍ਹਾਂ ਕੋਲ ਕੋਈ ਡਰਾਈਵਿੰਗ ਲਾਇਸੈਂਸ ਨਹੀਂ ਇੱਟਾਂ ਢੋਣ, ਰੇਤ ਬੱਜਰੀ, ਸੀਮੈਂਟ ਤੇ ਹੋਰ ਵਪਾਰਕ ਢੋਆ ਢੁਆਈ ਦਾ ਕੰਮ ਕਰ ਰਹੇ ਹਨ ਜੋ ਟਰੱਕਾਂ ਨੂੰ ਕਰਨਾ ਚਾਹੀਦਾ। ਰੋਜ਼ਾਨਾ ਸਾਰੇ ਭਾਰਤ ਵਿੱਚ ਇਨ੍ਹਾਂ ਦੀਆਂ ਦੁਰਘਟਨਾਵਾਂ ਦੀਆਂ ਖ਼ਬਰਾਂ ਆ ਰਹੀਆਂ ਹਨ, ਜਿਨ੍ਹਾਂ ਦਾ ਪੰਜਾਬ ਸਰਕਾਰ ਸਮੇਤ ਕੋਈ ਵੀ ਪ੍ਰਾਂਤਕ ਸਰਕਾਰ ਨੋਟਿਸ ਨਹੀਂ ਲੈ ਰਹੀ।ਕਿਸੇ ਵੀ ਮੁਲਕ ਵਿਚ ਤੁਸੀਂ ਸੜਕ ਉਪਰ ਟਰੈਕਟਰ ਨਹੀਂ ਵੇਖੋਗੇ ਕਿਉਂਕਿ ਇਹ ਬਣੇ ਹੀ ਖੇਤਾਂ ਲਈ ਹਨ।ਇਸ ਲਈ ਇਨ੍ਹਾਂ ਨੂੰ ਸੜਕਾਂ ‘ਤੇ ਲਿਆਉਣ ਦੀ ਮਨਾਹੀ ਹੋਣੀ ਚਾਹੀਦੀ। ਕਿਸਾਨਾਂ ਲਈ ਸਰਕਾਰ ਕੋਈ ਬਦਲਵਾਂ ਪ੍ਰਬੰਧ ਕਰੇ ਤਾਂ ਜੋ ਕਿਸਾਨ ਆਪਣੀਆਂ ਫਸਲਾਂ ਮੰਡੀਆਂ ਵਿਚ ਲਿਆ ਸਕਣ।
ਇਸ ਸੰਬੰਧੀ ਮੈਂ 22 ਮਈ 2015 ਨੂੰ ਉਸ ਸਮੇਂ ਦੇ ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਇੱਕ ਈ-ਮੇਲ ਭੇਜਕੇ ਗ਼ੈਰ-ਕਾਨੂੰਨੀ ਚੱਲਦੇ ਟਰੈਕਟਰ-ਟਰਾਲੀਆਂ ਨੂੰ ਰੋਕਣ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਨੇ ਇਨ੍ਹਾਂ ਨੂੰ ਕੀ ਰੋਕਣਾ ਸੀ ਸਗੋਂ ਇਸ ਦਾ ਉਤਰ ਦੇਣ ਦੀ ਲੋੜ ਨਹੀਂ ਸਮਝੀ।
ਏਸੇ ਤਰ੍ਹਾਂ ਟਰੱਕਾਂ ਵਾਲੇ ਸੁਆਰੀਆਂ ਢੋਣ ਦਾ ਕੰਮ ਕਰ ਰਹੇ ਹਨ ਜੋ ਕਿ ਗ਼ੈਰ-ਕਾਨੂੰਨੀ ਹੈ। ਹੋਲਾ ਮਹੱਲਾ, ਵੈਸਾਖੀ, ਦੀਵਾਲੀ ਆਦਿ ਤਿਉਹਾਰਾਂ ਸਮੇਂ ਜਿੱਥੇ ਟਰੈਕਟਰ ਟਰਾਲੀਆਂ ਭਰ ਕੇ ਲੋਕ ਯਾਤਰਾ ਕਰਦੇ ਹਨ, ਉੱਥੇ ਟਰੱਕਾਂ ਵਾਲੇ ਟਰੱਕ ਅੰਦਰ ਛੱਤ ਪਾ ਕੇ ਇਸ ਨੂੰ ਡਬਲ ਡੈਕਰ ਬਣਾ ਕੇ 100-100 ਸਵਾਰੀਆਂ ਲੱਦ ਲੈਂਦੇ ਹਨ। ਇਹ ਵੀ ਵੇਖਣ ਆਇਆ ਹੈ ਕਿ ਪੁਲਿਸ ਵਾਲੇ ਇਨ੍ਹਾਂ ਨੂੰ ਰੋਕਣ ਦੀ ਥਾਂ ‘ਤੇ ਖ਼ੁਦ ਇਨ੍ਹਾਂ ਟਰੱਕਾਂ ਅੰਦਰ ਸੁਆਰੀਆਂ ਚੜਾਉਂਦੇ ਹਨ।
ਕਈ ਟਰੱਕ ਹਾਦਸਾ ਗ੍ਰਸਤ ਹੋ ਜਾਂਦੇ । ਜਿਸ ਨਾਲ ਕਈ ਮੌਤਾਂ ਹੋ ਜਾਂਦੀਆਂ ਹਨ। ਕਈ ਸਾਲ ਪਹਿਲਾਂ ਅੰਮ੍ਰਿਤਸਰ ਤੋਂ ਇਕ ਟਰੱਕ ਹੇਮਕੁੰਟ ਸਾਹਿਬ ਗਿਆ ਸੀ, ਜੋ ਮੋੜ ਕਟਣ ਸਮੇਂ ਹਾਦਸਾ ਗਰਸਤ ਹੋ ਗਿਆ ਜਿਸ ਵਿਚ 106 ਸਵਾਰੀਆ ਸਨ । ਇਸ ਹਾਦਸੇ ਵਿਚ 6 ਸਵਾਰੀਆਂ ਮਾਰੀਆਂ ਗਈਆਂ। ਦਰਿਆ ਕੰਢੇ ਦਰਖ਼ਤ ਸੀ ਜਿਸ ਨਾਲ ਟਰਕ ਅਟਕ ਗਿਆਂ ਜੇ ਇਹ ਦਰਖ਼ਤ ਨਾ ਹੁੰਦਾ ਤਾਂ ਟਰੱਕ ਨੇ ਦਰਿਆ ਵਿਚ ਡਿੱਗ ਜਾਣਾ ਸੀ ਤੇ ਸਾਰੀਆਂ ਸਵਾਰੀਆਂ ਮਾਰੀਆਂ ਜਾਣੀਆਂ ਸਨ।
ਇਸ ਲਈ ਲੋੜ ਹੈ ਕਿ ਸੜਕੀ ਦੁਰਘਟਨਾਵਾਂ ਦੀ ਘੋਖ ਪੜਤਾਲ ਕੀਤੀ ਜਾਵੇ ਤੇ ਇਨ੍ਹਾਂ ਨੂੰ ਰੋਕਣ ਲਈ ਸਾਰਥਕ ਕਦਮ ਚੁੱਕੇ ਜਾਣ। ਆਮ ਆਦਮੀ ਪਾਰਟੀ ਵਿਚ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗੇ ਸੂਝਵਾਨ ਸਾਬਕਾ ਪੁਲੀਸ ਅਫ਼ਸਰ ਹਨ, ਜਿਨ੍ਹਾਂ ਦੀ ਅਗਵਾਈ ਵਿਚ ਕਮੇਟੀ ਬਣਾ ਕੇ ਦੁਰਘਟਨਾਵਾਂ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਜਾ ਸਕਦੇ ਹਨ।