June 12, 2022 admin

ਡਾ. ਇੰਦਰਬੀਰ ਸਿੰਘ ਨਿੱਜਰ ਨੂੰ ਲਾਇਬ੍ਰੇਰੀ ਐਕਟ ਆਉਂਦੇ ਵਿਧਾਨ ਸਭਾ ਅਜਲਾਸ ਵਿੱਚ ਪਾਸ ਕਰਾਉਣ ਦੀ ਅਪੀਲ

ਅੰਮ੍ਰਿਤਸਰ 8 ਜੂਨ 2022 (ਅਤੇ ਅੰਮ੍ਰਿਤਸਰ ਤੌਂ ਭਾਰਤ ਸੰਦੇਸ਼ ਬਿਊਰੋ ):- ਪੰਜਾਬੀ ਰਾਈਟਰਜ਼ ਕੋ-ਆਪਰੇਟਿਵ ਸੁਸਾਇਟੀ ਦੇ ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਇੱਕ ਈ-ਮੇਲ ਰਾਹੀਂ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਅਤੇ ਅੰਮ੍ਰਿਤਸਰ ਤੌਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੂੰ ਲਾਇਬ੍ਰੇਰੀ ਐਕਟ ਆਉਂਦੇ ਵਿਧਾਨ ਸਭਾ ਅਜਲਾਸ ਵਿੱਚ ਪਾਸ ਕਰਾਉਣ ਦੀ ਅਪੀਲ ਕੀਤੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਸਾਰੇ ਦੇਸ਼ ਵਿੱਚ ਲਾਇਬ੍ਰੇਰੀ ਐਕਟ ਪਾਸ ਕਰਕੇ ਪਿੰਡ-ਪਿੰਡ ਲਾਇਬ੍ਰੇਰੀਆਂ ਖੁੱਲ੍ਹ ਚੁਕੀਆਂ ਹਨ, ਇੱਥੋਂ ਤੀਕ ਸਾਡੇ ਗੁਆਂਢੀ ਰਾਜ ਹਰਿਆਣਾ ਨੇ ਵੀ 39 ਸਾਲ ਪਹਿਲਾ 1983 ਵਿੱਚ ਅਜਿਹਾ ਕਾਨੂੰਨ ਪਾਸ ਕੀਤਾ ਸੀ। ਜਦ ਕਿ ਦੇਸ਼ ਭਰ ਵਿੱਚ ਪੰਜਾਬ ਹੀ ਐਸਾ ਸੂਬਾ ਹੈ, ਜਿਸ ਨੇ ਇਹ ਕਾਨੂੰਨ ਅੱਜ ਤੱਕ ਨਹੀਂ ਬਣਾਇਆ।

ਪੰਜਾਬ ਵਿੱਚ ਇਸ ਬਿੱਲ ਦਾ ਖਰੜਾ 2012 ਵਿੱਚ ਤਿਆਰ ਕੀਤਾ ਗਿਆ ਸੀ, ਉਸ ਸਮੇਂ ਮਰਹੂਮ ਸ. ਸੇਵਾ ਸਿੰਘ ਸੇਖਵਾਂ ਸਿੱਖਿਆ ਮੰਤਰੀ ਸਨ ਤੇ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ। ਸੇਖਵਾਂ ਨੇ ਕਿਹਾ ਸੀ ਇਸ ਸੰਬੰਧੀ ਪੰਜਾਬ ਸਰਕਾਰ ਆਰਡੀਨੈਸ ਜਾਰੀ ਕਰੇਗੀ। ਪੰਜਾਬ ਭਰ ਦੇ ਲੇਖਕ 2012 ਤੋਂ ਲੈ ਕੇ ਹੁਣ ਤੀਕ ਜਿੰਨੀਆਂ ਵੀ ਸਰਕਾਰਾਂ ਬਣੀਆਂ ਹਨ, ਉਨ੍ਹਾਂ ਤੋਂ ਬਾਕੀ ਸੂਬਿਆਂ ਵਾਂਗ ਇਹ ਕਾਨੂੰਨ ਬਣਾਉਣ ਦੀ ਮੰਹ ਕਰਦੀਆਂ ਰਹੀਆਂ ਹਨ, ਪਰ ਕਿਸੇ ਵੀ ਮੁੱਖ ਮੰਤਰੀ ਨੇ ਉਨ੍ਹਾਂ ਦੀ ਨਹੀਂ ਸੁਣੀ।

ਸਰਕਾਰਾਂ ਨੇ ਸ਼ਰਾਬ ਦੇ ਠੇਕੇ ਤਾਂ ਖੋਲ ਦਿੱਤੇ ਪਰ ਲਾਇਬ੍ਰੇਰੀਆਂ ਨਹੀਂ ਖੋਲੀਆਂ, ਜਿੱਥੋਂ ਇਨ੍ਹਾਂ ਦੀ ਵਿਦਵਤਾ ਦਾ ਪਤਾ ਲਗਦਾ ਹੈ। ਇਹੋ ਕਾਰਨ ਹੈ ਕਿ ਇਨ੍ਹਾਂ ਨੇ ਪੰਜਾਬ ਨੂੰ ਤਬਾਹੀ ਕੰਢੇ ਲੈ ਆਂਦਾ ਹੈ, ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਕਿਤਾਬਾਂ ਗਿਆਨ ਦਾ ਸੋਮਾਂ ਹਨ। ਅਮਰੀਕਾ, ਕਨੇਡਾ ਆਦਿ ਮੁਲਕਾਂ ਵਿਚ ਹਰ ਸਕੂਲ ਇੱਥੋਂ ਤੀਕ ਕਿ ਪ੍ਰਾਇਮਰੀ ਸਕੂਲ ਵਿਚ ਵੀ ਲਾਇਬਰੇਰੀ ਹੈ ਅਤੇ ਖ਼ਾਸ ਕਰਕੇ ਲਾਇਬਰੇਰੀ ਦਾ ਪੀਰਡ ਨਿਯਤ ਹੈ। ਵਿਦਿਆਰਥੀ ਹਰ ਹਫ਼ਤੇ ਨਵੀਂ ਕਿਤਾਬ ਲਿਆਉਂਦਾ ਹੈ ਤੇ ਪਿਛਲੀ ਕਿਤਾਬ ਵਾਪਿਸ ਕਰਦਾ ਹੈ ।

ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਹੀ ਪੜ੍ਹਿਆਂ ਲਿਖਿਆਂ ਦੀ ਸਰਕਾਰ ਹੈ, ਇਸ ਲਈ ਇਸ ਸਰਕਾਰ ਨੂੰ ਇਹ ਕਾਰਜ ਪਹਿਲ ਦੇ ਆਧਾਰ ‘ਤੇ ਕਰਨਾ ਚਾਹੀਦਾ ਹੈ। ਵਿਧਾਇਕ ਨਿੱਜਰ ਹੁਰਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ, ਉਹ ਵਿਧਾਇਕ ਹੋਣ ਦੇ ਨਾਲ ਨਾਲ ਪੰਜਾਬ ਦੇ ਬਹੁਤ ਹੀ ਵੱਡੇ ਅਦਾਰੇ ਚੀਫ਼ ਖਾਲਸਾ ਦੀਵਾਨ ਦੇ ਮੁਖੀ ਹਨ ਜਿਸ ਨੇ ਵੱਡੀ ਪੱਧਰ ‘ਤੇ ਵਿੱਦਿਅਕ ਅਦਾਰਿਆਂ ਦਾ ਜਾਲ ਵਿਛਾਇਆ ਹੋਇਆ ਹੈ, ਇਸ ਮਾਮਲੇ ਨੂੰ ਨਿਜੀ ਮਾਮਲਾ ਸਮਝਦੇ ਹੋਇ ਹੱਲ ਕਰਾਉਣਾ ਚਾਹੀਦਾ ਹੈ।

ਡਾ. ਗੁਮਟਾਲਾ ਅਨੁਸਾਰ ਉਨ੍ਹਾਂ ਨੂੰ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਡੀ ਪੀ ਆਈ (ਕਾਲਜਾਂ) ਨੇ 6 ਜੁਲਾਈ 2018 ਨੂੰ ਜੁਆਬ ਭੇਜਿਆ ਸੀ ਕਿ ਸ਼ਬਦ ਪ੍ਰਕਾਸ਼ ਪੰਜਾਬੀ ਲਾਇਬ੍ਰੇਰੀ ਐਂਡ ਇਨਫਮੇਸ਼ਨ ਸਰਵਿਸਜ਼ ਬਿਲ 2011 ਦਾ ਖਰੜਾ ਸਰਕਾਰ ਵੱਲੋਂ ਬਣਾਈ ਕਮੇਟੀ ਵੱਲੋਂ ਤਿਆਰ ਕਰਕੇ ਡੀ ਪੀ ਆਈ ਦਫ਼ਤਰ ਦੇ ਪੱਤਰ ਨੰ. 18/1-98 ਕਾ.ਐਜੂ(3) ਮਿਤੀ 2018 ਰਾਹੀਂ ਭੇਜਿਆ ਹੋਇਆ ਹੈ, ਇਸ ਲਈ ਇਹ ਮਾਮਲਾ ਸਰਕਾਰ ਵਿਚਾਰ ਅਧੀਨ ਹੈ।

ਡਾ. ਗੁਮਟਾਲਾ ਨੇ ਕਿਹਾ ਕਿ ਵਿਸਥਾਰ ਨਾਲ ਦੱਸਦਿਆਂ ਹੋਇਆ ਕਿਹਾ ਕਿ 28 ਮਈ 2022 ਨੂੰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਇੱਕ ਈ-ਮੇਲ ਇਸ ਸੰਬੰਧੀ ਭੇਜੀ ਸੀ, ਜੋ ਮੁੱਖ ਮੰਤਰੀ ਦਫ਼ਤਰ ਨੇ ਐਡੀਸ਼ਨਲ ਚੀਫ਼ ਸਕੱਤਰ ਸ੍ਰੀ ਕੇ ਏ ਪੀ ਸਿਨਹਾ ਨੂੰ ਲੋੜੀਂਦੀ ਕਾਰਵਾਈ ਲਈ ਭੇਜੀ ਹੈ। ਸ੍ਰੀ ਸਿਨਹਾ ਖ਼ਜਾਨਾ ਵਿਭਾਗ ਨਾਲ ਸੰਬੰਧਤ ਰੱਖਦੇ ਹਨ। ਖ਼ਜ਼ਾਨਾ ਮੰਤਰੀ ਸ. ਹਰਪਾਲ ਸਿੰਘ ਚੀਮਾ ਪਾਸ ਇਹ ਵਿਭਾਗ ਹੈ। ਇਸ ਲਈ ਚੀਮਾ ਸਾਹਿਬ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਆਉਂਦੇ ਵਿਧਾਨ ਸਭਾ ਅਜਲਾਸ ਵਿਚ ਇਹ ਬਿੱਲ ਪਾਸ ਕਰਨ ਦੀ ਬੇਨਤੀ ਕਰੋ ਤਾਂ ਜੋ ਪਿੰਡ ਪਿੰਡ ਲਾਇਬ੍ਰੇਰੀਆਂ ਦਾ ਜਾਲ ਵਿਛਾਇਆ ਜਾ ਸਕੇ।

Translate »