ਅੰਮ੍ਰਿਤਸਰ 31 ਅਗਸਤ, 2023 (ਭਾਰਤ ਸੰਦੇਸ਼ ਬਿਊਰੋ):- ਆਸਟਰੇਲੀਆ, ਨਿਉਜ਼ੀਲੈਂਡ, ਥਾਈਲੈਂਡ, ਹਾਂਗਕਾਂਗ, ਅਤੇ ਕਈ ਹੋਰ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਲਈ ਇੱਕ ਵੱਡੀ ਖੁਸ਼ਖਬਰੀ ਹੈ। ਮਲੇਸ਼ੀਆ ਦੀ ਸਭ ਤੋਂ ਵੱਡੀ ਮੰਨੀ ਜਾਣ ਵਾਲੀ ਮਲੇਸ਼ੀਆ ਏਅਰਲਾਈਨ ਆਉਣ ਵਾਲੇ ਸਰਦੀਆਂ ਦੇ ਮੌਸਮ ਵਿੱਚ 8 ਨਵੰਬਰ ਤੋਂ ਕੁਆਲਾਲੰਪੁਰ ਤੋਂ ਪੰਜਾਬ ਦੇ ਸ੍ਰੀ ਗੁਰੁ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ।
ਅੰਮ੍ਰਿਤਸਰ ਦੇ ਨਵੇਂ ਮਹੱਤਵਪੂਰਨ ਹਵਾਈ ਸੰਪਰਕ ਬਾਰੇ ਇੱਕ ਸਾਂਝੇ ਬਿਆਨ ਵਿੱਚ ਜਾਣਕਾਰੀ ਦਿੰਦੇ ਹੋਏ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ, ਅਤੇ ਕਨਵਨੀਰ ਇੰਡੀਆ ਤੇ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਸਕੱਤਰ ਯੋਗੇਸ਼ ਕਾਮਰਾ ਨੇ ਦੱਸਿਆ ਕਿ ਮਲੇਸ਼ੀਆ ਏਅਰਲਾਈਨ ਕੁਆਲਾਲੰਪੁਰ ਤੋਂ ਅੀਮ੍ਰਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਵਾਲੀ ਮਲੇਸ਼ੀਆ ਦੀ ਤੀਜੀ ਏਅਰਲਾਈਨ ਬਣਨ ਜਾ ਰਹੀ ਹੈ।
ਵਰਤਮਾਨ ਵਿੱਚ ਬੈਟਿਕ ਏਅਰ ਹਫਤੇ ਵਿੱਚ ਤਿੰਨ ਦਿਨ, ਜਦੋਂ ਕਿ ਏਅਰ ਏਸ਼ੀਆ ਐਕਸ 3 ਸਤੰਬਰ ਤੋਂ ਇਸ ਰੂਟ ‘ਤੇ ਹਫਤੇ ਵਿੱਚ ਚਾਰ ਦਿਨ ਇਹਨਾਂ ਉਡਾਣਾਂ ਦਾ ਸੰਚਾਲਨ ਕਰੇਗੀ।
ਮਲੇਸ਼ੀਆ ਏਅਰਲਾਈਨ ਦੀ ਵੈੱਬਸਾਈਟ ‘ਤੇ ਉਪਲੱਬਧ ਸਮਾਂ ਸੂਚੀ ਅਨੁਸਾਰ, ਏਅਰਲਾਈਨ ਹਫਤੇ ‘ਚ ਹਰ ਬੁੱਧਵਾਰ ਅਤੇ ਸ਼ਨੀਵਾਰ ਵਾਲੇ ਦਿਨ ਆਪਣੇ 160 ਸੀਟਾਂ (144 ਇਕਾਨਮੀ ਅਤੇ 16 ਬਿਜ਼ਨਸ ਕਲਾਸ) ਦੇ ਬੋਇੰਗ 737 ਜਹਾਜ਼ ਨਾਲ ਉਡਾਣਾਂ ਦਾ ਸੰਚਾਲਨ ਕਰੇਗੀ। ਕੁਆਲਾਲੰਪੁਰ ਤੋਂ ਸ਼ਾਮ 6:50 ਵਜੇ ਰਵਾਨਾ ਹੋ ਕੇ, ਇਹ ਉਡਾਣ ਅੰਮ੍ਰਿਤਸਰ ਵਿਖੇ ਰਾਤ 10:10 ਵਜੇ ਪਹੰਚੇਗੀ। ਅੰਮ੍ਰਿਤਸਰ ਤੋਂ ਫਿਰ ਰਾਤ 11:25 ਵਜੇ ਰਵਾਨਾ ਹੋ ਕੇ ਮਲੇਸ਼ੀਆ ਦੀ ਅਗਲੀ ਸਵੇਰ ਨੂੰ 7:30 ਵਜੇ ਕੁਆਲਾਲੰਪੁਰ ਪਹੁੰਚੇਗੀ।
ਇਸ ਨਵੀਂ ਉਡਾਣ ਦੇ ਐਲਾਨ ‘ਤੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ, ਗੁਮਟਾਲਾ ਨੇ ਕਿਹਾ, “ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵਲੋਂ ਲਗਾਤਾਰ ਅੰਕੜਿਆਂ ਅਤੇ ਹੋਰ ਮਹੱਤਵਪੂਰਨ ਜਾਣਕਾਰੀ ਸਣੇ ਏਅਰਲਾਈਨਾਂ ਕੋਲ ਅੰਮ੍ਰਿਤਸਰ ਲਈ ਦੁਨੀਆਂ ਦੇ ਵੱਖ-ਵੱਖ ਮੁਲਕਾਂ ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰਾ ਵੱਸਦਾ ਹੈ ਨਾਲ ਹਵਾਈ ਸੰਪਰਕ ਲਈ ਅਣਥੱਕ ਮਿਹਨਤ ਨਾਲ ਵਕਾਲਤ ਕੀਤੀ ਜਾ ਰਹੀ ਹੈ। ਅਗਸਤ 2018 ਵਿੱਚ ਸ਼ੁਰੂ ਹੋਈ ਏਅਰ ਏਸੀਆ ਐਕਸ, ਲੰਡਨ ਆਦਿ ਕਈ ਉਡਾਣਾਂ ਇਸੇ ਮੁਹਿੰਮ ਦਾ ਨਤੀਜਾ ਹਨ।”
ਕਾਮਰਾ ਨੇ ਅੱਗੇ ਦੱਸਿਆ ਕਿ ਮਲੇਸ਼ੀਆ ਏਅਰਲਾਈਨਜ਼ ਕੁਆਲਾਲੰਪੁਰ ਰਾਹੀਂ ਸਿਰਫ ਦੋ ਤੋਂ ਤਿੰਨ ਘੰਟਿਆਂ ਵਿੱਚ ਯਾਤਰੀਆਂ ਨੂੰ ਮੈਲਬੋਰਨ, ਸਿਡਨੀ, ਪਰਥ, ਐਡੀਲੇਡ, ਔਕਲੈਂਡ, ਬੈਂਕਾਕ, ਫੂਕੇਟ, ਹਾਂਗਕਾਂਗ, ਮਨੀਲਾ ਅਤੇ ਕਈ ਹੋਰ ਸ਼ਹਿਰਾਂ ਨੂੰ ਜੋੜੇਗੀ। ਵਿਦੇਸ਼ ਵੱਸਦੇ ਪੰਜਾਬੀ ਭਾਈਚਾਰੇ ਕੋਲ ਹੁਣ ਦਿੱਲੀ ਰਾਹੀਂ ਖੱਜਲ-ਖੁਆਰ ਹੋਣ ਦੀ ਬਜਾਏ ਮਲੇਸ਼ੀਆਂ ਦੀਆਂ ਇਹਨਾਂ ਵੱਖ-ਵੱਖ ਏਅਰਲਾਈਨਾਂ ਅਤੇ ਸਕੂਟ-ਸਿੰਗਾਪੁਰ ਏਅਰਲਾਈਨ ‘ਤੇ ਸਿੱਧਾ ਅੰਮਿਤਸਰ ਪਹੁੰਚਣ ਦੇ ਕਈ ਵਿਕਲਪ ਉਪਲੱਬਧ ਹੋਣਗੇ, ਘੱਟ ਸਮਾਂ ਲੱਗੇਗਾ ਅਤੇ ਕਿਰਾਇਆ ਵੀ ਘੱਟ ਹੋਵੇਗਾ। ਇਸ ਨਾਲ ਖੇਤਰ ਵਿੱਚ ਸੈਰ-ਸਪਾਟੇ ਨੂੰ ਹੋਰ ਹੁਲਾਰਾ ਮਿਲਣ ਦੀ ਉਮੀਦ ਹੈ।
ਗੁਮਟਾਲਾ ਅਤੇ ਕਾਮਰਾ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ-ਮੰਤਰੀ ਭਗਵੰਤ ਮਾਨ ਨੂੰ ਅੰਮ੍ਰਿਤਸਰ ਹਵਾਈ ਅੱਡੇ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ। ਭਾਰਤ ਅਤੇ ਵਿਸ਼ਵ ਦੀਆਂ ਕਈ ਏਅਰਲਾਈਨਾਂ ਹੁਣ ਇੱਥੋਂ ਸਿੱਧੀਆਂ ਉਡਾਣਾਂ ਸ਼ੁਰੂ ਕਰ ਰਹੀਆਂ ਹਨ। ਉਹਨਾਂ ਨੇ ਧਿਆਨ ਦਿਵਾਇਆ ਕਿ ਹਵਾਈ ਅੱਡੇ ਨੂੰ ਅੰਮ੍ਰਿਤਸਰ ਸ਼ਹਿਰ ਅਤੇ ਪੰਜਾਬ ਦੇ ਹੋਰਨਾਂ ਸ਼ਹਿਰਾਂ ਨਾਲ ਜੋੜਨ ਲਈ ਬੱਸ ਸੇਵਾ ਦੀ ਅਣਹੋਂਦ ਸੂਬਾ ਸਰਕਾਰ ਵਲੋਂ ਇਸ ਹਵਾਈ ਅੱਡੇ ਲਈ ਬੁਨਿਆਦੀ ਲੋੜਾਂ ਦੀ ਅਣਦੇਖੀ ਨੂੰ ਉਜਾਗਰ ਕਰਦੀ ਹੈ। ਇਸ ਤੋਂ ਇਲਾਵਾ, ਪੰਜਾਬ ਦੇ ਆਰਥਿਕ ਵਿਕਾਸ ਵਿੱਚ ਇਸ ਏਅਰਪੋਰਟ ਦੇ ਮਹੱਤਵਪੂਰਨ ਯੋਗਦਾਨ ਦੇ ਬਾਵਜੂਦ, ਹਵਾਈ ਅੱਡੇ ਤੋਂ ਉਡਾਣਾਂ ਸੰਬੰਧੀ ਪੰਜਾਬ ਦੀਆਂ ਸਮੇਂ ਦੀਆਂ ਸਰਕਾਰਾਂ ਨੇ ਬਹੁਤ ਘੱਟ ਪ੍ਰਚਾਰ ਦੇ ਯਤਨ ਕੀਤੇ ਹਨ।
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਦਿੱਲੀ ਹਵਾਈ ਅੱਡੇ ਲਈ ਸਰਕਾਰੀ ਬੱਸ ਸੇਵਾ ਸ਼ੁਰੂ ਕਰ ਦਿੱਤੀ ਗਈ ਪਰ ਵਰਤਮਾਨ ਵਿੱਚ, ਹਵਾਈ ਅੱਡਾ ਲੰਡਨ, ਬਰਮਿੰਘਮ, ਮਿਲਾਨ, ਰੋਮ, ਦੁਬਈ, ਸ਼ਾਰਜਾਹ, ਦੋਹਾ, ਸਿੰਗਾਪੁਰ ਅਤੇ ਕੁਆਲਾਲੰਪੁਰ ਨਾਲ ਜੁੜਿਆ ਹੈ। ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈਸ, ਇੰਡੀਗੋ, ਸਪਾਈਸਜੈੱਟ, ਕਤਰ ਏਅਰਵੇਜ਼, ਸਕੂਟ, ਬਾਟਿਕ ਏਅਰ, ਏਅਰ ਏਸ਼ੀਆ ਐਕਸ ਅਤੇ ਨਿਓਸ ਏਅਰਲਾਈਨ ਇੱਥੋਂ ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਕਰ ਰਹੀਆਂ ਹਨ। ਹਫਤੇ ਵਿੱਚ ਅੰਮ੍ਰਿਤਸਰ ਤੋਂ 400 ਤੋਂ ਵੱਧ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਦੀ ਰਵਾਨਗੀ ਅਤੇ ਆਮਦ ਹੋਣ ਦੇ ਬਾਵਜੂਦ ਪੰਜਾਬ ਦੀਆਂ ਪਿਛਲੀਆਂ ਅਤੇ ਮੌਜੂਦਾ ਸਰਕਾਰ ਦਾ ਬੱਸ ਸੇਵਾ ਮੁਹੱਈਆ ਕਰਵਾਉਣ ਦੀ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਹਾਲਾਂਕਿ ਇਸ ਸਮੇਂ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਵੀ ਮਾਝੇ ਤੋਂ ਹਨ।