ਡੇਟਨ/ਅੰਮ੍ਰਿਤਸਰ 28 ਅਕਤੂਬਰ 2013 (ਭਾਰਤ ਸੰਦੇਸ਼ ਖਬਰਾਂ ):– ਅਮਰੀਕਾ ਦੇ ਓਹਾਇਓ ਸੂਬੇ ਦੇ ਪ੍ਰਸਿੱਧ ਸ਼ਹਿਰ ਸਪਰਿੰਗਫੀਲਡ ਵਿਖੇ ਪਿੰਡ ਲੁਹਾਰਾਂ ਜਿਲਾ ਜਲੰਧਰ ਦੇ ਜੰਮਪਲ ਅਵਤਾਰ ਸਿੰਘ ਦੇ ਗ੍ਰਹਿ ਵਿਖੇ ਬਾਬਾ ਗੁਰਦਿੱਤਾ ਜੀ ਦਾ ਜਨਮ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਉਹ ਹਰ ਸਾਲ ਇਹ ਦਿਹਾੜਾ ਮਨਾਉਂਦੇ ਹਨ। ਇਹ ਸੋਲਵਾਂ ਸਮਾਗਮ ਸੀ। ਸ੍ਰੀ ਅਖੰਡ ਪਾਠ ਜੀ ਦੇ ਭੋਗ ਉਪਰੰਤ ਡੇਟਨ ਗੁਰਦੁਆਰੇ ਦੇ ਮੁੱਖ-ਗ੍ਰੰਥੀ ਭਾਈ ਦਰਸ਼ਨ ਸਿੰਘ, ਭਾਈ ਮਨਜੀਤ ਸਿੰਘ ਇੰਡੀਆਨਾ, ਡਾ. ਤਰਸੇਮ ਸਿੰਘ ਅਜੀਮਲ ਯੂ. ਕੇ., ਭਾਈ ਚਰਨ ਸਿੰਘ ਲੁਹਾਰਾਂ ਤੇ ਬੱਚੀ ਰਵਜੋਤ ਕੌਰ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸਿਨਸਿਨਾਟੀ ਦੇ ਕਥਾਵਾਚਕ ਭਾਈ ਨਿਰਮਲ ਸਿੰਘ ਤੇ ਡੇਟਨ ਗੁਰਦੁਆਰੇ ਦੇ ਮੁੱਖ-ਗ੍ਰੰਥੀ ਭਾਈ ਦਰਸ਼ਨ ਸਿੰਘ ਨੇ ਕਥਾ ਕੀਤੀ। ਸ. ਕਰਨਵੀਰ ਸਿੰਘ ਤੇ ਭਾਈ ਨਾਜਰ ਸਿੰਘ ਨੇ ਤਬਲਾਵਾਚਕ ਦੀ ਜ਼ੁੰਮੇਵਾਰੀ ਨਿਭਾਈ। ਭਾਈ ਦਰਸ਼ਨ ਸਿੰਘ, ਐਸ. ਅਸ਼ੋਕ ਭੌਰਾ, ਮੱਖਣ ਲੁਹਾਰ, ਰਾਮ ਸਿੰਘ ਸ਼ਿਕਾਗੋ, ਡਾ. ਤਰਸੇਮ ਸਿੰਘ ਅਜੀਮਲ ਨੇ ਬਾਬਾ ਗੁਰਦਿੱਤਾ ਜੀ ਦੇ ਜੀਵਨ ਅਤੇ ਸਿੱਖਿਆਵਾਂ ਉੱਤੇ ਝਾਤ ਪਾਈ। ਸਪਰਿੰਗਫੀਲਡ ਤੋਂ ਇਲਾਵਾ ਡੇਟਨ, ਸਿਨਸਿਨਾਟੀ, ਸ਼ਿਕਾਗੋ, ਮਿਸ਼ੀਗਨ, ਕੈਲੀਫੋਰਨੀਆ, ਨਿਊਯਾਰਕ ਆਦਿ ਸ਼ਹਿਰਾਂ ਤੋਂ ਵੀ ਸੰਗਤਾਂ ਨੇ ਇਸ ਦੀਵਾਨ ਦੀ ਹਾਜ਼ਰੀ ਭਰੀ।