February 14, 2022 admin

ਬਸੰਤ ਰੁੱਤ ਦੇ ਜਸ਼ਨਾਂ ਦਾ ਪ੍ਰਤੀਕ ਬਣਿਆ ਅੰਮ੍ਰਿਤਸਰ ਸਾਹਿਤ ਉਤਸਵ

ਅੰਮ੍ਰਿਤਸਰ, 14 ਫਰਵਰੀ, 2022:-  7ਵੇਂ ਅੰਮ੍ਰਿਤਸਰ ਸਾਹਿਤ ਉਤਸਵ ਦੇ ਅੱਜ ਆਖਰੀ ਦਿਨ ਨਾਦ ਪ੍ਰਗਾਸੁ ਵੱਲੋਂ ਕਰਵਾਏ ਗਏ ‘ਚੜ੍ਹਿਆ ਬਸੰਤ’ ਕਵੀ-ਦਰਬਾਰ  ਮੌਕੇ ਪੰਜਾਬੀ ਅਤੇ ਪੰਜਾਬੀ ਦੀਆਂ ਉਪ ਬੋਲੀਆਂ ਦੇ ਕਵੀਆਂ ਨੇ ਸਰੋਤਿਆਂ ਨੂੰ ਜਿਥੇ ਮੰਤਰ ਮੁਗਧ ਕਰੀ ਰੱਖਿਆ ਉਥੇ ਵੱਖ ਵੱਖ ਅਕਾਦਮਿਕ ਅਦਾਰਿਆਂ ਤੋਂ ਆਏ ਵਿਦਿਆਰਥੀਆਂ ਅੰਦਰ ਸਾਹਿਤ ਦੀ ਚਿਣਗ ਵੀ ਛੱਡ ਗਿਆ। ਜ਼ਿਕਰ ਯੋਗ ਹੈ ਕਿ ਅੰਮ੍ਰਿਤਸਰ ਸਾਹਿਤ ਉਤਸਵ ਹਰ ਸਾਲ ਸੰਸਥਾ ਨਾਦ ਪ੍ਰਗਾਸੁ ਨਾਲ ਜੁੜੇ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਆਯੋਜਿਤ ਕੀਤਾ ਜਾਂਦਾ ਹੈ ਜਿਸ ਵਿੱਚ ਸਾਹਿਤ, ਚਿੰਤਨ, ਕਲਾ ਆਦਿ ਵਿਭਿੰਨ ਪਾਸਾਰਾਂ ਬਾਬਤ ਗੰਭੀਰ ਵਿਚਾਰਾਂ ਕੀਤੀਆਂ ਜਾਂਦੀਆਂ ਹਨ। 7ਵੇਂ ਅੰਮ੍ਰਿਤਸਰ ਸਾਹਿਤ ਉਤਸਵ ਦੇ ਤੀਜੇ ਅਤੇ ਆਖਰੀ ਦਿਨ ਸਭ ਤੋਂ ਪਹਿਲਾਂ ਬਸੰਤ ਰੁੱਤ ਨੂੰ ਮੁੱਖ ਰੱਖਦਿਆਂ ਬਸੰਤ ਰਾਗ ਦਾ ਗਾਇਨ ਪ੍ਰਾਚੀਨ ਬੋਦਲਾਂ ਘਰਾਣੇ ਤੋਂ ਆਏ ਭਾਈ ਅਵਤਾਰ ਸਿੰਘ ਨੇ ਕੀਤਾ।

‘ਚੜ੍ਹਿਆ ਬਸੰਤ’ ਕਵੀ ਦਰਬਾਰ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਕੀਤੀ, ਉਹਨਾਂ ਕਿਹਾ ਕਿ ਸੰਸਥਾ ਨਾਦ ਪ੍ਰਗਾਸੁ ਵੱਲੋਂ ‘ਅੰਮ੍ਰਿਤਸਰ ਸਾਹਿਤ ਉਤਸਵ’ ਅਤੇ ਵਿਸ਼ੇਸ਼ ਕਰਕੇ ‘ਚੜ੍ਹਿਆ ਬਸੰਤ’ ਜਿਹੇ ਸਮਾਗਮ ਦਾ ਆਯੋਜਨ ਕਰਨਾ ਇੱਕ ਬਹੁੱਤ ਵੱਡਾ ਉਪਰਾਲਾ ਹੈ।ਇਹ ਸਮਾਗਮ ਮਨੁੱਖੀ ਸੂਖਮ ਕਲਾਵਾਂ ਅਤੇ ਅੰਤਰ ਅਨੁਸ਼ਾਸਨੀ ਅਭਿਆਸਾਂ ਨੂੰ ਵਿਕਸਿਤ ਕਰਨ ਲਈ ਬਹੁੱਤ ਸਾਰਥਕ ਹੈ। ਉਹਨਾਂ ਕਿਹਾ ਕਿ ਸੰਸਥਾ ਵੱਲੋਂ ਅਜਿਹੇ ਨਵੇਂ ਕਵੀਆਂ ਨੂੰ ਉਭਾਰ ਕੇ ਰਵਾਇਤੀ ਕਾਵਿ-ਸ਼ੈਲੀ ਅਤੇ ਸੂਖਮ ਕਲਾਵਾਂ ਸਾਂਭਣ ਦਾ ਕੰਮ ਕੀਤਾ ਗਿਆ ਹੈ। ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਪ੍ਰਸਿਧ ਆਲੋਚਕ ਅਤੇ ਸਾਹਿਤਕਾਰ ਡਾ. ਮਨਮੋਹਨ ਨੇ ਸੰਸਥਾ ਵੱਲੋਂ ਗਿਆਨ ਦੇ ਪ੍ਰਚਾਰ-ਪ੍ਰਸਾਰ ਲਈ ਕੀਤੇ ਜਾਂਦੇ ਯਤਨਾਂ ਦੀ ਪ੍ਰਸ਼ੰਸ਼ਾ ਕੀਤੀ। ਉਹਨਾਂ ਇਸ ਮੌਕੇ ਆਪਣੀ ਇੱਕ ਕਵਿਤਾ ‘ਕਪਾਲ ਕਿਰਿਆ’ ਅਤੇ ਹੋਰ ਨਜ਼ਮਾਂ ਵੀ ਸੁਣਾਈਆਂ।

ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਦੇ ਸਹਿਯੋਗ ਨਾਲ ਆਯੋਜਿਤ ਹੋਇਆ ‘ਚੜ੍ਹਿਆ ਬਸੰਤ’ ਕਵੀ ਦਰਬਾਰ ਦਾ ਉਦਘਾਟਨ ਖਾਲਸਾ ਕਾਲਜ ਫਾਰ ਵਿਮਨ ਦੇ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਕੀਤਾ। ਇਸ ਤੋਂ ਬਾਅਦ ਪੰਜਾਬੀ ਤੇ ਪੰਜਾਬੀਆਂ ਦੀਆਂ ਉਪ ਬੋਲੀਆਂ ਦੇ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ, ਜਿਹਨਾਂ ਵਿੱਚ ਕੁਲਦੀਪ ਦੀਪ, ਗੁਰਜੰਟ ਸਿੰਘ, ਹਰਮੀਤ ਵਿਦਿਆਰਥੀ, ਸੁਆਮੀ ਅੰਤਰ ਨੀਰਵ,  ਸੁਰਿੰਦਰ ਸਿੰਘ, ਰਾਜੇਸ਼ ਮੋਹਨ, ਅਮਰਜੀਤ ਕੌਰ ਹਿਰਦੇ, ਅਨੂ ਬਾਲਾ, ਵਿਜੇ ਵਿਵੇਕ ਅਤੇ ਦਰਸ਼ਨ ਬੁੱਟਰ ਆਦਿ ਸ਼ਾਮਿਲ ਸਨ। ਕਵੀ ਦਰਬਾਰ ਉਸ ਵੇਲੇ ਆਪਣੇ ਸਿਖਰ ਤੇ ਪੁਜ ਗਿਆ ਜਦੋਂ ਸੁਰਿੰਦਰ ਸਿੰਘ ਨੇ ਤਰੁੰਨਮ ਵਿਚ ਆਪਣਾ ਗੀਤ ‘ਕਿਸੇ ਵਿੰਨ੍ਹ ਹੋਈ ਪੌਣ ਦੀ ਆਵਾਜ਼ ਨੇ’ ਗਾਇਆ ਅਤੇ ਸੁਆਮੀ ਅੰਤਰ ਨੀਰਵ ਦੀ ਪੰਜਾਬੀ ਦੇ ਨਾਲ-ਨਾਲ ਪਹਾੜੀ ਤੇ ਪੋਠੋਹਾਰੀ ਦੀ ਕਵਿਤਾ ਸੁਣ ਕੇ ਸ੍ਰੋਤਿਆਂ ਨੇ ਤਾੜੀਆਂ ਨਾਲ ਹਾਲ ਨੂੰ ਗੂੰਜਣ ਲਾ ਦਿੱਤਾ।

ਸੰਸਥਾ ਨਾਦ ਪ੍ਰਗਾਸੁ ਵੱਲੋਂ ਸਾਹਿਤ ਅਤੇ ਚਿੰਤਨ ਦੇ ਖੇਤਰ ਵਿੱਚ ਹਰ ਸਾਲ ਦਿਤਾ ਜਾਂਦਾ ‘ਨਾਦ ਪ੍ਰਗਾਸੁ ਸ਼ਬਦ ਸਨਮਾਨ’ ਇਸ ਵਰ੍ਹੇ ਪੰਜਾਬੀ ਸਾਹਿਤ ਚਿੰਤਕ ਅਤੇ ਮਸ਼ਹੂਰ ਆਲੋਚਕ ਅਮਰਜੀਤ ਸਿੰਘ ਗਰੇਵਾਲ ਨੂੰ ਪ੍ਰਦਾਨ ਕੀਤਾ ਗਿਆ। ਜਿਸ ਵਿੱਚ ਇੱਕੀ ਹਜ਼ਾਰ ਦੀ ਰਾਸ਼ੀ, ਸ਼ਾਅਲ, ਸਨਮਾਨ ਪੱਤਰ ਅਤੇ ਕਿਤਾਬਾਂ ਦੇ ਸੈਟ ਭੇਟ ਕੀਤੇ ਗਏ। ਉਹਨਾਂ ਨੇ ਇਸ ਸਨਮਾਨ ਨੂੰ ਆਪਣੇ ਲਈ ਖੁਸ਼ੀ ਅਤੇ ਮਾਣ ਵਾਲੀ ਗੱਲ ਦੱਸਦਿਆ ਕਿਹਾ ਕਿ ਸੰਸਥਾ ਸ਼ਬਦ ਪਰੰਪਰਾ ਸਾਂਭਣ ਦਾ ਕਾਰਜ ਕਰ ਰਹੀ ਹੈ।

ਅੱਜ ਦੇ ਦਿਨ ਵਿਦਿਆਰਥੀਆਂ ਨੇ ਉਤਸਵ ਵਿਚ ਆਯੋਜਤ ਵੱਖ ਪ੍ਰਦਰਸ਼ਨੀਆਂ ਦਾ ਵੀ ਖੂਬ ਆਨੰਦ ਮਾਣਿਆ। ਖ਼ਾਲਸਾ ਕਾਲਜ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ, ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਅਤੇ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਉਤਸਵ ਦੇ ਅੰਤ ਵਿੱਚ ਧੰਨਵਾਦੀ ਸ਼ਬਦ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਡਾ. ਸੁਖਵਿੰਦਰ ਸਿੰਘ ਵੱਲੋਂ ਪੇਸ਼ ਕੀਤੇ ਗਏ।

ਸਮੁੱਚੇ ਕਵੀ ਦਰਬਾਰ ਦਾ ਮੰਚ ਸੰਚਾਲਨ ਡਾ. ਰਣਧੀਰ ਕੌਰ ਅਤੇ ਹਰਕਮਲਪ੍ਰੀਤ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਜਵਾਹਰ ਲਾਲ ਨਹਿਰੁ ਯੂਨੀਵਰਸਿਟੀ ਨਵੀਂ ਦਿੱਲੀ, ਵਾਈਸਮਾਨ ਇੰਸਟੀਚਿਊਟ ਆਫ ਸਾਂਇੰਸ, ਰਖੋਵਤ, ਇਜ਼ਰਾਇਲ, ਦਿੱਲੀ ਯੂਨੀਵਰਸਿਟੀ ਨਵੀਂ ਦਿੱਲੀ, ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਨਵੀਂ ਦਿੱਲੀ, ਸੈਂਟਰਲ ਯੂਨੀਵਰਸਿਟੀ ਆਫ ਕਸ਼ਮੀਰ, ਜੰਮੂ ਯੂਨੀਵਰਸਿਟੀ ਜੰਮੂ, ਸਰਕਾਰੀ ਕਾਲਜ, ਬਿਸ਼ਨਾ, ਜੰਮੂ, ਆਈ.ਆਈ.ਟੀ. ਦਿੱਲੀ, ਭਾਈ ਵੀਰ ਸਿੰੰਘ ਵਿਦਿਆਲਾ, ਜਗਤ ਗੁਰੂ ਨਾਨਕ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ, ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ, ਖ਼ਾਲਸਾ ਕਾਲਜ, ਅੰਮ੍ਰਿਤਸਰ, ਸਰੂਪ ਰਾਣੀ ਸਰਕਾਰੀ ਕਾਲਜ, ਅੰਮ੍ਰਿਤਸਰ ਤੋਂ ਇਲਾਵਾ ਅਕਾਦਮਿਕ ਅਤੇ ਸਾਹਿਤ ਜਗਤ ਦੀਆਂ ਹੋਰ ਪ੍ਰਮੁੱਖ ਸਖਸ਼ੀਅਤਾਂ ਨੇ ਇਸ ਤਿੰਨ ਰੋਜ਼ਾ ਸਾਹਿਤ ਉਤਸਵ ਵਿਚ ਭਾਗ ਲਿਆ।

Translate »