February 19, 2022 admin

ਸਾਕਾ ਨੀਲਾ ਤਾਰਾ ਵਿੱਚ ਭਾਜਪਾ ਦੀ ਭੂਮਿਕਾ

ਭਾਜਪਾ ਨੇ ਸਾਕਾ ਨੀਲਾ ਤਾਰਾ ਦੀ ਹਮਾਇਤ ਕੀਤੀ ਸੀ: ਡਾ. ਗੁਮਟਾਲਾ

ਅੰਮ੍ਰਿਤਸਰ, 18 ਫਰਵਰੀ 2022:- ਜਦੋਂ ਵੀ ਚੋਣਾਂ ਹੁੰਦੀਆਂ ਹਨ ਤਾਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਉਪਰ ਹੱਲਾ ਬੋਲਦਿਆਂ ਸਿੱਧਾ ਦੋਸ਼ ਲਾਇਆ ਜਾਂਦਾ ਹੈ ਕਿ ਕਾਂਗਰਸ ਪਾਰਟੀ ਦੇ ਹੱਥ ਬੇਦੋਸ਼ਿਆਂ ਦੇ ਖੁਨ ਨਾਲ ਰੰਗੇ ਹੋਏ ਹਨ। ਅੱਜ ਕੱਲ੍ਹ ਪੰਜਾਬ ਵਿੱਚ ਚੋਣ ਪ੍ਰਚਾਰ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿੱਖਾਂ ਨੂੰ 1984 ਦਾ ਕਤਲੇਆਮ ਯਾਦ ਕਰਵਾਇਆ ਜਾਂਦਾ ਹੈ।

ਜਦੋਂ  ਕਿ ਅਸਲੀਅਤ ਇਹ ਹੈ ਕਿ ਮੋਦੀ ਦੇ ਆਪਣੇ ਹੱਥ 2002 ਵਿੱਚ ਹੋਏ ਗੋਦਰਾ ਕਾਂਡ ਮਗਰੋਂ ਹਜ਼ਾਰਾਂ ਮੁਸਲਮਾਨਾਂ ਦੇ ਕਤਲੇਆਮ ਨਾਲ ਰੰਗੇ ਹੋਏ ਹਨ। ਉਹ ਆਪਣੀ ਗੱਲ ਨਹੀਂ ਕਰਦੇ ਕਿ ਜਦ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਬਾਬਰੀ ਮਸਜਦ ਢਾਹੇ ਜਾਣ ਪਿੱਛੋਂ ਇਸ ਦੇ ਪ੍ਰਤੀਕਰਮ ਵਜੋਂ ਗੋਦਰਾ ਕਾਂਡ ਹੋਇਆ ਅਤੇ ਬਦਲਾ ਲਉ ਭਾਵਨਾ ਨਾਲ ਹਜ਼ਾਰਾਂ ਮੁਸਲਮਾਨਾਂ ਦਾ ਕਤਲ ਕੀਤਾ ਗਿਆ। ਜਿਵੇਂ ਸਿੱਖਾਂ ਨੂੰ 1984 ਵਿੱਚ ਹੋਏ ਕਤਲੇਆਮ ਦਾ ਇਨਸਾਫ਼ ਨਹੀਂ ਮਿਲਿਆ ਉਸੇ ਤਰ੍ਹਾਂ ਗੁਜਰਾਤ ਦੇ ਮੁਸਲਮਾਨਾਂ ਨੂੰ ਵੀ ਅਜੇ ਤੀਕ ਕੋਈ ਇਨਸਾਫ਼ ਨਹੀਂ ਮਿਲਿਆ।

            ਜਿੱਥੋਂ ਤੱਕ ਸਾਕਾ ਨੀਲਾ ਤਾਰਾ ਦਾ ਸੰਬੰਧ ਹੈ, ਇਸ ਦੇ ਵਾਪਰਣ ਵਿੱਚ ਭਾਜਪਾ ਵੀ ਬਰਾਬਰ ਦੀ ਭਾਗੀਦਾਰ ਸੀ। ਅਪ੍ਰੈਲ 2008 ਵਿੱਚ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਅੰਗ਼ਰੇਜੀ ਵਿਚ ਲਿਖੀ ਜੀਵਨੀ “ਮਾਈ ਲਾਇਫ, ਮਾਈ ਕੰਟਰੀ” ਵਿੱਚ ਸਾਫ ਲਿਖਿਆ ਹੈ ਕਿ, ਉਨ੍ਹਾਂ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਕਰਵਾਏ ਸਾਕਾ ਨੀਲਾ ਤਾਰਾ ਦੀ ਹਮਾਇਤ ਦਾ ਐਲਾਨ ਕੀਤਾ ਸੀ। ਉਨ੍ਹਾਂ ਇਹ ਵੀ ਲਿਖਿਆ ਕਿ ਇੱਥੇ ਹੀ ਬੱਸ ਨਹੀਂ, ਉਸ ਸਮੇਂ ਦੇ ਬਹੁਤ ਸਾਰੇ ਭਾਜਪਾ ਆਗੂ 1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਸ਼ਾਮਲ ਸਨ।

            ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਪੰਜਾਬੀ ਕਾਲਮਨਵੀਸ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਦੱਸਿਆ 11 ਫਰਵਰੀ 2014 ਨੂੰ ਡੇਲੀ ਮੇਲ ਆਨ ਲਾਇਨ ਅਖ਼ਬਾਰ ਵਿੱਚ ਛੱਪੀ ਖ਼ਬਰ ਵਿੱਚ ਅੱਗੇ ਕਿਹਾ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸ੍ਰੀ ਰਵੀਇੰਦਰ ਸਿੰਘ ਨੂੰ ਇਨ੍ਹਾਂ ਲੀਡਰਾਂ ਦਾ ਪਤਾ ਹੈ ਕਿਉਂਕਿ ਉਨ੍ਹਾਂ ਦੋਵਾਂ ਨੇ ਸਿੱਖ ਕਤਲੇਆਮ ਦੇ ਇਲਾਕਿਆਂ ਦਾ ਦੌਰਾ ਕੀਤਾ ਸੀ।

       ਉਨ੍ਹਾਂ ਦੀ ਇਹ ਵੀ ਮੰਗ ਹੈ ਕਿ ਇਸ ਅਪਰੇਸ਼ਨ ਨਾਲ ਜੁੜੇ ਸਾਰੇ ਕਾਗਜ਼ਾਤ ਜਨਤਕ ਕੀਤੇ ਜਾਣ ਤਾਂ ਜੋ ਦੋਸ਼ੀਆਂ ਬਾਰੇ ਲੁਕਾਈ ਨੂੰ ਪਤਾ ਲੱਗ ਸਕੇ। ਓਧਰ ਪੰਜਾਬ ਦੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ  ‘ਤੇ ਆਪਣਾ ਗੁੱਸਾ ਕੱਢਦਿਆਂ ਆਖਿਆ ਹੈ ਕਿ ਬਾਦਲ ਸਪੱਸ਼ਟ ਕਰਨ ਕਿ ਕੀ ਉਹ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਉਸ ਸਮੇਂ ਦੇ ਕੇਂਦਰੀ ਗ੍ਰਹਿ ਮੰਤਰੀ ਨੂੰ ਦਿੱਲੀ ਵਿੱਚ ਮਿਲੇ ਸਨ।

 8 ਅਪ੍ਰੈਲ 2008 ਦੀ ਹਿੰਦੁਸਤਾਨ ਟਾਇਮਜ਼ ਵਿੱਚ ਪ੍ਰਕਾਸ਼ਿਤ ਖ਼ਬਰ ਵਿੱਚ ਸ. ਸੁਖਦੇਵ ਸਿੰਘ ਢੀਂਡਸਾ ਦਾ ਬਿਆਨ ਆਇਆ ਸੀ ਜੋ ਕਿ ਉਸ ਸਮੇਂ ਐਨ ਡੀ ਏ ਵਿੱਚ ਸ਼ਾਮਿਲ ਸਨ, ਜਿਸ ਵਿੱਚ ਕਿਹਾ ਗਿਆ ਸੀ ਕਿ ਇਸ ਸਾਕੇ ਨੂੰ ਟਾਲਿਆ ਜਾ ਸਕਦਾ ਸੀ। ਉਨ੍ਹਾਂ ਅਨੁਸਾਰ ਸਿੱਖ ਇਤਿਹਾਸ ਵਿੱਚ 1984 ਵਿੱਚ ਸਿੱਖਾਂ ਨਾਲ ਜੋ ਬੇਇਨਸਾਫੀ ਹੋਈ ਹੈ ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਦਾ ਕਹਿਣਾ ਹੈ ਕਿ ਅਡਵਾਨੀ ਨੂੰ ਇਹ ਆਪਣੀ ਪੁਸਤਕ ਵਿੱਚ ਨਹੀਂ ਸੀ ਲਿਖਣਾ ਚਾਹੀਦਾ ਸੀ, ਇਹ ਗੱਲ ਸਾਨੂੰ ਪਸੰਦ ਨਹੀਂ।

ਇਸ ਤੋਂ ਸਾਡੇ ਲੀਡਰਾਂ ਦੀ ਸੌੜੀ ਸੋਚ ਦਾ ਪਤਾ ਲੱਗਦਾ ਹੈ ਕਿ ਉਹ ਵੋਟਾਂ ਦੀ ਰਾਜਨੀਤੀ ਦਾ ਸ਼ਿਕਾਰ ਹਨ ਤੇ  ਉਨ੍ਹਾਂ ਨੂੰ  ਲੋਕਾਂ ਦੀਆਂ ਸਮੱਸਿਆਵਾਂ ਦੀ ਕੋਈ ਚਿੰਤਾ ਨਹੀਂ। ਡਾ. ਗੁਮਟਾਲਾ ਨੇ ਅੱਗੇ ਦੱਸਿਆ ਕਿ ਇਗ਼ਲੈਂਡ ਵਿਚ 30 ਸਾਲ ਬਾਅਦ ਸਰਕਾਰ ਦੇ ਸਾਰੇ ਗੁਪਤ ਕਾਗਜ਼ਾਤ ਜਨਤਕ ਕੀਤੇ ਜਾਂਦੇ ਹਨ, ਪਰ ਭਾਰਤ ਵਿਚ ਅਜਿਹਾ ਕੋਈ ਕ਼ਾਨੂਨ ਨਹੀਂ, ‘ਤੇ ਇਹ ਮੁੱਦਾ ਕਿਸੇ ਵੀ ਪਾਰਟੀ ਦੇ ਚੋਣ ਏਜੰਡੇ ਵਿਚ ਨਹੀਂ। ਅਗਰ ਅਜਿਹਾ ਹੋ ਜਾਂਦਾ ਹੈ ਤਾਂ ਬਹੁਤ ਸਾਰੇ ਰਾਜ਼ ਖ਼ੁੱਲ ਸਕਦੇ ਹਨ।

Translate »