November 20, 2022 admin

ਲਾਹੌਰ ਵਿਖੇ ਤਿੰਨ ਰੋਜਾ ਪੰਜਵੀਂ ਅੰਤਰ-ਰਾਸ਼ਟਰੀ ਪੰਜਾਬੀ ਕਾਨਫਰੰਸ ਆਯੋਜਿਤ

ਡਾ.ਚਰਨਜੀਤ ਸਿੰਘ ਗੁਮਟਾਲਾ ਦੀ ਲਾਹੌਰ ਤੋਂ ਵਿਸ਼ੇਸ਼ ਰਿਪੋਰਟ

ਲਾਹੌਰ (ਪਾਕਿਸਤਾਨ) 14 ਨਵੰਬਰ 2022: ਲਾਹੌਰ ਕਾਲਜ ਫਾਰ ਵਿਮੇਨ ਯੂਨੀਵਰਸਿਟੀ ਦੇ ਇਕਰਾ ਆਡੀਟੋਰੀਅਮ ਵਿਚ ਤਿੰਨ ਰੋਜ਼ਾ ਪੰਜਵੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਆਯੋਜਿਤ ਹੋਈ। ਪਹਿਲੇ ਦਿਨ ਹੋਏ ਸਮਾਗਮ ਵਿਚ ਵੱਖ-ਵੱਖ ਮੁਲਕਾਂ ਤੋਂ ਡੈਲੀਗੇਟਾਂ ਨੇ ਹਿੱਸਾ ਲਿਆ। ਇਸ ਦੀ ਸਦਾਰਤ ਵਾਈਸ ਚਾਂਸਲਰ ਡਾ. ਬੁਸ਼ਰਾ ਮਿਰਜ਼ਾ ਨੇ ਕੀਤੀ। ਘੱਟਗਿਣਤੀਆਂ ਬਾਰੇ ਵਜ਼ੀਰ ਸ. ਰਮੇਸ਼ ਸਿੰਘ ਅਰੋੜਾ ਮੁਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਤੋਂ ਇਲਾਵਾ ਡਾ. ਰਾਹਤ ਅਜਮਲ (ਪ੍ਰਿੰਸੀਪਲ ਆਫ਼ ਲਾਅ) ਤੇ ਡਾ. ਮੁਹੰਮਦ ਅਫ਼ਜ਼ਲ (ਡੀਨ ਆਫ਼ ਫ਼ੈਕਲਟੀ) ਵੀ ਮੁਖ ਮਹਿਮਾਨਾਂ ਵਿਚ ਸ਼ਾਮਿਲ ਸਨ। ਵਾਈਸ ਚਾਂਸਲਰ ਡਾ. ਬੁਸ਼ਰਾ ਮਿਰਜ਼ਾ ਨੇ ਪੰਜਾਬੀ ਜ਼ਬਾਨ ਦੀਆਂ ਸਿਫ਼ਤਾਂ ਕਰਦੇ ਹੋਏ ਬਾਬਾ ਨਜ਼ਮੀ ਦਾ ਇਕ ਸ਼ੇਅਰ ਪੇਸ਼ ਕੀਤਾ:

ਮਸਜਿਦ ਮੇਰੀ ਤੂੰ ਕਿਉਂ ਢਾਹਵੇਂ, ਮੈਂ ਕਿਉਂ ਤੋੜਾਂ ਮੰਦਿਰ ਨੂੰ,
ਆ ਜਾ ਦੋਵੇਂ ਬਹਿ ਕੇ ਪੜ੍ਹੀਏ ਇਕ ਦੂਜੇ ਦੇ ਅੰਦਰ ਨੂੰ।

ਸ. ਰਮੇਸ਼ ਸਿੰਘ ਅਰੋੜਾ ਨੇ ਪਾਕਿਸਤਾਨ ਵਿਚ ਸਿੱਖਾਂ ਦੀ ਤਵਾਰੀਖ਼ ਬਾਰੇ ਵਿਚਾਰ ਪੇਸ਼ ਕੀਤੇ ਅਤੇ ਪਾਕਿਸਤਾਨ ਸਰਕਾਰ ਵਜੋਂ ਸਿੱਖਾਂ ਅਤੇ ਪੰਜਾਬੀ ਵਾਸਤੇ ਕੀਤੇ ਗੲੈ ਉਪਰਾਲਿਆਂ ਦੀ ਸ਼ਲਾਘਾ ਕੀਤੀ।  ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਗੁਰੂ ਨਾਨਕ ਸਾਹਿਬ ਦੀ ਵਿਸ਼ਵ ਨੂੰ ਦੇਣ ਸਬੰਧੀ ਜਾਣਕਾਰੀ ਭਰਪੂਰ ਪੇਪਰ ਪੇਸ਼ ਕੀਤਾ।

ਵਾਇਸ ਚਾਂਸਲਰ ਅਤੇ ਰਮੇਸ਼ ਸਿੰਘ ਅਰੋੜਾ ਡੈਲੀਗੇਟਾਂ ਨਾਲ 

ਅਮਰੀਕਾ ਤੋਂ ਉਚੇਚੇ ਤੌਰ ‘ਤੇ ਪੁੱਜੇ ਡਾ. ਚਰਨਜੀਤ ਸਿµਘ ਗੁਮਟਾਲਾ ਨੇ ਕਿੱਸਾ ਹੀਰ ਵਾਰਿਸ ਦੀਆਂ ਕਥਾਨਕ ਰੂੜੀਆਂ ਸਬੰਧੀ ਪੇਪਰ ਪੇਸ਼ ਕੀਤਾ। ਯੂ.ਕੇ. ਤੋਂ ਆਏ ਹੋਇ ਡਾ. ਗੁਰਦੀਪ ਸਿੰਘ ਨੇ ਸਿੱਖ-ਮੁਸਲਿਮ ਦੋਸਤੀ ਨੂੰ ਡਾ.ਮੁਹੰਮਦ ਇਕਬਾਲ ਦੀ ਸ਼ਾਇਰੀ ਰਾਹੀਂ ਪੇਪਰ ਪੇਸ਼ ਕੀਤਾ। ਸਮਾਗਮ ਵਿਚ ਕੈਨੇਡਾ ਤੋਂ ਸ. ਅਜਾਇਬ ਸਿੰਘ ਚੱਠਾ, ਸ. ਸਰਦੂਲ ਸਿੰਘ, ਸ.ਸੰਤੋਖ ਸਿੰਘ , ਸ. ਰਵਿੰਦਰ ਸਿੰਘ , ਭਾਰਤ ਤੋਂ ਮਸ਼ਹੂਰ ਜਰਨਲਿਸਟ ਤੇ ਵਿਦਵਾਨ ਸੁਕੀਰਤ, ਇੰਗਲੈਂਡ ਤੋਂ ਸ. ਤ੍ਰਬੇਦੀ ਸਿੰਘ ਅਤੇ ਸ. ਜੋਗਾ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

ਅਖ਼ੀਰ ਵਿਚ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਡਾ. ਬੁਸ਼ਰਾ ਮਿਰਜ਼ਾ ਨੇ ਸ. ਰਮੇਸ਼ ਸਿੰਘ ਅਰੋੜਾ, ਸਕਾਲਰਾਂ ਅਤੇ ਹੋਰ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਪਹਿਲੇ ਸੈਸ਼ਨ ਤੋਂ ਬਾਅਦ ਲਾਹੌਰ ਕਾਲਜ ਫਾਰ ਵੋਮਨ ਯੂਨੀਵਰਸਟੀ ਦੇ ਵੱਖ ਵੱਖ ਹਾਲਾਂ ਵਿਚ ਪੰਜਾਬ ਭਰ ਤੋਂ ਆਏ ਅਧਿਆਪਕਾਂ, ਖੋਜਕਾਰਾਂ ਤੇ ਵਿਦਵਾਨਾਂ ਨੇ ਆਪਣੇ ਖੋਜ ਪੇਪਰ ਵਿਦਿਆਰਥੀਆਂ ਅੱਗੇ ਪੇਸ਼ ਕੀਤੇ , ਜਿਨ੍ਹਾਂ ਵਿਚੋਂ ਇਸਲਾਮਾਬਾਦ ਤੋਂ ਡਾ. ਜਹੀਰ ,ਫ਼ੈਸਲਾਬਾਦ ਤੋਂ ਡਾ. ਫ਼ਿਆਜ਼, ਲਾਹੌਰ ਤੋਂ ਡਾ. ਅਰਸ਼ਦ ਇਕਬਾਲ ਅਰਸ਼ਦ, ਪ੍ਰੋ.ਡਾ. ਅਬਾਦ ਨਬੀਲ ਸ਼ਾਦ,ਬਹਾਵਲਪੁਰ ਤੋਂ ਸ਼ਹਿਜ਼ਾਦ ਜ਼ੋਈਆ ਨੇ ਵੀ ਰਲਤ ਕੀਤੀ।

ਦਿਆਲ ਸਿੰਘ ਰੀਸਰਚ ਫੋਰਮ ਵਿਚ ਸਟੇਜ ‘ਤੇ ਸੁਸ਼ੋਬਿਤ ਉਚੇਚੇ ਪ੍ਰਾਹੁਣੇ

ਦੂਸਰੇ ਦਿਨ ਦਿਆਲ ਸਿੰਘ ਰੀਸਰਚ ਐਂਡ ਕਲਚਰਲ ਫੋਰਮ ਵਿਖੇ ਕਾਨਫਰੰਸ ਅਯੋਜਿਤ ਕੀਤੀ ਗਈ, ਜਿਸ ਦੀ ਪ੍ਰਧਾਨਗੀ ਫੋਰਮ ਦੇ ਡਾਇਰੈਕਟਰ ਪ੍ਰੋਫ਼ੈਸਰ ਡਾ. ਰਜ਼ਾਕ ਸ਼ਾਇਦ ਨੇ ਕੀਤੀ ਜਦ ਕਿ ਪ੍ਰਧਾਨਗੀ ਮੰਡਲ ਵਿੱਚ ਪ੍ਰੋਫ਼ੈਸਰ ਡਾ. ਮੁਜਾਹਿਦਾ ਬੱਟ, ਡਾ. ਚਰਨਜੀਤ ਸਿੰਘ ਗੁਮਟਾਲਾ, ਡਾ. ਜੋਗਾ ਸਿੰਘ, ਡਾ. ਹਰਜਿੰਦਰ ਸਿੰਘ ਦਿਲਗੀਰ, ਅਜਾਇਬ ਸਿੰਘ ਚੱਠਾ, ਸਤਵੰਤ ਕੌਰ ਸ਼ਾਮਿਲ ਹਨ। ਪ੍ਰੋ. ਕਲਿਆਣ ਸਿੰਘ ਕਲਿਆਣ ਨੇ ਆਏ ਵਿਦਵਾਨਾਂ ਬਾਰੇ ਜਾਣਕਾਰੀ ਦਿੱਤੀ। ਇਸ ਵਿੱਚ ਡਾ. ਮੁਜਾਹਿਦਾ ਬੱਟ, ਡਾ. ਸ਼ਮੀਨਾ ਬਤੂਲ, ਡਾ. ਹਿਨਾ ਖ਼ਾਨ, ਡਾ. ਆਇਸ਼ਾ ਰਹਿਮਾਨ, ਸਤਵੰਤ ਕੌਰ ਤੇ ਅਨੀਲਾ ਸਰਵਰ ਨੇ ਪਰਚੇ ਪੜ੍ਹੇ। ਸਟੇਜ ‘ਤੇ ਸੁਸ਼ੋਭਿਤ ਵਿਦਵਾਨਾਂ ਨੇ ਵੀ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਸਾਰੇ ਮਹਿਮਾਨਾਂ ਨੂੰ ਦਿਆਲ ਸਿੰਘ ਫੋਰਮ ਵੱਲੋਂ ਪ੍ਰਕਾਸ਼ਿਤ ਕਿਤਾਬਾਂ ਦੇ ਸੈਟ ਭੇਟ ਕੀਤੇ ਗਏ। ਪ੍ਰੋ. ਡਾ. ਰਜ਼ਾਕ ਸ਼ਾਹਿਦ ਨੇ ‘ਜੀ ਆਇਆ’ ਕਿਹਾ ਤੇ ਡਾ. ਮੁਜਾਹਿਦਾ ਬੱਟ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਹਜ਼ੂਰੀ ਰਾਗੀ ਸ੍ਰੀ ਨਨਕਾਣਾ ਸਾਹਿਬ ਬੀਬੀ ਮਨਬੀਰ ਕੌਰ ਦਾ ਜਥਾ ਸ਼ਬਦ ਗਾਇਨ ਕਰਦਾ ਹੋਇਆ

ਤੀਜੇ ਦਿਨ ਲਾਹੌਰ ਕਾਲਜ ਫਾਰ ਵੂਮੈਨ ਯੂਨੀਵਰਸਿਟੀ ਤੋਂ ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਨਨਕਾਣਾ ਸਾਹਿਬ ਬੱਸਾਂ ਰਾਹੀਂ ਵਿਦਵਾਨਾਂ ਅਤੇ ਵਿਦਿਆਰਥਣਾਂ ਨੂੰ ਲਿਜਾ ਕੇ ਕਾਨਫਰੰਸ ਆਯੋਜਿਤ ਕੀਤੀ ਗਈ। ਨਨਕਾਣਾ ਸਾਹਿਬ ਦੀ ਕਾਨਫਰੰਸ ਦੀ ਵਿਸ਼ੇਸ਼ਤਾ ਇਹ ਰਹੀ ਕਿ ਚੜ੍ਹਦੇ ਪੰਜਾਬ ਤੋਂ 8 ਵਿਦਵਾਨ ਸ਼ਾਮਿਲ ਹੋਏ। ਸਮਾਗਮ ਦੇ ਮੁੱਖ ਮਹਿਮਾਨ ਰਮੇਸ਼ ਸਿੰਘ ਅਰੋੜਾ ਮੈਂਬਰ ਪੰਜਾਬ ਅਸੈਂਬਲੀ ਸਨ। ਅਰੋੜਾ ਜੀ ਦੇ ਨਾਲ ਹਾਇਰ ਐਜ਼ੂਕੇਸ਼ਨ ਕਮਿਸ਼ਨ ਪੰਜਾਬ ਦੇ ਚੇਅਰਮੈਨ ਪ੍ਰੋ. ਡਾ. ਸ਼ਾਹਿਦ ਮੁਨੀਰ ਵੀ ਉਚੇਚੇ ਪ੍ਰਾਹੁਣੇ ਸਨ।

ਕਾਨਫਰੰਸ ਦੇ ਸ਼ੁਰੂ ਵਿੱਚ ਹਜ਼ੂਰੀ ਰਾਗੀ ਸ੍ਰੀ ਨਨਕਾਣਾ ਸਾਹਿਬ ਬੀਬੀ ਮਨਬੀਰ ਕੌਰ ਦੇ ਜੱਥੇ ਨੇ ਸ਼ਬਦ ਗਾਇਨ ਕੀਤਾ। ਸੁਆਗਤੀ ਸ਼ਬਦ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਦਇਆ ਸਿੰਘ, ਲਾਹੌਰ ਕਾਲਜ ਫਾਰ ਵੂਮੈਨ ਯੂਨੀਵਰਸਿਟੀ ਵੱਲੋ ਡਾ. ਮੁਜਾਹਿਦਾ ਬੱਟ ਅਤੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. ਡਾ. ਮੁਹੰਮਦ ਅਫ਼ਜ਼ਲ ਨੇ ਅਦਾ ਕੀਤੇ।

ਭਾਰਤ ਤੋਂ ਪ੍ਰੋ. ਡਾ. ਗੁਰਪਾਲ ਸਿੰਘ ਤੇ ਡਾ. ਧਨਵੰਤ ਕੌਰ, ਇੰਗਲੈਂਡ ਤੋਂ ਤਰਬੇਦੀ ਸਿੰਘ, ਕੈਨੇਡਾ ਤੋਂ ਅਜਾਇਬ ਸਿੰਘ ਚੱਠਾ, ਅਮਰੀਕਾ ਤੋਂ ਡਾ. ਚਰਨਜੀਤ ਸਿੰਘ ਗੁਮਟਾਲਾ, ਯੂਨੀਵਰਸਿਟੀ ਆਫ਼ ਜੰਗ ਦੇ ਵਾਇਸ ਚਾਂਸਲਰ ਮਹਾਨ ਪੰਜਾਬੀ ਵਿਦਵਾਨ ਪ੍ਰੋ. ਡਾ. ਨਬੀਲਾ ਰਹਿਮਾਨ, ਪੰਜਾਬ ਹਾਇਰ ਐਜ਼ੂਕੇਸ਼ਨ ਕਮਿਸ਼ਨ ਦੇ ਚੇਅਰਮੈਨ ਪੋ੍ਰ. ਡਾ. ਸ਼ਾਹਿਦ ਮੁਨੀਰ ਮੈਂਬਰ ਪੰਜਾਬ ਅਸੈਂਬਲੀ ਰਮੇਸ਼ ਸਿੰਘ ਅਰੋੜਾ ਨੇ ਸੰਗਤਾਂ ਤੇ ਵਿਦਿਆਰਥਣਾਂ ਨਾਲ ਆਪੋ ਆਪਣੇ ਵਿਚਾਰ ਸਾਂਝੇ ਕੀਤੇ। ਅਖ਼ੀਰ ਵਿੱਚ ਪ੍ਰੋਫ਼ੈਸਰ ਡਾ. ਮੁਜਾਹਿਦਾ ਬੱਟ ਤੇ ਕਾਨਫਰੰਸ ਦੇ ਮੇਜ਼ਬਾਨ ਵਾਇਸ ਚਾਂਸਲਰ ਗੁਰੂ ਨਾਨਕ ਯੂਨੀਵਰਸਿਟੀ ਨਨਕਾਣਾ ਸਾਹਿਬ ਨੇ ਆਏ ਪ੍ਰਾਹੁਣਿਆਂ ਦਾ ਧੰਨਵਾਦ ਕੀਤਾ। ਸਾਰੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਤੇ ਸਿਰੋਪਾਉ ਦੇ ਕੇ ਸਨਮਾਨਿਆ ਗਿਆ। ਸਟੇਜ ਸੈਕਟਰੀ ਦੀ ਸੇਵਾ ਡਾ. ਕਲਿਆਣ ਸਿੰਘ ਕਲਿਆਣ ਨੇ ਬਖ਼ੂਬੀ ਨਿਭਾਈ।

ਨਨਕਾਣਾ ਸਾਹਿਬ ਦੇ ਗੁਰੂਘਰ ਵਿਚ ਵਾਇਸ ਚਾਂਸਲਰ ਗੁਰੁ ਨਾਨਕ ਯੂਨੀਵਟਸਿਟੀ ਅਤੇ ਗੁਰੂਘਰ ਦੇ ਗ੍ਰੰਥੀ ਸਿੰਘ
ਡਾ. ਚਰਨਜੀਤ ਸਿੰਘ ਗੁਮਟਾਲਾ ਨੂੰ ਸਿਰੋਪਾਉ ਤੇ ਯਾਦਗਾਰੀ ਚਿੰਨ ਨਾਲ ਸਨਮਨਿਤ ਕਰਦੇ ਹੋਏ

ਲੰਗਰ ਤੋਂ ਬਾਅਦ ਸਮੂਹ ਪ੍ਰਾਹੁਣਿਆਂ ਨੂੰ ਨਵੀਂ ਉਸਾਰੀ ਗੁਰੂ ਨਾਨਕ ਯੂਨੀਵਰਸਿਟੀ ਨਨਕਾਣਾ ਸਾਹਿਬ ਵਿਖੇ ਲੈ ਜਾਇਆ ਗਿਆ। ਡਾ. ਮੁਹੰਮਦ ਅਫਜ਼ਲ ਵਾਇਸ ਚਾਂਸਲਰ ਨੇ ਪ੍ਰਾਹੁਣਿਆਂ ਨਾਲ ਯੂਨੀਵਰਸਿਟੀ ਦੀ ਲੇ-ਆਊਟ ਪਲਾਨ ਬਾਰੇ ਵਿਚਾਰ ਵਿਟਾਦਰਾਂ ਕੀਤਾ ਅਤੇ ਚਾਹ ਪਾਰਟੀ ਤੋਂ ਬਾਅਦ ਪ੍ਰਾਹੁਣੇ ਲਾਹੌਰ ਵਾਪਿਸ ਆ ਗਏ।

ਇਸ ਕਾਨਫਰੰਸ ਦਾ ਸਿਹਰਾ ਪੰਜਾਬੀ ਮਹਿਕਮੇ ਦੀ ਮੁਖੀ ਡਾ. ਮੁਜਾਹਿਦਾ ਬੱਟ, ਡਾ. ਆਇਸ਼ਾ ਅਤੇ ਡਾ. ਕਲਿਆਣ ਸਿੰਘ ਦੇ ਸਿਰ ਹੈ ਜਿਨ੍ਹਾਂ ਨੇ ਕਈ ਹਫ਼ਤਿਆਂ ਦੀ ਅਣਥਕ ਮਿਹਨਤ ਮਗਰੋਂ ਇਸ ਕਾਨਫਰੰਸ ਨੂੰ ਕਾਮਯਾਬ ਕੀਤਾ। ਇਸ ਕਾਨਫਰੰਸ ਵਿਚ ਸੈਂਕੜੇ ਸਕਾਲਰਾਂ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ, ਸਾਰਾ ਆਡੀਟੋਰੀਅਮ ਖਚਾ-ਖਚ ਭਰਿਆ ਹੋਇਆ ਸੀ।

Translate »