ਅੰਮ੍ਰਿਤਸਰ 28 ਨਵੰਬਰ 2022 :- ਅੰਮ੍ਰਿਤਸਰ ਵਿਕਾਸ ਮੰਚ ਨੇ ਚੰਡੀਗੜ੍ਹ ਵਾਂਗ ਪ੍ਰੈਸ਼ਰ ਹਾਰਨ ਸਖ਼ਤੀ ਨਾਲ ਬੰਦ ਕਰਾਉਣ ਦੀ ਮੰਗ ਕੀਤੀ ਹੈ। ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਤੇ ਪ੍ਰਧਾਨ ਹਰਦੀਪ ਸਿੰਘ ਚਾਹਲ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ, ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿਜਰ ਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ. ਹਰਪ੍ਰੀਤ ਸਿੰਘ ਸੂਦਨ, ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਗੁਰੂ ਕੀ ਨਗਰੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਦੇਸ਼ ਤੇ ਵਿਦੇਸ਼ਾਂ ਤੋਂ ਯਾਤਰੂ ਆਉਂਦੇ ਹਨ ਪਰ ਸਰਕਾਰੀ ਤੇ ਪ੍ਰਾਈਵੇਟ ਬੱਸਾਂ, ਸਕੂਲੀ ਬੱਸਾਂ, ਟਰੱਕਾਂ ਤੇ ਇੱਥੋਂ ਤੀਕ ਕਾਰਾਂ ਤੇ ਮੋਟਰ ਸਾਈਕਲ ਤੇ ਸਕੂਟਰਾਂ ਨੇ ਏਨੇ ਜ਼ੋਰਦਾਰ ਪ੍ਰੈਸ਼ਰ ਹਾਰਨ ਲਾਏ ਹੋਏ ਹਨ ਕਿ ਬੱਚਿਆਂ ਦੇ ਕੰਨ ਪਾੜ ਸਕਦੇ ਹਨ। ਮੋਟਰ ਸਾਈਕਲ ਸਵਾਰ ਜ਼ਬਰਦਸਤ ਪਟਾਕੇ ਅਜੀਤ ਨਗਰ ਤੇ ਹੋਰਨਾਂ ਆਬਾਦੀਆਂ ਵਿੱਚ ਪਾਉਂਦੇ ਵੇਖੇ ਜਾ ਸਕਦ ੇ ਹਨ।
ਹੈਰਾਨੀ ਵਾਲੀ ਗੱਲ ਹੈ ਕਿ ਨਾ ਤਾਂ ਅਕਾਲੀ ਭਾਜਪਾ ਸਰਕਾਰ ਤੇ ਨਾ ਹੀ ਕਾਂਗਰਸ ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਤੇ ਅਫ਼ਸਰਾਂ ਨੂੰ ਇਹ ਕੰਨ ਪਾੜਵੇ ਪ੍ਰੈਸ਼ਰ ਹਾਰਨ ਸੁਣਦੇ ਸਨ ਤੇ ਨਾ ਹੀ ਮੌਜੂਦਾ ਆਮ ਪਾਰਟੀ ਜੋ ਕਿ ਵਾਅਦਾ ਕਰਕੇ ਆਈ ਸੀ ਕਿ ਅਸੀਂ ਪ੍ਰਬੰਧਕੀ ਢਾਂਚੇ ਵਿੱਚ ਤਬਦੀਲੀ ਕਰਾਂਗੇ, ਨਾ ਇਨ੍ਹਾਂ ਨੂੰ ਸੁਣਦੇ ਹਨ। ਸਕੂਲੀ ਬੱਸਾਂ ਵਾਲੇ ਘਰ ਘਰ ਜਾਣ ਦੀ ਥਾਂ ‘ਤੇ ਦੂਰ ਜੋਰ ਜੋਰ ਦੀ ਪ੍ਰੈਸ਼ਰ ਹਾਰਨ ਮਾਰੀ ਜਾਂਦੇ ਹਨ।ਡੀ ਏ ਵੀ ਪਬਲਿਕ ਸਕੂਲ ਦੀ ਬੱਸ ਜੋ ਕਿ ਮੇਰੇ ਘਰ ਦੇ ਲਾਗੇ ਅਜੀਤ ਨਗਰ ਵਿੱਚ ਆਉਂਦੀ ਹੈ, ਵਿਚ ਜਬਰਦਸਤ ਹਾਰਨ ਹੈ ਕਿ ਕੰਨ ਪਾਟ ਸਕਦ ੇ ਹਨ। ਇਸ ਲਈ ਸਕੂਲੀ ਬੱਸਾਂ ਨੂੰ ਹਦਾਇਤ ਕੀਤੀ ਜਾਵੇ ਕਿ ਹਾਰਨ ਮਾਰਨ ਦੀ ਥਾਂ ‘ਤੇ ਬੱਚਿਆਂ ਦੇ ਘਰਾਂ
ਦੀਆਂ ਘੰਟੀਆਂ ਖੜਕਾਇਆ ਕਰਨ ।
ਆਵਾਜ਼ ਪ੍ਰਦੂਸ਼ਣ ਵਿਰੱੁਧ ਸਾਰਾ ਸੰਸਾਰ ਜੂਝ ਰਿਹਾ ਹੈ ਪਰ ਪੰਜਾਬ ਦੀਆਂ ਪਹਿਲੀਆਂ ਸਰਕਾਰਾਂ ਵੀ ਸੁੱਤੀਆਂ ਹੋਈਆਂ ਹਨ ਤੇ ਹੁਣ ਦੀ ਸਰਕਾਰ ਵੀ ਸੁੱਤੀ ਹੋਈ ਹੈ। ਟਰੈਫਿਕ ਨਾਲ ਜੁੜੇ ਸਰਕਾਰੀ ਕਰਮਚਾਰੀ ਤਨਖਾਹ ਤਾਂ ਪੂਰੀਆਂ ਲੈਂਦੇ ਹਨ ਪਰ ਬਣਦੀ ਪੂਰੀ ਡਿਊਟੀ ਨਹੀਂ ਕਰਦੇ। ਵਿਦੇਸ਼ਾਂ ਵਿੱਚ ਹਾਰਨ ਮਾਰਨਾ ਗਾਲ ਗਿਣੀ ਜਾਂਦੀ ਹੈ।ਸਾਡੇ ਸ਼ੌਂਕ ਨਾਲ ਹੀ ਬੇਲੋੜੇ ਹਾਰਨ ਮਾਰੀ ਜਾਂਦੇ ਹਨ।
ਇਹ ਪ੍ਰੈਸ਼ਰ ਹਾਰਨ ਰਾਤ ਨੂੰ ਸੌਣ ਨਹੀਂ ਦੇਂਦੇ। ਰਿਹਾਇਸ਼ੀ ਆਬਾਦੀਆਂ ਤੇ ਹਸਪਤਾਲਾਂ ਨੇੜੇ ਹਾਰਨ ਮਾਰਨ ਦੀ ਮਨਾਹੀ ਹੈ,ਪਰ ਇਸ ’ਤੇ ਕੋਈ ਅਮਲ ਨਹੀਂ ਕਰਦਾ।
ਮੰਚ ਵੱਲੋਂ 16 ਦਸੰਬਰ 2018 ਨੂੰ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤੇ 4 ਮਈ 2022 ਨੂੰ ਮੌਜੂਦਾ ਮੁੱਖ ਮੰਤਰੀ, ਟਰਾਂਸਪੋਰਟ ਮੰਤਰੀ ਤੇ ਡਿਪਟੀ ਕਮਿਸ਼ਨਰ ਨੂੰ ਇਸ ਮਸਲੇ ਸਬੰਧੀ ਨੂੰ ਪੱਤਰ ਲਿਖਿਆ ਸੀ ਜਿਸਦਾ ਅਜੇ ਤੀਕ ਕੋਈ ਜੁਆਬ ਨਹੀਂ ਆਇਆ ਅਤ ਨਾ ਹੀ ਇਨ੍ਹਾਂ ਸਾਡੇ ਪੱਤਰ ‘ਤੇ ਕੋਈ ਕਾਰਵਾਈ ਕੀਤੀ ਹੈ। ਮੰਚ ਆਗੂਆਂ ਨੇ ਹੱਥ ਜੋੜ ਕੇ ਪੰਜਾਬ ਦੇ ਸਿਆਸਤਦਾਨਾਂ ਤੇ ਸਿਵਲ ਤੇ ਪੁਲਿਸ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਜਨਤਾ ‘ਤੇ ਰਹਿਮ ਕਰ, ਬਣਦੀ ਡਿਊਟੀ ਨਿਭਾਉ ਜਿਵੇਂ ਚੰਡੀਗੜ੍ਹ ਦੇ ਅਧਿਕਾਰੀ ਨਿਭਾਅ ਰਹੇ ਹਨ। ਜੇ ਚੰਡੀਗੜ ਵਿਚ ਪ੍ਰੈਸ਼ਰ ਹਾਰਨ ਬੰਦ ਹੋ ਸਕਦੇ ਤਾਂ ਪੰਜਾਬ ਵਿਚ ਕਿਉਂ ਨਹੀਂ ? ਲੋੜ ਇਛਾ ਸ਼ਕਤੀ ਦੀ ਹੈ । ਆਸ ਕਰਦੇ ਹਨ ਮੌਜੂਦਾ ਵਿਧਾਇਕ ਜੋ ਕਿ ਬਹੁਤ ਸੂਝਵਾਨ ਹਨ ਸਾਡੀਆਂ ਬੇਨਤੀਆਂ ਨੂੰ ਜਰੂਰ ਪ੍ਰਵਾਨ ਕਰਨਗੇ ਤੇ ਇਨ੍ਹਾਂ ਨੂੰ ਰੋਕਣ ਲਈ ਸੜਕਾਂ ‘ਤੇ ਆਉਣਗੇ।